ਸਿਆਸਤਸਿਹਤ-ਖਬਰਾਂਖਬਰਾਂ

ਅਫਵਾਹ : ਵੈਕਸੀਨ ਨਾਲ ਬਾਂਝਪਨ ਦਾ ਖਤਰਾ!

ਕੀ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਬੱਚਾ ਪੈਦਾ ਨਹੀਂ ਕਰ ਸਕਣਗੇ ? 
ਨਵੀਂ ਦਿੱਲੀ-ਭਾਰਤ ਵਿਚ ਕੋਰੋਨਾ ਦੀ ਤੀਜੀ ਲਹਿਰ ਆ ਚੁੱਕੀ ਹੈ। ਇਸ ਕਾਰਨ ਸਰਕਾਰ ਨੇ ਨਵੇਂ ਸਾਲ ‘ਚ ਬੱਚਿਆਂ  ਲਈ ਵੈਕਸੀਨ ਦੀ ਸ਼ੁਰੂਆਤ ਕੀਤੀ ਹੈ। ਦੂਜੇ ਪਾਸੇ ਕੁਝ ਸ਼ਰਾਰਤੀ ਅਨਸਰ ਅਫਵਾਹਾਂ ਫੈਲਾਉਣ ਤੋਂ ਬਾਜ਼ ਨਹੀਂ ਆ ਰਹੇ। ਅਜਿਹੀ ਹੀ ਇੱਕ ਅਫਵਾਹ ਹੈ ਕਿ ਵੈਕਸੀਨ ਲਗਵਾਉਣ ਨਾਲ ਲੋਕ ਬਾਂਝਪਨ ਦਾ ਸ਼ਿਕਾਰ ਹੋ ਸਕਦੇ ਹਨ। ਸਰਕਾਰ ਨੇ ਇਸ ਅਫਵਾਹ ਦਾ ਖੰਡਨ ਕੀਤਾ ਹੈ।
ਪੋਲੀਓ ਵੈਕਸੀਨ ‘ਤੇ ਵੀ ਫ਼ੈਲੀ ਸੀ ਅਜਿਹੀ ਅਫ਼ਵਾਹ
ਵੈਕਸੀਨ ਬਾਰੇ ਅਜਿਹੀਆਂ ਅਫਵਾਹਾਂ ਕੋਈ ਨਵੀਂ ਗੱਲ ਨਹੀਂ ਹੈ। ਪੋਲੀਓ ਵੈਕਸੀਨ ਬਾਰੇ ਵੀ ਕਾਫੀ ਚਰਚਾ ਹੋਈ ਸੀ। ਪੋਲੀਓ ਦੀ ਬਿਮਾਰੀ ਨੂੰ ਖ਼ਤਮ ਕਰਨ ਲਈ ਵਿਸ਼ਵ ਭਰ ਵਿੱਚ ਵੱਡੇ ਪੱਧਰ ‘ਤੇ ਟੀਕਾਕਰਨ ਕੀਤਾ ਗਿਆ ਸੀ। ਕੋਵਿਡ ਤੋਂ ਪਹਿਲਾਂ ਇਹ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਹੈ। ਉਸ ਸਮੇਂ ਵੀ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਅਜਿਹੀਆਂ ਬੇਬੁਨਿਆਦ ਗੱਲਾਂ ਫੈਲਾਈਆਂ ਗਈਆਂ ਸਨ ਕਿ ਪੋਲੀਓ ਵੈਕਸੀਨ ਲੋਕਾਂ ਨੂੰ ਬਾਂਝ ਬਣਾ ਦਿੰਦੀ ਹੈ।
ਸਰਕਾਰ ਨੇ ਝੂਠੇ ਦਾਅਵਿਆਂ ਦਾ ਕੀਤਾ ਖੰਡਨ
ਕੋਵਿਡ-19 ਵੈਕਸੀਨ ਬਾਰੇ ਫੈਲਾਈ ਜਾ ਰਹੀ ਅਫਵਾਹ ਦਾ ਖੰਡਨ ਕਰਦੇ ਹੋਏ ਪੀਆਈਬੀ ਫੈਕਟਚੈਕ ਨੇ ਟਵੀਟ ਕੀਤਾ ਹੈ। ਪੀਆਈਬੀ ਨੇ ਕਿਹਾ, ਇੱਕ ਵੀਡੀਓ ਵਿੱਚ ਕੋਵਿਡ-19 ਅਤੇ ਇਸ ਦੇ ਟੀਕੇ ਨੂੰ ਲੈ ਕੇ ਕਈ ਫਰਜ਼ੀ ਦਾਅਵੇ ਕੀਤੇ ਜਾ ਰਹੇ ਹਨ। ਅਜਿਹੇ ਗੁੰਮਰਾਹਕੁੰਨ ਵੀਡੀਓ ਜਾਂ ਸੰਦੇਸ਼ਾਂ ਨੂੰ ਸਾਂਝਾ ਨਾ ਕਰੋ। ਦੇਸ਼ ਵਿੱਚ ਲਗਾਏ ਜਾ ਰਹੇ ਸਾਰੇ ਟੀਕੇ ਸੁਰੱਖਿਅਤ ਹਨ। ਤੱਥਾਂ ਦੀ ਜਾਂਚ ਲਈ ਸਾਡੇ ਨਾਲ ਅਜਿਹੇ ਫਰਜ਼ੀ ਸੰਦੇਸ਼ ਸਾਂਝੇ ਕਰੋ।
ਕੋਵਿਡ ਖਿਲਾਫ਼ ਸਭ ਤੋਂ ਵੱਡਾ ਹਥਿਆਰ ਹੈ ਵੈਕਸੀਨ
ਤੁਹਾਨੂੰ ਦੱਸ ਦੇਈਏ ਕਿ ਡਬਲਿਯੂਐਚਓ ਵੀ ਭਾਰਤ ਵਿੱਚ ਲਗਾਈ ਜਾ ਰਹੀ ਵੈਕਸੀਨ ਨੂੰ ਸੁਰੱਖਿਅਤ ਮੰਨਦਾ ਹੈ। ਅਜਿਹੀਆਂ ਭੁਲੇਖੇ ਵਾਲੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਲੋਕਾਂ ਨੂੰ ਤੁਰੰਤ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਇਹ ਨਾ ਸਿਰਫ ਇਨਫੈਕਸ਼ਨ ਨੂੰ ਕੰਟਰੋਲ ਕਰਨ ਦਾ ਤਰੀਕਾ ਹੈ ਬਲਕਿ ਸਰੀਰ ਨੂੰ ਕੋਵਿਡ ਨਾਲ ਲੜਨ ਦੇ ਯੋਗ ਵੀ ਬਣਾਉਂਦਾ ਹੈ। ਇਸੇ ਲਈ ਹੁਣ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਟੀਕਾਕਰਨ ਸ਼ੁਰੂ ਕੀਤਾ ਗਿਆ ਹੈ। ਦੁਨੀਆ ਦੇ ਕਈ ਹਿੱਸਿਆਂ ਵਿੱਚ ਬੱਚਿਆਂ ਲਈ ਕੋਵਿਡ-19 ਵੈਕਸੀਨ ਵਿਕਸਿਤ ਕਰਨ ਲਈ ਕੰਮ ਚੱਲ ਰਿਹਾ ਹੈ।

Comment here