ਅਪਰਾਧਸਿਆਸਤਖਬਰਾਂਦੁਨੀਆ

ਅਫਗਾਨ ਹਮਲੇ ਚ ਮਾਰੇ ਗਏ ਸਿੱਖ ਦੇ ਪਰਿਵਾਰ ਨੂੰ ਪੀ ਐੱਮ ਮੋਦੀ ਦਾ ਸ਼ੋਕ ਰੁੱਕਾ

ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਵੀ ਦੁੱਖ ਦਾ ਇਜ਼ਹਾਰ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫਗਾਸਿਤਾਨ ਦੀ ਰਾਜਧਾਨੀ ਕਾਬੁਲ ਵਿਖੇ ਗੁਰਦੁਆਰਾ ਕਰਤੇ ਪ੍ਰਵਾਨ ਸਾਹਿਬ ‘ਤੇ ਹੋਏ ਹਮਲੇ ‘ਚ ਮਾਰੇ ਗਏ ਸਿੱਖ ਸਵਿੰਦਰ ਸਿੰਘ ਦੇ ਪਰਿਵਾਰ ਨੂੰ ਪੱਤਰ ਲਿਖ ਕੇ ਦੁੱਖ ਜ਼ਾਹਰ ਕੀਤਾ ਹੈ। ਗੁਰਦੁਆਰਾ ਸਾਹਿਬ ‘ਤੇ ਹਮਲੇ ਵਿੱਚ 2 ਸਿੱਖਾਂ ਦੀ ਮੌਤ ਹੋ ਗਈ ਸੀ, ਜਦਕਿ 7 ਜ਼ਖ਼ਮੀ ਹੋ ਗਏ ਸਨ। ਇਸ ਹਮਲੇ ਦੇ ਵਿਰੋਧ ਵਿੱਚ ਭਾਰਤ ਨੇ ਤਿੱਖਾ ਇਤਰਾਜ਼ ਜਤਾਇਆ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਸਥਿਤ ਗੁਰਦੁਆਰਾ ਕਾਰਤੇ ਪਰਵਾਨ ‘ਤੇ ਹੋਏ ਅੱਤਵਾਦੀ ਹਮਲੇ ਨਿਖੇਧੀ ਟਵੀਟ ਕਰਦੇ ਹੋਏ ਇਸ ਨੂੰ ਵਹਿਸ਼ੀ ਹਮਲੇ ਦੱਸਿਆ ਸੀ। ਅੱਜ ਪ੍ਰਧਾਨ ਮੰਤਰੀ ਨੇ ਮ੍ਰਿਤਕ ਸਵਿੰਦਰ ਸਿੰਘ ਦੇ ਪੁੱਤਰ ਅਜਮੀਤ ਸਿੰਘ ਨੂੰ ਪੱਤਰ ਲਿਖ ਕੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਪੱਤਰ ਵਿੱਚ ਲਿਖਿਆ ਕਿ ਮੈਨੂੰ ਬਹੁਤ ਹੀ ਦੁੱਖ ਹੈ ਕਿ ਸਵਿੰਦਰ ਸਿੰਘ ਜੀ ਦੀ ਹਮਲੇ ਵਿੱਚ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਨੇ ਮਨੁੱਖਤਾ ਦਾ ਭਲਾ ਕਰਨ ਦੀਆਂ ਸਿੱਖਿਆਵਾਂ ਦਿੱਤੀਆਂ ਹਨ। ਸ੍ਰੀ ਸਵਿੰਦਰ ਸਿੰਘ ਵਿੱਚ ਵੀ ਇਹ ਸਾਰੇ ਗੁਣ ਸਨ ਅਤੇ ਉਨ੍ਹਾਂ ਦੀ ਮੌਤ ਨਾਲ ਜੁੜੇ ਸਾਰੇ ਵਿਅਕਤੀਆਂ ਨੂੰ ਬਹੁਤ ਹੀ ਦੁੱਖ ਹੋਇਆ ਹੈ। ਪੀਐਮ ਮੋਦੀ ਨੇ ਲਿਖਿਆ ਸਵਿੰਦਰ ਸਿੰਘ ਅਫਗਾਨਿਸਤਾਨ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਬਹੁਤ ਹੀ ਚੰਗੇ ਅਤੇ ਵੱਡੇ ਨੁਮਾਇੰਦੇ ਸਨ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।ਉਨ੍ਹਾਂ ਕਿਹਾ ਕਿ ਸਵਿੰਦਰ ਸਿੰਘ ਦੀਆਂ ਯਾਦਾਂ ਅਤੇ ਉਨ੍ਹਾਂ ਦਾ ਜੀਵਨ ਪਰਿਵਾਰ ਅਤੇ ਰਿਸ਼ਤੇਦਾਰਾਂ-ਮਿੱਤਰਾਂ ਨੂੰ ਪ੍ਰੇਰਣਾ ਦਿੰਦਾ ਰਹੇਗਾ।

ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਵੀ ਦੁੱਖ ਦਾ ਇਜ਼ਹਾਰ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਫ਼ਗਾਨਿਸਤਾਨ ਦੇ ਕਾਬਲ ਵਿਖੇ ਗੁਰਦੁਆਰਾ ਕਰਤੇ ਪ੍ਰਵਾਨ ਸਾਹਿਬ ’ਤੇ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਭਾਈ ਸਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦਿੱਲੀ ਵਿਖੇ ਪੁੱਜ ਕੇ ਹਮਦਰਦੀ ਪ੍ਰਗਟ ਕੀਤੀ । ਐਡਵੋਕੇਟ ਧਾਮੀ ਨੇ ਇਸੇ ਦੌਰਾਨ ਦਿੱਲੀ ਦੇ ਤਿਲਕ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਸ਼ਹੀਦ ਭਾਈ ਸਵਿੰਦਰ ਸਿੰਘ ਦੀ ਅੰਤਿਮ ਅਰਦਾਸ ਵਿਚ ਵੀ ਸ਼ਮੂਲੀਅਤ ਕੀਤੀ ਅਤੇ ਕਾਬਲ ਵਿਖੇ ਹੋਏ ਅੱਤਵਾਦੀ ਹਮਲੇ ਨੂੰ ਮਾਨਵ ਵਿਰੋਧੀ ਕਰੂਰ ਕਾਰਾ ਕਰਾਰ ਦਿੱਤਾ । ਉਨ੍ਹਾਂ ਸ਼ਹੀਦ ਭਾਈ ਸਵਿੰਦਰ ਸਿੰਘ ਦੀ ਪਤਨੀ ਪਾਲ ਕੌਰ, ਬਰਤਾਨੀਆ ਤੋਂ ਪੁੱਜੇ ਉਨ੍ਹਾਂ ਦੇ ਸਪੁੱਤਰ ਅਜਮੀਤ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

Comment here