ਇਸਲਾਮਾਬਾਦ-ਬੀਤੇ ਦਿਨੀਂ ਇਮਰਾਨ ਖਾਨ ਨੇ ਇਕ ਅਮਰੀਕੀ ਚੈਨਲ ਨਾਲ ਗੱਲ ਕਰਦੇ ਹੋਏ ਗਿਲਾ ਕੀਤਾ ਕਿ ਰਾਸ਼ਟਰਪਤੀ ਬਾਈਡੇਨ ਉਨ੍ਹਾਂ ਦਾ ਫੋਨ ਨਹੀਂ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਵੱਡੇ ਆਦਮੀ ਹਨ, ਹੋ ਸਕਦਾ ਹੈ ਉਨ੍ਹਾਂ ਦੇ ਕੋਲ ਸਮਾਂ ਨਾ ਹੋਵੇ ਪਰ ਅਜਿਹੀ ਬੇਰੁਖੀ ਪਹਿਲਾਂ ਕਦੇ ਨਹੀਂ ਵੇਖੀ। ਇਸ ਦੇ ਨਾਲ ਹੀ ਇਮਰਾਨ ਨੇ ਆਪਣੇ ਮਨ ਦੀ ਭੜਾਸ ਕੱਢਦੇ ਹੋਏ ਕਿਹਾ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਅਫ਼ਗਾਨਿਸਤਾਨ ਲਈ ਕਿਰਾਏ ਦੀ ਬੰਦੂਕ ਵਾਂਗ ਇਸਤੇਮਾਲ ਕੀਤਾ। ਅਫ਼ਗਾਨਿਸਤਾਨ ਦੇ ਹਾਲਾਤ ਦਾ ਸਭ ਤੋਂ ਜ਼ਿਆਦਾ ਨੁਕਸਾਨ ਪਾਕਿਸਤਾਨ ਨੂੰ ਹੋਇਆ ਹੈ। ਪਾਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਅਸੀਂ ਅਮਰੀਕਾ ਨੂੰ ਅਫ਼ਗਾਨਿਸਤਾਨ ਲੜਾਈ ਜਿਤਾ ਦੇਈਏ, ਜੋ ਨਹੀਂ ਹੋ ਸਕਿਆ। ਅਸੀਂ ਵਾਰ-ਵਾਰ ਅਮਰੀਕਾ ਨੂੰ ਕਿਹਾ ਕਿ ਉਹ ਆਪਣੇ ਫੌਜੀ ਉਦੇਸ਼ਾਂ ਨੂੰ ਅਫ਼ਗਾਨਿਸਤਾਨ ’ਚ ਪੂਰਾ ਨਹੀਂ ਕਰ ਸਕਦਾ ਹੈ। ਅਮਰੀਕਾ ਨੂੰ ਤਾਲਿਬਾਨ ਨਾਲ ਰਾਜਨੀਤਕ ਸਮਝੌਤੇ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਅਮਰੀਕੀ ਸੰਸਦ ਮੈਂਬਰ ਪਾਕਿਸਤਾਨ ਦੀ ਦੋਗਲੀ ਨੀਤੀ ਨੂੰ ਅਫ਼ਗਾਨਿਸਤਾਨ ’ਚ ਅਮਰੀਕਾ ਦੀ ਦੁਰਗਤੀ ਲਈ ਜ਼ਿੰਮੇਵਾਰ ਮੰਨ ਰਹੇ ਹਨ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਲਗਾਤਾਰ ਸਖ਼ਤ ਆਲੋਚਨਾ ਕਰ ਰਹੇ ਹਨ।
ਅਫ਼ਗਾਨਿਸਤਾਨ ’ਚ ਤਾਲਿਬਾਨ ਸ਼ਾਸਨ ਨੂੰ ਮਾਨਤਾ ਦਿਵਾਉਣ ’ਚ ਜੁਟੇ ਇਮਰਾਨ ਖਾਨ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ ਸ਼ਾਂਤੀ ਅਤੇ ਸਥਿਰਤਾ ਲਈ ਤਾਲਿਬਾਨ ਨਾਲ ਜੁੜਨਾ ਸਭ ਤੋਂ ਸਹੀ ਤਰੀਕਾ ਹੈ। ਤਾਲਿਬਾਨ ਦਾ ਪੂਰੇ ਅਫ਼ਗਾਨਿਸਤਾਨ ’ਤੇ ਕੰਟਰੋਲ ਹੈ। ਜੇਕਰ ਤਾਲਿਬਾਨ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਸਾਂਝੀ ਪਹੁੰਚ ਨਾਲ ਚੱਲਦਾ ਹੈ ਤਾਂ ਅਫ਼ਗਾਨਿਸਤਾਨ ’ਚ 40 ਸਾਲਾਂ ਤੋਂ ਬਾਅਦ ਸ਼ਾਂਤੀ ਸੰਭਵ ਹੈ। ਅਫ਼ਗਾਨਿਸਤਾਨ ਦੀਆਂ ਔਰਤਾਂ ਦੇ ਮਸਲਿਆਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਕੋਈ ਬਾਹਰ ਤੋਂ ਆ ਕੇ ਅਫ਼ਗਾਨਿਸਤਾਨ ਦੀਆਂ ਔਰਤਾਂ ਨੂੰ ਅਧਿਕਾਰ ਨਹੀਂ ਦਿਵਾ ਸਕਦਾ। ਅਫ਼ਗਾਨਿਸਤਾਨ ਦੀਆਂ ਔਰਤਾਂ ਮਜ਼ਬੂਤ ਹਨ। ਉਨ੍ਹਾਂ ਨੂੰ ਸਮਾਂ ਦਿਓ। ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰ ਮਿਲਣਗੇ।
Comment here