ਵਾਸ਼ਿੰਗਟਨ– ਅਫਗਾਨਿਸਤਾਨ ਵਿਚੋਂ ਅਮਰੀਕੀ ਫੌਜਾਂ ਦੀ ਵਾਪਸੀ ਮਗਰੋੰ ਤਾਲਿਬਾਨਾਂ ਦੇ ਕਬਜ਼ੇ ਕਾਰਨ ਦੇਸ਼ ਦੇ ਹਾਲਾਤ ਨਾਜ਼ੁਕ ਦੌਰ ਚੋਂ ਗੁਜ਼ਰ ਰਹੇ ਹਨ। ਇਸ ਦੌਰਾਨ ਅਮਰੀਕਾ ਫੌਜ ਵਾਪਸੀ ਦੇ ਫੈਸਲੇ ਕਾਰਨ ਅਲੋਚਨਾ ਵੀ ਝੱਲ ਰਿਹਾ ਹੈ, ਇਸ ਸਾਰੇ ਕਾਸੇ ਤੇ ਬਚਾਅ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅਫ਼ਗਾਨ ਲੀਡਰਸ਼ਿਪ ਨੂੰ ਬਿਨਾਂ ਕਿਸੇ ਸੰਘਰਸ਼ ਦੇ ਤਾਲਿਬਾਨ ਨੂੰ ਸੱਤਾ ਸੌਂਪਣ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਨਾਲ ਹੀ ਤਾਲਿਬਾਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਅਮਰੀਕੀ ਕਰਮੀਆਂ ’ਤੇ ਹਮਲਾ ਕੀਤਾ ਤਾਂ ਅਮਰੀਕਾ ਜਵਾਬੀ ਕਾਰਵਾਈ ਕਰੇਗਾ। ਬਾਇਡਨ ਨੇ ਅਫ਼ਗਾਨਿਸਤਾਨ ਤੋਂ ਆ ਰਹੀਆਂ ਤਸਵੀਰਾਂ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਫ਼ੌਜੀ ਕਿਸੇ ਅਜਿਹੇ ਯੁੱਧ ’ਚ ਨਹੀਂ ਮਰ ਸਕਦੇ ਜੋ ਅਫ਼ਗਾਨ ਫੋਰਸ ਆਪਣੇ ਲਈ ਲੜਨਾ ਹੀ ਨਹੀਂ ਚਾਹੁੰਦੇ। ਰਾਸ਼ਟਰਪਤੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਮੈਂ ਆਪਣੇ ਫ਼ੈਸਲੇ ਨਾਲ ਪੂਰੀ ਤਰ੍ਹਾਂ ਹਾਂ। ਮੈਂ 20 ਸਾਲਾਂ ਬਾਅਦ ਇਹ ਸਿੱਖਿਆ ਕਿ ਅਮਰੀਕੀ ਫ਼ੌਜ ਨੂੰ ਵਾਪਸ ਬੁਲਾਉਣ ਦਾ ਕਦੇ ਚੰਗਾ ਸਮਾਂ ਨਹੀਂ ਆਇਆ, ਇਸ ਲਈ ਅਸੀਂ ਅਜੇ ਤੱਕ ਉੱਥੇ ਸੀ। ਅਸੀਂ ਜ਼ੋਖਮਾਂ ਨੂੰ ਲੈ ਕੇ ਸਪੱਸ਼ਟ ਸੀ। ਉਨ੍ਹਾਂ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਇਹ ਸਭ ਕੁਝ ਸਾਡੇ ਅਨੁਮਾਨ ਤੋਂ ਕਿਤੇ ਵੱਧ ਜਲਦੀ ਹੋਇਆ। ਤਾਂ ਕੀ ਹੋਇਆ? ਅਫ਼ਗਾਨਿਸਤਾਨ ਦੇ ਆਗੂਆਂ ਨੇ ਹਾਰ ਮੰਨ ਲਈ ਅਤੇ ਦੇਸ਼ ਛੱਡ ਕੇ ਦੌੜ ਗਏ। ਅਫ਼ਗਾਨ ਫ਼ੌਜ ਨੇ ਵੀ ਹਾਰ ਮੰਨ ਲਈ ਅਤੇ ਉਹ ਵੀ ਲੜਨ ਦੀ ਕੋਸ਼ਿਸ਼ ਕੀਤੇ ਬਿਨਾਂ। ਅਸੀਂ ਅਫ਼ਗਾਨਿਸਤਾਨੀ ਫ਼ੌਜ ਦੇ ਕਰੀਬ 3 ਲੱਖ ਫ਼ੌਜੀਆਂ ਨੂੰ ਸਿਖਲਾਈ ਦਿੱਤੀ। ਉਨ੍ਹਾਂ ਨੂੰ ਸਾਜੋ-ਸਾਮਾਨ ਦਿੱਤੇ। ਉਨ੍ਹਾਂ ਦੀ ਫ਼ੌਜ ਸਾਡੇ ਕਈ ਨਾਟੋ ਸਹਿਯੋਗੀਆਂ ਦੀ ਫ਼ੌਜ ਨਾਲ ਕਿਤੇ ਵੱਧ ਵੱਡੀ ਹੈ। ਅਸੀਂ ਉਨ੍ਹਾਂ ਨੂੰ ਤਨਖ਼ਾਹ ਦਿੱਤੀ, ਹਵਾਈ ਫ਼ੌਜ ਦੀ ਦੇਖ-ਰੇਖ ਕੀਤੀ, ਜੋ ਤਾਲਿਬਾਨ ਕੋਲ ਨਹੀਂ ਹੈ। ਅਸੀਂ ਉਨ੍ਹਾਂ ਨੂੰ ਭਵਿੱਖ ਤੈਅ ਕਰਨ ਦਾ ਮੌਕਾ ਦਿੱਤਾ। ਬਾਇਡਨ ਨੇ ਕਿਹਾ ਕਿ ਮੈਂ ਤਾਲਿਬਾਨ ਨਾਲ ਰਾਜਨੀਤਕ ਸਮਝੌਤਾ ਕਰਨ ਦੀ ਬੇਨਤੀ ਕੀਤੀ ਸੀ। ਇਸ ਸਲਾਹ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਗਿਆ। ਗਨੀ ਨੇ ਜ਼ੋਰ ਦਿੱਤਾ ਸੀ ਕਿ ਅਫ਼ਗਾਨ ਫ਼ੌਜ ਲੜੇਗੀ ਪਰ ਜ਼ਾਹਰ ਤੌਰ ’ਤੇ ਉਹ ਗਲਤ ਸਨ। ਬਾਇਡਨ ਨੇ ਕਿਹਾ ਕਿ ਉਹ ਅਤੀਤ ਵਿਚ ਅਮਰੀਕਾ ਵਲੋਂ ਕੀਤੀਆਂ ਗਈਆਂ ਗਲਤੀਆਂ ਨੂੰ ਨਹੀਂ ਦੁਹਰਾਉਣਗੇ। ਕਿਸੇ ਸੰਘਰਸ਼ ’ਚ ਸ਼ਾਮਲ ਰਹਿਣ ਅਤੇ ਅਣਮਿੱਥੇ ਤੱਕ ਲੜਨ ਦੀ ਗਲਤੀ ਅਮਰੀਕਾ ਦੇ ਰਾਸ਼ਟਰੀ ਹਿੱਤ ਵਿਚ ਨਹੀਂ ਹੈ, ਆਪਣੇ ਮੁਲਕ ਨੂੰ ਆਪਣੇ ਲੋਕਾਂ ਨੂੰ ਬਚਾਉਣ ਦੀ ਉਹਨਾਂ ਨਾਲ ਡਟਣ ਦੀ ਨੈਤਿਕ ਜਿ਼ਮੇਵਾਰੀ ਅਫਗਾਨ ਨੇਤਾਵਾਂ ਤੇ ਫੌਜ ਦੀ ਬਣਦੀ ਸੀ, ਜੋ ਉਹਨਾਂ ਨੇ ਨਹੀਂ ਨਿਭਾਈ।
ਅਫਗਾਨ ਲੀਡਰਸ਼ਿਪ ਨੇ ਬਿਨਾ ਲੜਿਆਂ ਤਾਲਿਬਾਨ ਨੂੰ ਸੌਂਪੀ ਸੱਤਾ-ਜੋਅ ਬਾਇਡਨ

Comment here