ਸਿਆਸਤਖਬਰਾਂਦੁਨੀਆ

ਅਫਗਾਨ ਫੌਜ ਨੇ ਤਿੰਨ ਸੌ ਤੋੰ ਵਧ ਤਾਲਿਬਾਨੀ ਅੱਤਵਾਦੀ ਮਾਰ ਮੁਕਾਏ

ਕਾਬੁਲ-ਅਫ਼ਗਾਨਿਸਤਾਨ ’ਚ ਲਗਾਤਾਰ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਤਾਲਿਬਾਨਾਂ ਨੂੰ ਅਫਗਾਨ ਫੌਜ ਵੀ ਮੂੰਹ ਤੋੜ ਜੁਆਬ ਦੇ ਰਹੀ ਹੈ।  ਬੀਤੇ 24 ਘੰਟਿਆਂ ’ਚ ਅਫ਼ਗਾਨ ਫੌਜ ਨੇ 300 ਤੋਂ ਵੱਧ ਤਾਲਿਬਾਨੀ ਮਾਰ ਦਿੱਤੇ ਹਨ, ਜਦਕਿ 125 ਤੋਂ ਵੱਧ ਜ਼ਖ਼ਮੀ ਹੋਏ ਹਨ। ਅਫ਼ਗਾਨਿਸਤਾਨ ਦੇ ਰੱਖਿਆ ਮੰਤਰਾਲੇ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਨੰਗਰਹਾਰ, ਲਗਮਨ, ਗਜਨੀ ਹੇਰਾਤ, ਸਮਾਂਗਨ, ਫਰਯਾਬ ਆਦਿ ’ਚ ਫੌਜ ਨੇ ਬੀਤੇ 24 ਘੰਟਿਆਂ ’ਚ ਸਰਚ ਮੁਹਿੰਮ ਚਲਾਈ।ਇਸ ਦੇ ਇਲਾਵਾ ਹਥਿਆਰਾਂ ਦਾ ਜਖ਼ੀਰਾ ਅਤੇ ਲੜਾਕੂਆਂ ਦਾ ਠਿਕਾਣਾ ਤਬਾਹ ਕਰ ਦਿੱਤਾ ਗਿਆ ਹੈ। ਇਕ ਦਿਨ ਪਹਿਲਾਂ ਹੀ ਤਾਲਿਬਾਨੀ ਲੜਾਕੂਆਂ ਨੇ ਅਫ਼ਗਾਨਿਸਤਾਨ ਦੇ ਕਾਰਜਕਾਰੀ ਰੱਖਿਆ ਮੰਤਰੀ ਬਿਸਮਿੱਲਾ ਖ਼ਾਨ ਮੋਹਮੰਦੀ ਨੂੰ ਨਿਸ਼ਾਨਾ ਬਣਾਇਆ ਸੀ। ਹਾਲਾਂਕਿ ਮੰਤਰੀ ਇਸ ਹਮਲੇ ’ਚ ਵਾਲ-ਵਾਲ ਬਚ ਗਏ। ਉਨ੍ਹਾਂ ਦੇ ਘਰ ’ਤੇ ਹਮਲਾ ਕੀਤਾ ਗਿਆ ਸੀ ਪਰ ਉਸ ਸਮੇਂ ਰੱਖਿਆ ਮੰਤਰੀ ਘਰ ’ਚ ਨਹੀਂ ਸਨ। ਅਫ਼ਗਾਨਿਸਤਾਨ ਦਾ ਦੋਸ਼ ਹੈ ਕਿ ਤਾਲਿਬਾਨ ਪਾਕਿਸਤਾਨ ਦੀ ਮਦਦ ਨਾਲ ਦੇਸ਼ ਨੂੰ ਤਬਾਹੀ ਦੀ ਅੱਗ ’ਚ ਪਾ ਰਹੇ ਹਨ। ਪਸ਼ਤੂਨ ਨੇਤਾ ਮਹਮੂਦ ਖਾਨ ਅਚਕਜਈ ਨੇ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਤੋਂ ਅਫ਼ਗਾਨਿਸਤਾਨ ’ਚ ਯੁੱਧ ਲਈ ਆਪਣੇ ਸਮਰਥਨ ਦੀ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਦੇਸ਼ ’ਚ ਸ਼ਾਂਤੀ ਖੇਤਰੀ ਸਥਿਰਤਾ ਲਈ ਮਹੱਤਵਪੂਰਨ ਹੈ। ਪਾਕਿਸਤਾਨ ਦੀ ਅਵਾਮੀ ਨੈਸ਼ਨਲ ਪਾਰਟੀ ਦੇ ਨੇਤਾ ਅਚਕਜਈ ਨੇ ਹਾਲ ਹੀ ’ਚ ਕਿਹਾ ਸੀ ਕਿ ਦੁਨੀਆ ਨੂੰ ਅਫ਼ਗਾਨਿਸਤਾਨ ਦੀ ਸੁਤੰਤਰਤਾ ਦਾ ਸਾਹਮਣਾ ਕਰਨਾ ਚਾਹੀਦਾ ਹੈ। ਮਹਿਮੂਦ ਨੇ ਕਿਹਾ ਕਿ ਜੇਕਰ ਪਾਕਿਸਤਾਨ ਨੇ ਕਾਰਵਾਈ ਨਹੀਂ ਕੀਤੀ ਤਾਂ ਅਫ਼ਗਾਨਿਸਤਾਨ ’ਚ ਯੁੱਧ ਜਲਦ ਹੀ ਇਸਲਾਮਾਬਾਦ ਪਹੁੰਚ ਜਾਵੇਗਾ। ਪਾਕਿਸਤਾਨ ਉੱਤੇ ਤਾਲਿਬਾਨਾਂ ਦੇ ਸਮਰਥਨ ਕਰਨ ਕਰਕੇ ਲਗਾਤਾਰ ਸ਼ਬਦੀ ਹੱਲੇ ਹੋ ਰਹੇ ਹਨ।

Comment here