ਅਪਰਾਧਸਿਆਸਤਖਬਰਾਂ

ਅਮਰੀਕਾ ਦੇ ਫਾਈਟਰ ਜੈੱਟ ਨੇ ਅਸਮਾਨ ‘ਚ ਉੱਡਦੀ ਚੀਜ਼ ਨੂੰ ਕੀਤਾ ਢੇਰ

ਨਿਊਯਾਰਕ-ਅਮਰੀਕੀ ਮੀਡੀਆ ਆਊਟਲੈੱਟ ਨਿਊਯਾਰਕ ਟਾਈਮਜ਼ ਦੇ ਮੁਤਾਬਕ ਚੀਨ ਦੇ ਜਾਸੂਸੀ ਗੁਬਾਰੇ ਨੂੰ ਮਾਰਨ ਤੋਂ ਬਾਅਦ ਅਮਰੀਕਾ ਦੇ ਆਸਮਾਨ ਵਿੱਚ ਇਕ ਹੋਰ ਉੱਡਦੀ ਚੀਜ਼ ਦਿਖਾਈ ਦਿੱਤੀ, ਜਿਸ ਨੂੰ ਅਮਰੀਕਾ ਦੇ ਲੜਾਕੂ ਜਹਾਜ਼ (ਫਾਈਟਰ ਜੈੱਟ) ਨੇ ਮਾਰ ਸੁੱਟਿਆ। ਅਮਰੀਕੀ ਮੀਡੀਆ ਆਊਟਲੈੱਟ ਨਿਊਯਾਰਕ ਟਾਈਮਜ਼ ਦੇ ਮੁਤਾਬਕ ਇਸ ਵਸਤੂ ਨੂੰ ਅਲਾਸਕਾ ਦੇ ਤੱਟ ਨੇੜੇ ਗੋਲੀ ਮਾਰੀ ਗਈ ਹੈ। ਵ੍ਹਾਈਟ ਹਾਊਸ ਦੇ ਬੁਲਾਰੇ ਜਾਨ ਕਿਰਬੀ ਮੁਤਾਬਕ ਅਮਰੀਕਾ ਦੇ ਅਲਾਸਕਾ ‘ਚ 40 ਹਜ਼ਾਰ ਫੁੱਟ ਦੀ ਉਚਾਈ ‘ਤੇ ਇਕ ਉੱਡਦੀ ਵਸਤੂ ਦੇਖੀ ਗਈ, ਜਿਸ ਤੋਂ ਬਾਅਦ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸ ਨੂੰ ਡੇਗਣ ਦਾ ਹੁਕਮ ਦਿੱਤਾ। ਉਨ੍ਹਾਂ ਦਾ ਹੁਕਮ ਮਿਲਣ ਤੋਂ ਬਾਅਦ ਪੈਂਟਾਗਨ ਨੇ ਉਸ ਨੂੰ ਲੜਾਕੂ ਜਹਾਜ਼ ਦੀ ਮਦਦ ਨਾਲ ਮਾਰ ਸੁੱਟਿਆ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਉੱਡਣ ਵਾਲੀ ਚੀਜ਼ ਗੁਬਾਰਾ ਸੀ ਜਾਂ ਕੁਝ ਹੋਰ। ਇਸ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਰੀਕਾ ਦੇ ਮੋਂਟਾਨਾ ਸੂਬੇ ਦੇ ਉੱਪਰ ਦੇਖੇ ਗਏ ਗੁਬਾਰੇ ਦਾ ਆਕਾਰ ਤਿੰਨ ਬੱਸਾਂ ਦੇ ਬਰਾਬਰ ਸੀ।
ਇਸ ਫਲਾਇੰਗ ਆਬਜੈਕਟ ਨੂੰ ਭਾਰਤੀ ਸਮੇਂ ਅਨੁਸਾਰ ਸ਼ੁੱਕਰਵਾਰ ਰਾਤ ਲਗਭਗ 1 ਵਜੇ ਸ਼ੂਟ ਕੀਤਾ ਗਿਆ। ਅਮਰੀਕੀ ਅਧਿਕਾਰੀਆਂ ਮੁਤਾਬਕ ਇਹ ਉੱਡਣ ਵਾਲੀ ਚੀਜ਼ ਇਕ ਛੋਟੀ ਕਾਰ ਦੇ ਆਕਾਰ ਦੀ ਸੀ, ਜੋ ‘ਜਾਸੂਸੀ ਗੁਬਾਰੇ’ ਨਾਲੋਂ ਬਹੁਤ ਛੋਟੀ ਸੀ। ਹਾਲ ਹੀ ‘ਚ ਅਮਰੀਕਾ ਨੇ ਚੀਨ ਦੇ ਉਸ ‘ਜਾਸੂਸੀ ਗੁਬਾਰੇ’ ਨੂੰ ਡੇਗ ਦਿੱਤਾ ਸੀ, ਜੋ ਕਰੀਬ ਇਕ ਹਫਤੇ ਤੱਕ ਅਮਰੀਕਾ ਦੇ ਕਈ ਰਾਜਾਂ ਦੇ ਆਸਮਾਨ ‘ਚ ਦੇਖਿਆ ਗਿਆ ਸੀ। ਅਮਰੀਕਾ ਤੋਂ ਇਲਾਵਾ ਕੈਨੇਡਾ ਅਤੇ ਲੈਟਿਨ ਅਮਰੀਕਾ ਦੇ ਹਵਾਈ ਖੇਤਰ ‘ਚ ਵੀ ਇਸ ਨੂੰ ਦੇਖਿਆ ਗਿਆ, ਜਿਸ ਤੋਂ ਬਾਅਦ ਉਥੇ ਹਲਚਲ ਮਚ ਗਈ।

Comment here