ਨਿਊਯਾਰਕ-ਕੈਨੇਡਾ ਤੋਂ ਸੰਯੁਕਤ ਰਾਜ ਅਮਰੀਕਾ ਵਿਚ ਭਾਰਤੀਆਂ ਨੂੰ ਨਾਜਾਇਜ਼ ਤਰੀਕੇ ਨਾਲ ਅਮਰੀਕਾ ਪਹੁੰਚਾਉਣ ਅਤੇ ਮਨੁੱਖੀ ਸਮੱਗਲਿੰਗ ਨੂੰ ਲੈਕੇ ਅਮਰੀਕਾ ਦੀ ਇਕ ਅਦਾਲਤ ਵਿਚ 40 ਸਾਲਾ ਪੰਜਾਬੀ ਮੂਲ ਦੇ ਸਿਮਰਨਜੀਤ ਸਿੰਘ ਨੂੰ ਦਾ ਦੋਸ਼ੀ ਠਹਿਰਾਇਆ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਨੂੰ ਮਾਰਚ 2020 ਤੋਂ ਮਾਰਚ 2021 ਦਰਮਿਆਨ ਭਾਰਤੀ ਨਾਗਰਿਕਾਂ ਦੀ ਸਮੱਗਲਿੰਗ ਦਾ ਦੋਸ਼ੀ ਪਾਇਆ ਗਿਆ ਹੈ। ਸਿੰਘ ਨੇ ਵੀ ਆਪਣਾ ਦੋਸ਼ ਸਵੀਕਾਰ ਕਰ ਲਿਆ ਹੈ ਅਤੇ ਸਜ਼ਾ 28 ਦਸੰਬਰ ਨੂੰ ਸੁਣਾਈ ਜਾਵੇਗੀ।
ਸੰਯੁਕਤ ਰਾਜ ਅਮਰੀਕਾ ਦੇ ਉੱਤਰੀ ਜ਼ਿਲ੍ਹੇ ਨਿਊਯਾਰਕ ਅਟਾਰਨੀ ਦਫ਼ਤਰ ਨੇ ਮੀਡੀਆ ਨੂੰ ਦਿੱਤੇ ਇਕ ਬਿਆਨ ਵਿਚ ਕਿਹਾ ਹੈ ਕਿ ਸਿਮਰਨਜੀਤ ਸਿੰਘ ਨੂੰ 28 ਜੂਨ 2022 ਨੂੰ ਓਂਟਾਰੀਓ ਵਿਚ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਉਸ ਦੀ 30 ਮਾਰਚ 2023 ਨੂੰ ਕੈਨੇਡਾ ਤੋਂ ਅਮਰੀਕਾ ਵਿਚ ਹਵਾਲਗੀ ਕੀਤੀ ਗਈ ਸੀ। ਸਿਮਰਨਜੀਤ ਸਿੰਘ ਨੇ ਆਪਣਾ ਦੋਸ਼ ਸਵੀਕਾਰ ਕਰਦੇ ਹੋਏ ਦੱਸਿਆ ਕਿ ਉਸ ਨੇ ਮਾਰਚ 2020 ਤੋਂ ਮਾਰਚ 2021 ਤੱਕ ਲਾਭ ਕਮਾਉਣ ਲਈ ਕੈਨੇਡਾ ਤੋਂ ਕਾਰਨੀਵਾਲ ਦੀਪ ਅਤੇ ਸੇਂਟ ਲਾਰੈਂਸ ਨਦੀ ਖੇਤਰ ਤੋਂ ਸੰਯੁਕਤ ਰਾਜ ਅਮਰੀਕਾ ਵਿਚ ਕਈ ਭਾਰਤੀ ਨਾਗਰਿਕਾਂ ਦੀ ਸਮੱਗਲਿੰਗ ਕੀਤੀ।
ਬਿਆਨ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਜ਼ਰੂਰੀ ਤੌਰ ’ਤੇ 5 ਤੋਂ 15 ਸਾਲ ਤੱਕ ਦੀ ਜੇਲ੍ਹ ਅਤੇ 250,000 ਅਮਰੀਕੀ ਡਾਲਰ ਭਾਵ 2 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਬਾਅਦ ਉਸ ਨੂੰ 3 ਸਾਲ ਤੱਕ ਦੀ ਨਿਗਰਾਨੀ ਹੇਠ ਰਿਹਾਈ ਦੀ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਅਦਾਲਤੀ ਦਸਤਾਵੇਜ਼ ਮੁਤਾਬਕ ਸਿੰਘ ਨੇ ਕਥਿਤ ਤੌਰ ‘ਤੇ ਇੱਕ ਦਲਾਲ ਦੇ ਤੌਰ ‘ਤੇ ਕੰਮ ਕੀਤਾ, ਜੋ ਮੁੱਖ ਤੌਰ ‘ਤੇ ਭਾਰਤੀ ਨਾਗਰਿਕਾਂ ਨੂੰ ਯੂ.ਐੱਸ. ਵਿੱਚ ਪਹੁੰਚਾਉਣ ਲਈ ਪ੍ਰਤੀ ਵਿਅਕਤੀ ਕੋਲੋਂ 5,000 ਡਾਲਰ ਤੋਂ 35,000 ਡਾਲਰ ਵਸੂਲਦਾ ਸੀ। ਸਜ਼ਾ ਪੂਰੀ ਹੋਣ ਤੋਂ ਬਾਅਦ ਸਿੰਘ ਨੂੰ ਅਮਰੀਕਾ ਤੋਂ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ।
ਅਮਰੀਕਾ ਪਹੁੰਚਾਉਣ ਵਾਲੇ ਪੰਜਾਬੀ ਨੂੰ ਹੋ ਸਕਦੀ 15 ਸਾਲ ਦੀ ਕੈਦ


Comment here