ਫ਼ੌਜ ਨੇ ਗੁਫ਼ਾ ਤੱਕ ਜਾਣ ਲਈ ਬਣਾਇਆ ਨਵਾਂ ਰਸਤਾ
ਸ਼੍ਰੀਨਗਰ-ਅਮਰਨਾਥ ਯਾਤਰਾ ਦੌਰਾਨ ਆ ਰਹੀਆਂ ਮੁਸ਼ਕਲਾਂ ਨਾਲ ਯਾਤਰੀ ਪਹਿਲਾਂ ਹੀ ਪਰੇਸ਼ਾਨੀ ਝੱਲ ਰਹੇ ਹਨ। ਗੁਫਾ ਦੇ ਕੋਲ ਸ਼ੁੱਕਰਵਾਰ ਸ਼ਾਮ ਆਈ ਕੁਦਰਤੀ ਆਫ਼ਤ ਕਾਰਨ ਐਤਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਯਾਤਰਾ ਰੱਦ ਰਹੀ। ਸੋਮਵਾਰ ਯਾਨੀ ਕਿ ਅੱਜ ਵੀ ਯਾਤਰਾ ਸ਼ੁਰੂ ਹੋਣ ਮਗਰੋਂ ਰੋਕ ਦਿੱਤੀ ਗਈ। ਇਸ ਹਾਦਸੇ ’ਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ ਅਤੇ 35 ਜ਼ਖਮੀ ਹਨ, ਜਦਕਿ ਕਈ ਲੋਕ ਲਾਪਤਾ ਹਨ। ਇਲਾਕੇ ’ਚ ਬਚਾਅ ਕਾਰਜ ਜਾਰੀ ਹਨ, ਜਿਸ ਤਹਿਤ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਬਾਲਟਾਲ ਕੈਂਪ ’ਚ ਲਗਭਗ 3,000 ਸ਼ਰਧਾਲੂ ਦਰਸ਼ਨਾਂ ਲਈ ਪਵਿੱਤਰ ਗੁਫਾ ਮੰਦਰ ਤਕ ਦਾ ਸਫਰ ਤੈਅ ਕਰਨ ਦੇ ਅਧਿਕਾਰਕ ਹੁਕਮਾਂ ਦੀ ਉਡੀਕ ਕਰ ਰਹੇ ਸਨ ਪਰ ਯਾਤਰਾ ਨੂੰ ਰੱਦ ਕੀਤੇ ਜਾਣ ਕਾਰਨ ਨਿਰਾਸ਼ ਹੋਏ। ਇਸ ਦੌਰਾਨ, ਜੰਮੂ-ਕਸ਼ਮੀਰ ਪੁਲਸ, ਫੌਜ, ਕੇਂਦਰੀ ਰਿਜ਼ਰਵ ਪੁਲਸ ਬਲ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਹੋਰ ਏਜੰਸੀਆਂ ਵੱਲੋਂ ਗੁਫਾ ਮੰਦਰ ਦੇ ਕੋਲੋਂ ਮਲਬੇ ਨੂੰ ਹਟਾਉਣ ਅਤੇ ਲਾਪਤਾ ਵਿਅਕਤੀਆਂ ਦਾ ਪਤਾ ਲਗਾਉਣ ਲਈ ਇਕ ਵੱਡੇ ਪੱਧਰ ’ਤੇ ਸਾਂਝਾ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
ਫ਼ੌਜ ਨੇ ਗੁਫ਼ਾ ਤੱਕ ਜਾਣ ਲਈ ਬਣਾਇਆ ਨਵਾਂ ਰਸਤਾ
ਸ਼੍ਰੀ ਅਮਰਨਾਥ ਜੀ ਦੀ ਗੁਫ਼ਾ ਨੂੰ ਜਾਣ ਵਾਲੇ ਰਸਤੇ ’ਤੇ ਪਿਆ ਮਲਬਾ ਅਜੇ ਤੱਕ ਸਾਫ਼ ਨਹੀਂ ਹੋ ਸਕਿਆ ਹੈ ਅਤੇ ਇਹ ਮਲਬਾ ਇੰਨਾ ਜ਼ਿਆਦਾ ਹੈ ਕਿ ਇਸ ਨੂੰ ਸਾਫ ਕਰਨ ’ਚ ਕਾਫੀ ਸਮਾਂ ਲੱਗਣ ਦੀ ਉਮੀਦ ਹੈ। ਇਸ ਲਈ ਭਾਰਤੀ ਫ਼ੌਜ ਨੇ ਸ਼ਰਧਾਲੂਆਂ ਨੂੰ ਗੁਫ਼ਾ ਦੇ ਦਰਸ਼ਨ ਕਰਵਾਉਣ ਲਈ ਨਵਾਂ ਰਸਤਾ ਬਣਾਇਆ ਹੈ। ਹੁਣ ਤੁਸੀਂ ਨਵੇਂ ਰਸਤੇ ਰਾਹੀ ਸਿੱਧੇ ਗੇਟ ’ਤੇ ਜਾ ਕੇ ਦਰਸ਼ਨ ਕਰੋਗੇ।
ਭੋਲੇਨਾਥ ਦੇ ਨੰਦੀ ਨੂੰ ਮੁੜ ਗੁਫਾ ਦੇ ਬਾਹਰ ਕਰੋ ਸਥਾਪਿਤ
ਸ਼੍ਰੀ ਅਮਰਨਾਥ ਯਾਤਰਾ ਦੇ ਦੌਰਾਨ ਲੰਗਰ ਲਾਉਣ ਵਾਲੀਆਂ ਸਾਰੀਆਂ ਸੰਸਥਾਵਾਂ ਨੇ ਸ਼ਰਾਈਨ ਬੋਰਡ ਤੋਂ ਮੰਗ ਕੀਤੀ ਹੈ ਕਿ ਪਵਿੱਤਰ ਗੁਫਾ ਦੇ ਬਾਹਰ ਤੋਂ 2 ਸਾਲ ਪਹਿਲਾ ਹਟਾਏ ਗਏ ਨੰਦੀਗਣ ਨੂੰ ਤੁਰੰਤ ਉਨ੍ਹਾਂ ਦੇ ਸਥਾਨ ’ਤੇ ਮੁੜ ਬਿਰਾਜਮਾਨ ਕੀਤਾ ਜਾਵੇ। ਸੰਸਥਾਵਾਂ ਨੇ ਕਿਹਾ ਕਿ ਗੁਫਾ ਵਿਚ ਸ਼ਿਵ ਪਰਿਵਾਰ ਬਰਫ ਦੇ ਰੂਪ ਵਿਚ ਦਰਸ਼ਨ ਦਿੰਦਾ ਹੈ ਪਰ ਪਰੰਪਰਾ ਦੇ ਮੁਤਾਬਕ ਨੰਦੀਗਣ ਦੇ ਬਿਨਾਂ ਸ਼ਿਵਾਲਿਆ ਅਧੂਰਾ ਹੈ। ਪਵਿੱਤਰ ਗੁਫਾ ਦੇ ਬਾਹਰ ਨੰਦੀਗਣ ਦਾ ਸਥਾਨ ਖਾਲੀ ਪਿਆ ਹੈ, ਜਿੱਥੇ ਜਲਦ ਤੋਂ ਜਲਦ ਲਿਆ ਕੇ ਨੰਦੀਗਣ ਨੂੰ ਬਿਰਾਜਮਾਨ ਕਰਨਾ ਚਾਹੀਦਾ ਹੈ।
ਭੰਡਾਰਾ ਸੰਚਾਲਕਾਂ ਲਈ ਗੁਫਾ ’ਤੇ ਵੱਖਰਾ ਬੇਸ ਕੈਂਪ ਬਣਾਏ ਸ਼ਰਾਈਨ ਬੋਰਡ : ਸਾਇਬੋ
ਸਾਇਬੋ ਦੇ ਪ੍ਰਧਾਨ ਰਾਜਨ ਕਪੂਰ ਨੇ ਜੰਮੂ ਕਸ਼ਮੀਰ ਦੇ ਲੈ. ਗਵਰਨਰ ਮਨੋਜ ਸਿਨ੍ਹਾ ਨੂੰ ਪੱਤਰ ਲਿਖਿਆ ਹੈ ਕਿ ਕੇਦਾਰਨਾਥ ਵਿਚ 9 ਸਾਲ ਪਹਿਲਾ ਆਈ ਤ੍ਰਾਸਦੀ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਉਥੇ ਵਾਲ ਬਣਾਉਣ ਤੋਂ ਇਲਾਵਾ ਯਾਤਰੀਆਂ ਦੀ ਸੁਰੱਖਿਆ ਲਈ ਕਈ ਪੁਖਤਾ ਪ੍ਰਬੰਧ ਕੀਤੇ। ਉਨ੍ਹਾਂ ਨੇ ਮੰਗ ਕੀਤੀ ਕਿ ਹੁਣ ਸ਼੍ਰੀ ਅਮਰਨਾਥ ਗੁਫਾ ਕੋਲ ਇਸੇ ਤਰ੍ਹਾਂ ਦੇ ਹੀ ਸੁਰੱਖਿਆ ਇੰਤਜ਼ਾਮ ਸ਼ਰਾਈਨ ਬੋਰਡ ਨੂੰ ਕਰਨੇ ਚਾਹੀਦੇ ਹਨ ਤਾਂ ਕਿ ਭਵਿੱਖ ਵਿਚ ਕਦੇ ਵੀ ਆਫਤ ਦਾ ਨਾਲ ਕੋਈ ਜਾਨ-ਮਾਲ ਦਾ ਨੁਕਸਾਨ ਨਾ ਹੋਵੇ। ਉਥੇ ਭੰਡਾਰਾ ਸੰਚਾਲਕਾਂ ਲਈ ਵੀ ਅਲੱਗ ਤੋਂ ਸੁਰੱਖਿਅਤ ਬੇਸ ਕੈਂਪ ਬਣਾਉਣਾ ਚਾਹੀਦਾ ਹੈ, ਜਿਸ ’ਚ ਕੇਵਲ ਯਾਤਰੀਆਂ ਦੇ ਲਈ ਭੰਡਾਰਾ ਹੀ ਚੱਲੇ।
ਲੰਗਰ ਲਾਉਣ ਵਾਲੀਆਂ ਸੰਸਥਾਵਾਂ ਦਾ ਹੋਇਆ 40 ਲੱਖ ਦਾ ਨੁਕਸਾਨ
ਅਮਰਨਾਥ ਗੁਫ਼ਾ ਨੇੜੇ ਸ਼ੁੱਕਰਵਾਰ ਸ਼ਾਮ ਨੂੰ ਬੱਦਲ ਫਟਣ ਕਾਰਨ ਹੋਈ ਤਬਾਹੀ ਵਿਚ ਭੰਡਾਰਾ ਲਾਉਣ ਵਾਲੀਆਂ ਤਿੰਨ ਸੰਸਥਾਵਾਂ ਦਾ ਕਰੀਬ 40 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਵਿਚ ਰਾਸ਼ਨ, ਟੈਂਟ, ਰਸੋਈ ਦਾ ਸਾਮਾਨ, ਭਾਂਡੇ ਆਦਿ ਸ਼ਾਮਲ ਹਨ। ਉਕਤ ਜਾਣਕਾਰੀ ਦਿੰਦੇ ਹੋਏ ਸ਼੍ਰੀ ਅਮਰਨਾਥ ਯਾਤਰਾ ਭੰਡਾਰਾ ਆਰਗੇਨਾਈਜ਼ੇਸ਼ਨ (ਸਾਇਬੋ) ਦੇ ਪ੍ਰਧਾਨ ਰਾਜਨ ਕਪੂਰ ਨੇ ਦੱਸਿਆ ਕਿ ਗੁਫਾ ’ਤੇ ਕੁਝ ਏਰੀਆ ਰੈੱਡ ਜ਼ੋਨ ਵਿਚ ਆਉਣ ਕਾਰਨ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਨੇ ਉਕਤ 3 ਸੰਸਥਾਵਾਂ ਸਮੇਤ ਕੁਲ 5 ਭੰਡਾਰਿਆਂ ਅਤੇ ਦੁਕਾਨਦਾਰਾਂ ਨੂੰ ਏਰੀਆ ਛੱਡਣ ਲਈ ਕਹਿ ਦਿੱਤਾ ਹੈ। ਉਕਤ 5 ਭੰਡਾਰਾ ਕਮੇਟੀਆਂ ਨੂੰ ਇਸ ਸਾਲ ਲਈ ਐੱਨ. ਓ. ਸੀ. ਜਾਰੀ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਹੋ ਚੁੱਕੀ ਹੈ। ਗੁਫਾ ’ਤੇ ਵੱਖ-ਵੱਖ ਰਾਜਾਂ ਦੀਆਂ 13 ਸੰਸਥਾਵਾਂ ਲੰਗਰ ਲਾਉਂਦੀਆਂ ਹਨ। ਹੁਣ ਇਨ੍ਹਾਂ 5 ਸੰਸਥਾਵਾਂ ਦੇ ਵਾਪਸ ਆ ਜਾਣ ਨਾਲ ਹਰ ਸਾਲ 8 ਭੰਡਾਰੇ ਹੀ ਯਾਤਰਾ ਦੀ ਸਮਾਪਤੀ ਤੱਕ ਗੁਫਾ ’ਤੇ ਰਹਿ ਜਾਣਗੇ।
ਕਪੂਰ ਨੇ ਦੱਸਿਆ ਕਿ ਗੁਫਾ ’ਤੇ ਜੋ 3 ਭੰਡਾਰੇ ਤਬਾਹ ਹੋਏ ਹਨ, ਉਨ੍ਹਾਂ ’ਚ ਸ਼੍ਰੀ ਹਰ ਹਰ ਮਹਾਦੇਵ ਸੇਵਾ ਮੰਡਲ ਮਾਨਸਾ, ਸ਼੍ਰੀ ਅਮਰਨਾਥ ਲੰਗਰ ਸੇਵਾ ਕਮੇਟੀ ਸ਼ਾਹਦਰਾ ਦਿੱਲੀ, ਸ਼੍ਰੀ ਅਮਰਨਾਥ ਬਰਫਾਨੀ ਸੇਵਾ ਦਲ ਕੁਰਾਲੀ ਸ਼ਾਮਲ ਹਨ। ਇਸ ਤੋਂ ਇਲਾਵਾ ਸ਼੍ਰੀ ਅਮਰਨਾਥ ਲੰਗਰ ਸੇਵਾ ਕਮੇਟੀ ਜਵਾਹਰ ਨਗਰ ਦਿੱਲੀ, ਸ਼ਿਵ ਕ੍ਰਿਪਾ ਸੇਵਾ ਮੰਡਲ ਰਾਜੌਰੀ ਦਿੱਲੀ ਨੂੰ ਵੀ ਲੰਗਰ ਵਾਲਾ ਏਰੀਆ ਖਾਲੀ ਕਰਨ ਲਈ ਬੋਰਡ ਨੇ ਕਹਿ ਦਿੱਤਾ ਹੈ। ਸ਼੍ਰੀ ਹਰ ਹਰ ਮਹਾਦੇਵ ਸੇਵਾ ਮੰਡਲ ਮਾਨਸਾ ਦੇ ਪ੍ਰਧਾਨ ਬਿੱਟੂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਹੋਈ ਤ੍ਰਾਸਦੀ ’ਚ ਉਨ੍ਹਾਂ ਦੇ ਲੰਗਰ ਦਾ ਲਗਭਗ 25 ਲੱਖ ਦਾ ਨੁਕਸਾਨ ਹੋ ਗਿਆ ਹੈ। ਹੁਣ ਵੀ ਉਨ੍ਹਾਂ ਦੇ ਭੰਡਾਰੇ ’ਤੇ ਲਗਭਗ 8 ਤੋਂ 10 ਫੁੱਟ ਤੱਕ ਮਲਬਾ ਜਮ੍ਹਾ ਹੈ, ਜੋ ਕਿ ਜੇ. ਸੀ. ਬੀ. ਮਸ਼ੀਨਾਂ ਰਾਹੀਂ ਵੀ ਹਟਾਇਆ ਜਾ ਸਕਦਾ ਹੈ।
ਸ਼੍ਰੀ ਅਮਰਨਾਥ ਲੰਗਰ ਸੇਵਾ ਕਮੇਟੀ ਸ਼ਾਹਦਰਾ ਦਿੱਲੀ ਦੇ ਪ੍ਰਧਾਨ ਰਾਜੇਸ਼ ਰਾਵਲ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਪਿਛਲੇ 24 ਸਾਲ ਤੋਂ ਗੁਫਾ ਦੇ ਨੇੜੇ ਲੰਗਰ ਲਾ ਰਹੀ ਹੈ। ਦੋ ਦਿਨ ਪਹਿਲਾ ਆਈ ਆਫਤ ਵਿਚ ਉਨ੍ਹਾਂ ਦੇ ਪੂਰੇ ਲੰਗਰ ਪ੍ਰਬੰਧ ਪਾਣੀ ਵਿਚ ਵਹਿ ਗਏ। ਉਨ੍ਹਾਂ ਦੱਸਿਆ ਕਿ ਲਗਭਗ 8 ਤੋਂ 10 ਲੱਖ ਰੁਪਏ ਨੁਕਸਾਨ ਹੋਇਆ ਹੈ। ਹਾਲਾਂਕਿ ਸਿਲੰਡਰ ਵੀ ਪਾਣੀ ਵਿਚ ਰੁੜ੍ਹ ਗਏ ਸੀ ਪਰ ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਸੀ। ਸ਼੍ਰੀ ਅਮਰਨਾਥ ਬਰਫਾਨੀ ਸੇਵਾ ਦਲ ਕੁਰਾਲੀ ਦੇ ਉਪ ਪ੍ਰਧਾਨ ਸੰਜੀਵ ਕੁਮਾਰ ਦੇ ਮੁਤਾਬਕ ਹੜ੍ਹ ਆਉਣ ਕਾਰਨ ਉਨ੍ਹਾਂ ਦੀ ਸੰਸਥਾ ਦਾ ਲਗਭਗ 5 ਲੱਖ ਦਾ ਨੁਕਸਾਨ ਹੋਇਆ ਹੈ।
Comment here