ਹਿਊਸਟਨ- ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ 2019 ਵਿਚ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ। ਧਾਲੀਵਾਲ (42) ਨੂੰ 27 ਸਤੰਬਰ 2019 ਨੂੰ ਉਸ ਸਮੇਂ ਗੋਲੀ ਮਾਰੀ ਗਈ ਸੀ, ਜਦੋਂ ਉਹ ਡਿਊਟੀ ’ਤੇ ਸੀ। ਉਹ 2015 ਵਿਚ ਸੁਰਖ਼ੀਆਂ ਵਿਚ ਆਏ ਸਨ, ਜਦੋਂ ਉਹ ਪੱਗ ਬੰਨ੍ਹਣ ਅਤੇ ਦਾੜ੍ਹੀ ਰੱਖਣ ਦਾ ਅਧਿਕਾਰ ਹਾਸਲ ਕਰਨ ਵਾਲੇ ਟੈਕਸਾਸ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਬਣੇ ਸਨ। ਉਨ੍ਹਾਂ ਦੀ ਯਾਦ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਥੇ ਅਮਰੀਕੀ ਪ੍ਰਤੀਨਿਧ ਸਭਾ ਵਿਚ ਨਾਮ ਤਬਦੀਲੀ ਦਾ ਮਤਾ ਪੇਸ਼ ਕਰਨ ਵਾਲੀ ਮਹਿਲਾ ਸੰਸਦ ਮੈਂਬਰ ਲੀਜੀ ਫ਼ਲੈਚਰ ਨੇ ਕਿਹਾ ਕਿ 315 ਐਡਿਕਸ ਹਾਵੇਲ ਰੋਡ ਸਥਿਤ ਡਾਕਖ਼ਾਨੇ ਦਾ ਨਾਂ ਉਨ੍ਹਾਂ ਦੇ ਨਾਮ ਤੇ ਰਖਣਾ ਠੀਕ ਹੈ, ਕਿਉਂਕਿ ਉਨ੍ਹਾਂ ਨੇ ਭਾਈਚਾਰੇ ਦੀ ਸੇਵਾ ਲਈ ਅਪਣੀ ਜਾਨ ਦੇ ਦਿਤੀ ਸੀ। ਫ਼ਲੈਚਰ ਨੇ ਕਿਹਾ,‘‘ਧਾਲੀਵਾਲ ਦੀ ਨਿਸ਼ਕਾਮ ਸੇਵਾ ਵਾਲੇ ਜ਼ਿਕਰਯੋਗ ਜੀਵਨ ਨੂੰ ਯਾਦਗਾਰ ਬਨਾਉਣ ਵਿਚ ਇਕ ਭੂਮਿਕਾ ਨਿਭਾਅ ਕੇ, ਮੈਂ ਮਾਣ ਮਹਿਸੂਸ ਕਰ ਰਹੀ ਹਾਂ। ਉਨ੍ਹਾਂ ਨੇ ਸਾਡੇ ਭਾਈਚਾਰੇ ਦੀ ਸਭ ਤੋਂ ਵਧੀਆ ਨੁਮਾਇੰਦਗੀ ਕੀਤੀ, ਉਨ੍ਹਾਂ ਨੇ ਦੂਜਿਆਂ ਦੀ ਸੇਵਾ ਰਾਹੀਂ ਸਮਾਨਤਾ, ਰਿਸ਼ਤੇ ਅਤੇ ਭਾਈਚਾਰੇ ਲਈ ਕੰਮ ਕੀਤਾ। ਇਸ ਇਮਾਰਤ ਦਾ ਨਾਂ ਬਦਲ ਕੇ ‘ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫ਼ਿਸ’ ਰੱਖਣ ਲਈ ਇਕ ਬਿਲ ਪਾਸ ਕਰਨ ਲਈ, ਮੈਨੂੰ ਦੁਵੱਲੇ ਵਫ਼ਦ, ਸਾਡੇ ਭਾਈਚਾਰਕ ਭਾਈਵਾਲਾਂ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਕੰਮ ਕਰਨ ਵਿਚ ਖ਼ੁਸ਼ੀ ਹੋ ਰਹੀ ਹੈ।’’
Comment here