30 ਨਾਟੋ ਦੇਸ਼ਾਂ ਨੇ ਆਪਣਾ ਝੰਡਾ ਅੱਧਾ ਝੁਕਾਇਆ
ਕਾਬੁਲ– ਲੰਘੇ ਦਿਨ ਕਾਬੁਲ ਦੇ ਹਵਾਈ ਅੱਡੇ ਦੇ ਕੋਲ ਦੋ ਬੰਬ ਬਲਾਸਟ ਹੋਏ, 100 ਤੋਂ ਵਧ ਜਾਨਾਂ ਚਲੀਆਂ ਗਈਆਂ, ਜਿਹਨਾਂ ਚ ਕਈ ਅਮਰੀਕੀ ਫੌਜੀ ਵੀ ਸਨ। ਅਮਰੀਕਾ ਨੇ ਉਦੋਂ ਹੀ ਲਲਕਾਰਿਆ ਸੀ ਕਿ ਉਹ ਚੁੱਪ ਨਹੀਂ ਬੈਠੇਗਾ, ਤੇ ਚੁਣ ਚੁਣ ਤੇ ਮਾਰੇਗਾ। ਅਮਰੀਕਾ ਨੇ ਕਾਬੁਲ ਏਅਰਪੋਰਟ ਹਮਲੇ ਦਾ ਬਦਲਾ ਲੈਣਾ ਸ਼ੁਰੂ ਕਰ ਦਿੱਤਾ ਹੈ। ਪੈਂਟਾਗਨ ਤੋਂ ਮਿਲੀ ਜਾਣਕਾਰੀ ਮੁਤਾਬਕ ਅਮਰੀਕੀ ਫ਼ੌਜ ਨੇ ਇਸਲਾਮਕ ਸਟੇਟ ਖੁਰਾਸਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਫ਼ਗਾਨਿਸਤਾਨ ‘ਚ ਏਅਰ ਸਟ੍ਰਾਈਕ ਕੀਤੀ ਹੈ। ਡ੍ਰੋਨ ਨਾਲ ਕੀਤੀ ਬੰਬਾਰੀ ‘ਚ ਕਈ ਅੱਤਵਾਦੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ। ਅਮਰੀਕੀ ਫ਼ੌਜ ਦੇ ਹਵਾਲੇ ਤੋਂ ਜਾਰੀ ਮੀਡੀਆ ਰਿਪੋਰਟਸ ‘ਚ ਦਾਅਵਾ ਕੀਤਾ ਗਿਆ ਹੈ ਕਿ ਇਸ ਹਮਲੇ ‘ਚ ਕਾਬੁਲ ਹਮਲੇ ਦਾ ਮਾਸਟਰ ਮਾਈਂਡ ਮਾਰ ਮੁਕਾਇਆ ਗਿਆ ਹੈ। ਇਹ ਹਮਲਾ ਨੰਗਰਹਾਲ ਸੂਬੇ ‘ਚ ਕੀਤਾ ਗਿਆ। ਇਹ ਇਲਾਕਾ ਇਸਲਾਮਕ ਸਟੇਟ ਦਾ ਗੜ੍ਹ ਮੰਨਿਆ ਜਾਂਦਾ ਹੈ। ਇੱਥੇ ਹੀ ਅਮਰੀਕਾ ਨੇ 2017 ‘ਚ ਮਦਰ ਆਫ ਆਲ ਬੰਬ ਦਾ ਪ੍ਰੀਖਣ ਕੀਤਾ ਸੀ ਤੇ ਉਦੋਂ ਆਈਐੱਸ ਦੇ ਵੱਡੇ ਕਮਾਂਡਰ ਹਾਫਿਜ਼ ਸਈਦ ਖਾਨ ਨੂੰ ਮਾਰਨ ਦਾ ਦਾਅਵਾ ਕੀਤਾ ਸੀ। ਇਸੇ ਦੌਰਾਨ ਇਕ ਹੋਰ ਘਟਨਾਕ੍ਰਮ ਤਹਿਤ ਅਮਰੀਕੀ ਫ਼ੌਜ ਨੇ ਕਾਬੁਲ ਏਅਰਪੋਰਟ ਦੇ ਬਾਹਰ ਇਕੱਤਰ ਲੋਕਾਂ ਨੂੰ ਜਗ੍ਹਾ ਖਾਲੀ ਕਰਨ ਲਈ ਕਿਹਾ ਹੈ। ਅਮਰੀਕਾ ਨੂੰ ਖਦਸ਼ਾ ਹੈ ਕਿ ਇੱਥੇ ਹਾਲੇ ਹੋਰ ਹਮਲੇ ਹੋ ਸਕਦੇ ਹਨ। ਅਮਰੀਕੀ ਫ਼ੌਜ ਦੀ ਤਾਜ਼ਾ ਕਾਰਵਾਈ ਤੋਂ ਬਾਅਦ ਅੱਤਵਾਦੀ ਬਦਲੇ ਦੀ ਕਾਰਵਾਈ ਲਈ ਵੀ ਹਮਲੇ ਕਰ ਸਕਦੇ ਹਨ, ਇਸ ਦੇ ਮਦੇਨਜ਼ਰ ਕਦਮ ਚੁੱਕੇ ਜਾ ਰਹੇ ਹਨ।
ਇਸ ਤੋਂ ਇਲਾਵਾ ਅੱਤਵਾਦੀ ਹਮਲੇ ਵਿਚ ਮਾਰੇ ਗਏ ਅਮਰੀਕੀ ਫ਼ੌਜੀਆਂ ਦੇ ਸਨਮਾਨ ਵਿਚ 30 ਨਾਟੋ ਦੇਸ਼ਾਂ ਨੇ ਆਪਣਾ ਝੰਡਾ ਅੱਧਾ ਝੁਕਾ ਦਿੱਤਾ। ਨਾਟੋ ਜਨਰਲ ਸਕੱਤਰ ਜੇਨਸ ਸਟੋਲਟੇਨਬਰਗ ਨੇ ਕਿਹਾ ਕਿ ਦੂਸਰਿਆਂ ਦੀ ਰੱਖਿਆ ਕਰਨ ਵਿਚ ਜਾਨ ਗਵਾਉਣ ਵਾਲੇ ਯੂ. ਐੱਸ. ਫ਼ੌਜੀਆਂ ਦਾ ਅਸੀਂ ਸਨਮਾਨ ਕਰਦੇ ਹਾਂ।
Comment here