ਅਰਕਾਬੁਤਲਾ-ਅਮਰੀਕਾ ਵਿੱਚ ਫਿਰ ਗੋਲੀਬਾਰੀ ਹੋਣ ਦੀ ਖ਼ਬਰ ਹੈ। ਅਮਰੀਕਾ ਦੇ ਮਿਸੀਸਿਪੀ ਸੂਬੇ ਦੀ ਟੇਟ ਕਾਉਂਟੀ ‘ਚ ਸਥਿਤ ਅਰਕਾਬੁਤਲਾ ਕਸਬੇ ‘ਚ ਵੱਖ-ਵੱਖ ਥਾਵਾਂ ‘ਤੇ 6 ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਥੇ ਹੀ ਇਸ ਘਟਨਾ ਮਗਰੋਂ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਅਧਿਕਾਰੀਆਂ ਨੇ ਇਨ੍ਹਾਂ ਕਤਲਾਂ ਲਈ ਇਕ ਵਿਅਕਤੀ ‘ਤੇ ਦੋਸ਼ ਲਗਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਤਲ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਿਸੀਸਿਪੀ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੇ ਬੁਲਾਰੇ ਬੇਲੀ ਮਾਰਟਿਨ ਨੇ ਟੇਟ ਕਾਉਂਟੀ ਦੇ ਅਰਕਾਬੁਤਲਾ ਵਿੱਚ ਕਤਲਾਂ ਦੀ ਪੁਸ਼ਟੀ ਕੀਤੀ ਹੈ।
ਕਾਉਂਟੀ ਸ਼ੈਰਿਫ ਬ੍ਰੈਡ ਲਾਂਸ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਇਹ ਕਤਲ ਇੱਕ ਸਟੋਰ ਅਤੇ 2 ਘਰਾਂ ਵਿੱਚ ਹੋਏ। ਸ਼ੈਰਿਫ ਵਿਭਾਗ ਦੀ ਇੱਕ ਪ੍ਰਸ਼ਾਸਨਿਕ ਕਰਮਚਾਰੀ ਕੈਥਰੀਨ ਕਿੰਗ ਨੇ ਕਿਹਾ ਕਿ 52 ਸਾਲਾ ਰਿਚਰਡ ਡੇਲ ਕਰਮ ਨੂੰ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗਵਰਨਰ ਟੇਟ ਰੀਵਜ਼ ਦੇ ਦਫ਼ਤਰ ਨੇ ਕਿਹਾ ਕਿ ਉਨ੍ਹਾਂ ਨੂੰ ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਇੱਕ ਬਿਆਨ ਵਿੱਚ ਰੀਵਜ਼ ਨੇ ਕਿਹਾ, ‘ਇਸ ਸਮੇਂ, ਸਾਡਾ ਮੰਨਣਾ ਹੈ ਕਿ ਦੋਸ਼ੀ ਵਿਅਕਤੀ ਨੇ ਇਕੱਲੇ ਹੀ ਅਪਰਾਧ ਕੀਤਾ ਹੈ।’
Comment here