ਸਿਆਸਤਖਬਰਾਂਦੁਨੀਆ

ਅਮਰੀਕਾ, ਆਸਟ੍ਰੇਲੀਆ ਤੇ ਬਰਤਾਨੀਆ ਦੇ ਸੁਰੱਖਿਆ ਗਠਜੋੜ ’ਚੋਂ ਬਾਹਰ ਭਾਰਤ-ਜਾਪਾਨ

ਵਾਸ਼ਿੰਗਟਨ-ਹਾਲੀਆ ਬਣੇ ਨਵੇਂ ਸੁਰੱਖਿਆ ਗਠਜੋੜ ’ਚ ਭਾਰਤ ਤੇ ਜਾਪਾਨ ਨੂੰ ਸ਼ਾਮਲ ਕਰਨ ਦੀਆਂ ਸੰਭਾਵਨਾਵਾਂ ਨੂੰ ਅਮਰੀਕਾ ਨੇ ਖਾਰਜ ਕਰ ਦਿੱਤਾ ਹੈ। ਅਮਰੀਕਾ ਨੇ ਹਾਲੀਆ ਬਰਤਾਨੀਆ ਤੇ ਆਸਟ੍ਰੇਲੀਆ ਦੇ ਨਾਲ ਹਿੰਦ ਪ੍ਰਸ਼ਾਂਤ ਖੇਤਰ ਦੀ ਸੁਰੱਖਿਆ ਨੂੰ ਲੈ ਕੇ ਇਕ ਨਵਾਂ ਗਠਜੋੜ ਆਕਸ ਬਣਾਇਆ ਹੈ।
15 ਸਤੰਬਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸਾਂਝਾ ਬਿਆਨ ਜਾਰੀ ਕਰ ਕੇ ਹਿੰਦ ਪ੍ਰਸ਼ਾਂਤ ਖੇਤਰ ਲਈ ਇਕ ਨਵੇਂ ਸੁਰੱਖਿਆ ਗਠਜੋੜ ਦਾ ਐਲਾਨ ਕੀਤਾ ਹੈ। ਇਸ ਗਠਜੋੜ ਨੂੰ ਆਕਸ (ਏਯੂਕੇਯੂਐੱਸ- ਆਸਟ੍ਰੇਲੀਆ-ਯੂਕੇ-ਯੂਐੱਸ) ਨਾਂ ਦਿੱਤਾ ਗਿਆ ਹੈ। ਇਸ ਸੁਰੱਖਿਆ ਗਠਜੋੜ ਤਹਿਤ ਆਸਟ੍ਰੇਲੀਆ ਨੂੰ ਪਰਮਾਣੂ ਪਣਡੁੱਬੀ ਦੇ ਬੇੜੇ ਨਾਲ ਲੈਸ ਕਰਦੇ ਹੋਏ ਤਕਨੀਕੀ ਰੂਪ ਨਾਲ ਚੀਨ ਨਾਲ ਮੁਕਾਬਲਾ ਕਰਨ ’ਚ ਸਮਰੱਥ ਬਣਾਇਆ ਜਾਵੇਗਾ।
ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੈਨ ਸਾਕੀ ਨੇ ਕਿਹਾ ਕਿ ਇਸ ਸੁਰੱਖਿਆ ਗਠਜੋੜ ਨੂੰ ਲੈ ਕੇ ਫਰਾਂਸ ਨੂੰ ਵੀ ਰਾਸ਼ਟਰਪਤੀ ਨੇ ਸਪਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਹਿੰਦ ਪ੍ਰਸ਼ਾਂਤ ਖੇਤਰ ਦੀ ਸੁਰੱਖਿਆ ਲਈ ਬਣੇ ਇਸ ਸੁਰੱਖਿਆ ਗਠਜੋੜ ’ਚ ਕਿਸੇ ਹੋਰ ਦੇਸ਼ ਨੂੰ ਸ਼ਾਮਲ ਨਹੀਂ ਕੀਤਾ ਜਾ ਰਿਹਾ।
ਯਾਦ ਰਹੇ ਕਿ ਹਿੰਦ ਪ੍ਰਸ਼ਾਂਤ ਖੇਤਰ ਦੀ ਸੁਰੱਖਿਆ ਲਈ ਹੀ ਚਾਰ ਦੇਸ਼ਾਂ ਅਮਰੀਕਾ, ਭਾਰਤ, ਜਾਪਾਨ ਤੇ ਆਸਟ੍ਰੇਲੀਆ ਦਰਮਿਆਨ ਕਵਾਡ ਗਠਜੋੜ ਬਣਾਇਆ ਗਿਆ ਹੈ। ਇਸਦੀ 24 ਸਤੰਬਰ ਨੂੰ ਹੋਣ ਵਾਲੀ ਬੈਠਕ ਦੀ ਮੇਜ਼ਬਾਨੀ ਵ੍ਹਾਈਟ ਹਾਊਸ ’ਚ ਰਾਸ਼ਟਰਪਤੀ ਜੋਅ ਬਾਇਡਨ ਕਰ ਰਹੇ ਹਨ।

Comment here