ਨਿਊਯਾਰਕ : ਚੀਨ ਨੂੰ ਇਕ ਨਵਾਂ ਝਟਕਾ ਦਿੰਦੇ ਹੋਏ ਰਾਸ਼ਟਰਪਤੀ ਜੋਅ ਬਾਇਡੇਨ ਦੇ ਪ੍ਰਸ਼ਾਸਨ ਨੇ ਅਮਰੀਕਾ ਅਤੇ ਤਾਈਵਾਨ ਵਿਚਾਲੇ 10 ਕਰੋੜ ਡਾਲਰ ਦੇ ਮਿਜ਼ਾਈਲ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਮਿਜ਼ਾਈਲ ਸਮਝੌਤੇ ਦਾ ਉਦੇਸ਼ ਚੀਨ ਦੇ ਵਧਦੇ ਦਬਾਅ ਦੇ ਮੱਦੇਨਜ਼ਰ ਤਾਇਵਾਨ ਦੀ ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਇਕ ਬਿਆਨ ਜਾਰੀ ਕਰਕੇ ਇਸ ਮਿਜ਼ਾਈਲ ਸਮਝੌਤੇ ਨੂੰ ਮਨਜ਼ੂਰੀ ਦੇਣ ਦੀ ਜਾਣਕਾਰੀ ਦਿੱਤੀ। ਚੀਨ ਦੀ ਰਾਜਧਾਨੀ ਪੇਈਚਿੰਗ ਵਿੱਚ ਵਿੰਟਰ ਓਲੰਪਿਕ ਖੇਡਾਂ ਹੋ ਰਹੀਆਂ ਹਨ ਅਤੇ ਨਤੀਜੇ ਵਜੋਂ ਦੇਸ਼ ਵਿੱਚ ਰਾਸ਼ਟਰਵਾਦ ਦੀ ਭਾਵਨਾ ਆਪਣੇ ਸਿਖਰ ’ਤੇ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਖੇਡਾਂ ਦੀ ਸਮਾਪਤੀ ਤੋਂ ਬਾਅਦ ਤਾਈਵਾਨ ‘ਤੇ ਚੀਨ ਦਾ ਰੁਖ਼ ਹੋਰ ਸਖ਼ਤ ਹੋ ਜਾਵੇਗਾ। ਚੀਨ ਤਾਇਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ ਅਤੇ ਇਸ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਲਿਆਉਣ ਲਈ ਤਾਕਤ ਦੀ ਵਰਤੋਂ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰਦਾ। ਚੀਨੀ ਲੜਾਕੂ ਜਹਾਜ਼ਾਂ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਤਾਈਵਾਨ ਦੇ ਹਵਾਈ ਖੇਤਰ ਵਿੱਚ ਉਡਾਣ ਭਰੀ ਹੈ। ਇਹ ਸਮਝੌਤਾ ਤਾਈਵਾਨ ਨੂੰ ਆਪਣੀ ਮੌਜੂਦਾ ਹਵਾਈ-ਰੱਖਿਆ ਮਿਜ਼ਾਈਲ ਪ੍ਰਣਾਲੀ ਅਤੇ ਉੱਨਤ ਅਮਰੀਕੀ ਮਿਜ਼ਾਈਲਾਂ ਨੂੰ ਤਾਇਨਾਤ ਕਰਨ ਵਿੱਚ ਮਦਦ ਕਰਨ ਲਈ ਹੈ ਜੋ ਤਾਈਵਾਨ ਨੂੰ ਅਮਰੀਕਾ ਤੋਂ ਮਿਲ ਰਿਹਾ ਹੈ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਇਸ ਸਮਝੌਤੇ ਨੂੰ ਮਨਜ਼ੂਰੀ ਦੇਣ ਲਈ ਅਮਰੀਕਾ ਦਾ ਧੰਨਵਾਦ ਕੀਤਾ ਹੈ।
Comment here