ਅਪਰਾਧਸਿਆਸਤਖਬਰਾਂਦੁਨੀਆ

ਅਫਗਾਨ ਫੌਜ ਚ ਆਤਮਘਾਤੀ ਦਸਤੇ ਵੀ ਹੋਣਗੇ!!!

ਪਾਕਿ ਨਾਲ ਡੂਰੰਡ ਲਾਈਨ ਬਾਰੇ ਸੀਕ੍ਰੇਟ ਡੀਲ

ਕਾਬੁਲ- ਅਫਗਾਨਿਸਤਾਨ ਦੀ ਸੱਤਾ ਤੇ ਕਾਬਜ਼ ਤਾਲਿਬਾਨਾਂ ਵੱਲ ਦੁਨੀਆ ਆਸ ਦੀ ਨਜ਼ਰ ਨਾਲ ਦੇਖ ਰਹੀ ਹੈ ਕਿ ਉਹ ਮੁਲਕ ਦੇ ਹਾਲਾਤ ਸਾਜ਼ਗਾਰ ਕਰਨ ਵੱਲ ਕਦਮ ਵਧਾਉਣਗੇ ਅਤੇ ਵਿਸ਼ਵ ਪਧਰ ਤੇ ਉਭਰੇ ਸ਼ੰਕਿਆਂ ਨੂੰ ਮਿਟਾਉਣ ਲਈ ਚਾਰਾਜੋਈ ਕਰਨਗੇ, ਪਰ ਇਸ ਦੀ ਆਸ ਮਧਮ ਹੈ, ਜਦ ਅਜਿਹੀਆਂ ਖਬਰਾਂ ਆਉੰਦੀਆਂ ਹਨ ਕਿ ਤਾਲਿਬਾਨ ਹਥਿਆਰਬੰਦ ਬਲਾਂ ‘ਚ ਹੁਣ ਆਤਮਘਾਤੀ ਹਮਲਾਵਰਾਂ ਨੂੰ ਅਧਿਕਾਰਤ ਤੌਰ ‘ਤੇ ਆਪਣੀ ਫ਼ੌਜ ਵਿਚ ਭਰਤੀ ਕਰੇਗਾ। ਇਸ ਲਈ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਅਫਗਨਿਸਤਾਨ ਦੀ ਸੱਤਾ ‘ਤੇ ਕਬਜ਼ਾ ਕਰਨ ਦੇ ਬਾਅਦ ਤੋਂ ਹੀ ਤਾਲਿਬਾਨ ਆਪਣੇ ਵਿਰੋਧੀ ਇਸਲਾਮਿਕ ਸਟੇਟ ਤੋਂ ਵੱਡਾ ਖਤਰਾ ਮਹਿਸੂਸ ਕਰ ਰਿਹਾ ਹੈ। ਉਸੇ ਖਤਰੇ ਨਾਲ ਨਜਿੱਠਣ ਲਈ ਤਾਲਿਬਾਨ ਨੇ ਇਹ ਕਦਮ ਚੁੱਕਿਆ ਹੈ। ਅਗਸਤ 2021 ਵਿਚ ਸੱਤਾ ਵਿਚ ਆਉਣ ਤੋਂ ਬਾਅਦ ਤਾਲਿਬਾਨ ਨੇ 20 ਸਾਲ ਦੇ ਯੁੱਧ ਵਿਚ ਅਮਰੀਕੀ ਅਤੇ ਅਫਗਾਨ ਸੈਨਿਕਾਂ ‘ਤੇ ਹਮਲਾ ਕਰਨ ਅਤੇ ਉਹਨਾਂ ਨੂੰ ਹਰਾਉਣ ਲਈ ਆਤਮਘਾਤੀ ਹਮਲਾਵਰਾਂ ਦੀ ਵਰਤੋਂ ਇਕ ਮਹੱਤਵਪੂਰਨ ਹਥਿਆਰ ਦੇ ਤੌਰ ‘ਤੇ ਕੀਤੀ ਸੀ। ਹੁਣ ਤਾਲਿਬਾਨ ਸੱਤਾ ਵਿਚ ਵਾਪਸੀ ਤੋਂ ਬਾਅਦ ਵੀ ਕੁਝ ਅਜਿਹਾ ਹੀ ਕਰਨ ਜਾ ਰਿਹਾ ਹੈ। ਤਾਲਿਬਾਨ ਉਹਨਾਂ ਸਾਰੇ ਆਤਮਘਾਤੀ ਹਮਲਾਵਰਾਂ ਨੂੰ ਮੁੜ ਤੋਂ ਆਪਣੇ ਲੜਾਕਿਆਂ ਵਿਚ ਸ਼ਾਮਲ ਕਰ ਰਿਹਾ ਹੈ। ਤਾਲਿਬਾਨ ਦੇ ਡਿਪਟੀ ਬੁਲਾਰੇ ਬਿਲਾਲ ਕਰੀਮੀ ਨੇ ਦੱਸਿਆ ਕਿ ਹੁਣ ਤਾਲਿਬਾਨ ਅਫਗਾਸਿਤਾਨ ਦੀ ਰੱਖਿਆ ਲਈ ਦੇਸ਼ ਭਰ ਵਿਚ ਆਤਮਘਾਤੀ ਹਮਲਾਵਰਾਂ ਦੇ ਖਿੰਡੇ ਹੋਏ ਦਸਤਿਆਂ ਨੂੰ ਸੰਗਠਿਤ ਕਰ ਕੇ ਇਕ ਵਿਸ਼ੇਸ਼ ਦਸਤਾ ਬਣਾਉਣਾ ਚਾਹੁੰਦਾ ਹੈ। ਇਸ ਦਸਤੇ ਦਾ ਮੁੱਖ ਨਿਸ਼ਾਨਾ ਇਸਲਾਮਿਕ ਸਟੇਟ ਦੀਆਂ ਸਥਾਨਕ ਸ਼ਖਾਵਾਂ ਹੋਣਗੀਆਂ।  ਤਾਲਿਬਾਨ ਦੇ ਸੱਤਾ ਵਿਚ ਆਉਣ ਦੇ ਬਾਅਦ ਤੋਂ ਇਸਲਾਮਿਕ ਸਟੇਟ ਨੇ ਘੱਟੋ-ਘੱਟ 5 ਵੱਡੇ ਹਮਲੇ ਕੀਤੇ ਹਨ। ਇਹਨਾਂ ਵਿਚੋਂ ਕਈ ਹਮਲੇ ਆਤਮਘਾਤੀ ਹਮਲਾਵਰਾਂ ਨੇ ਕੀਤੇ ਸਨ। ਕਰੀਮੀ ਨੇ ਦਸਤੇ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿਸ਼ੇਸ਼ ਦਲ, ਜਿਹਨਾਂ ਵਿਚ ਸ਼ਹੀਦੀ ਚਾਹੁਣ ਵਾਲੇ ਸ਼ਾਮਲ ਹੋਣਗੇ, ਦੀ ਵਰਤੋਂ ਵਿਸ਼ੇਸ਼ ਮੁਹਿੰਮਾਂ ਲਈ ਕੀਤੀ ਜਾਵੇਗੀ। 

ਡੂਰੰਡ ਲਾਈਨ ਨੂੰ ਲੈ ਕੇ ਤਕਰਾਰ

ਇਸ ਦੌਰਾਨ ਇਹ ਵੀ ਖਬਰਾਂ ਆ ਰਹੀਆਂ ਹਨ ਕਿ  ਦੋਸਤ ਸਮਝੇ ਜਾਣ ਵਾਲੇ ਪਾਕਿਸਤਾਨ ਨਾਲ ਵੀ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਦੀ ਸਰਕਾਰ ਦੀ ਨਾਰਾਜ਼ਗੀ ਵੱਧਦੀ ਜਾ ਰਹੀ ਹੈ। ਡੂਰੰਡ ਲਾਈਨ ‘ਤੇ ਤਾਲਿਬਾਨ ਵਾੜ ਲਗਾਉਣ ਦੇ ਖ਼ਿਲਾਫ਼ ਹੈ ਅਤੇ ਪਾਕਿਸਤਾਨ ਵਾੜ ਲਗਾਉਣ ਦਾ ਕੰਮ ਜਾਰੀ ਰੱਖੇ ਹੋਏ ਹੈ। ਤਾਲਿਬਾਨ ਨੇ ਕਈ ਇਲਾਕਿਆਂ ਵਿਚ ਪਾਕਿਸਤਾਨ ਵੱਲੋਂ ਲਗਾਈ ਵਾੜ ਉਖਾੜ ਦਿੱਤੀ ਹੈ। ਪਾਕਿਸਤਾਨ ਦੇ ਇਕ ਸੀਨੀਅਰ ਅਧਿਕਾਰੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਪਾਕਿਸਤਾਨ ਦੇ ਸੈਨਿਕਾਂ ਦਾ ਖੂਨ ਵਾੜ ਲਗਾਉਣ ਸਮੇਂ ਡੁੱਲਿਆ ਹੈ ਇਸ ਲਈ ਇਹ ਕੰਮ ਨਹੀਂ ਰੁਕੇਗਾ। ਉੱਥੇ ਤਾਲਿਬਾਨ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਨੂੰ ਵਾੜ ਨਹੀਂ ਲਗਾਉਣ ਦੇਵੇਗਾ। ਤਾਲਿਬਾਨ ਦੇ ਕਮਾਂਡਰ ਮਾਵਲਵੀ ਸਨਾਉੱਲਾ ਸੰਗੀਨ ਨੇ ਅਫਗਾਨਿਸਤਾਨ ਦੇ ਟੋਲੋ ਨਿਊਜ਼ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਅਸੀਂ ਕਿਸੇ ਵੀ ਸਮੇਂ, ਕਿਸੇ ਵੀ ਰੂਪ ਵਿਚ ਵਾੜ ਲਗਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਜੋ ਪਹਿਲਾਂ ਕਰ ਲਿਆ, ਸੋ ਕਰ ਲਿਆ ਪਰ ਹੁਣ ਅਸੀਂ ਇਸ ਦੀ ਇਜਾਜ਼ਤ ਨਹੀਂ ਦੇਵਾਂਗੇ। ਇਥੇ ਟਕਰਾਅ ਵਾਲੇ ਹਾਲਾਤ ਬਣੇ ਹੋਏ ਹਨ।

ਪਾਕਿ ਨਾਲ ਡੂਰੰਡ ਲਾਈਨ ਬਾਰੇ ਸੀਕ੍ਰੇਟ ਡੀਲ

ਪਾਕਿਸਤਾਨ ਅਤੇ ਅਫਗਾਨਿਸਤਾਨ ਨੇ ਦੋਵੇਂ ਦੇਸ਼ ਵੰਡਣ ਵਾਲੀ ਕੰਟਰੋਲ ਲਾਈਨ ਡੂਰੰਡ ਲਾਈਨ ਨੂੰ ਲੈ ਕੇ ਇਕ ਸੀਕ੍ਰੇਟ ਡੀਲ ਕਰ ਲਈ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨੀ ਫੌਜ ਨੇ ਤਾਲਿਬਾਨ ‘ਤੇ ਦਬਾਅ ਬਣਾ ਕੇ ਉਸ ਨੂੰ ਆਪਣੇ ਦਾਅਵੇ ਤੋਂ ਪਿੱਛੇ ਹੱਟਣ ਲਈ ਮਜਬੂਰ ਕੀਤਾ। ਇਸ ਤੋਂ ਪਹਿਲੇ ਅਫਗਾਨਿਸਤਾਨ ਦੇ ਅੰਤਰਿਮ ਤਾਲਿਬਾਨ ਸਰਕਾਰ ਨੇ ਡੂਰੰਡ ਲਾਈਨ ਨੂੰ ਸਵੀਕਾਰ ਨਾ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਚੱਲਦੇ ਤਾਲਿਬਾਨ ਨੇ ਦਸੰਬਰ ‘ਚ ਪਾਕਿਸਤਾਨੀ ਫੌਜ ਦੀ ਦੇਖ-ਰੇਖ ‘ਚ ਡੂਰੰਡ ਲਾਈਨ ‘ਤੇ ਲੱਗ ਰਹੀ ਤਾਰ ਬਾਡ ਉਖਾੜ ਸੁੱਟੀ ਅਤੇ ਮੌਕੇ ਤੋਂ ਤਾਰ ਜ਼ਬਤ ਕਰ ਲਈ ਸੀ। ਅਪੁਸ਼ਟ ਸੂਤਰਾਂ ਮੁਤਾਬਕ ਉਸ ਸਮੇਂ ਦੋਵਾਂ ਪੱਖਾਂ ‘ਚ ਅੱਧੇ ਘੰਟੇ ਤੱਕ ਫਾਇਰਿੰਗ ਵੀ ਹੋਈ ਸੀ। ਇਸ ਘਟਨਾ ਤੋਂ ਬਾਅਦ ਤਾਲਿਬਾਨ ‘ਤੇ ਦਬਾਅ ਵਧਾਉਣ ਲਈ ਪਾਕਿਸਤਾਨੀ ਫੌਜ ਨੇ ਅਫਗਾਨਿਸਤਾਨ ਨਾਲ ਲੱਗਣ ਵਾਲਾ ਚਮਨ ਬਾਰਡਰ ਬੰਦ ਕਰ ਦਿੱਤਾ। ਇਸ ਮਾਰਗ ਤੋਂ ਰੋਜ਼ ਸੈਂਕੜਾਂ ਟਰੱਕ ਇਕ-ਦੂਜੇ ਦੇ ਦੇਸ਼ ‘ਚ ਮਾਲ ਲੈ ਕੇ ਜਾਂਦੇ-ਆਉਂਦੇ ਹਨ। ਨਾਲ ਹੀ ਹਜ਼ਾਰਾਂ ਲੋਕ ਵੀ ਆਉਂਦੇ-ਜਾਂਦੇ ਹਨ। ਇਸ ਦੇ ਨਾਲ ਪਾਕਿਸਤਾਨ ਨੇ ਤੋਰਖਮ ਬਾਰਡਰ ਵੀ ਬੰਦ ਕਰ ਦਿੱਤਾ ਅਤੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ ਦੀ ਕਾਬੁਲ ਦੀ ਨਿਯਮਿਤ ਹਵਾਈ ਸੇਵਾ ਵੀ ਰੋਕ ਦਿੱਤੀ। ਇਸ ਸਭ ਤੋਂ ਜ਼ਰੂਰੀ ਸਾਮਾਨ ਅਤੇ ਪੈਸੇ ਦੀ ਘਾਟ ਝੱਲ ਰਿਹਾ ਤਾਲਿਬਾਨ ਪ੍ਰਸ਼ਾਸਨ ਦਬਾਅ ‘ਚ ਆ ਗਿਆ। ਇਸ ਤੋਂ ਬਾਅਦ ਪਾਕਿਸਤਾਨ ਫੌਜ ਦੇ ਜਨਰਲਾਂ ਅਤੇ ਤਾਲਿਬਾਨ ਪ੍ਰਸ਼ਾਸਨ ਦੀ ਮੀਟਿੰਗ ‘ਚ ਤਾਰ ਬਾਡ ਲਗਾਉਣ ਦਾ ਬਾਕੀ ਕੰਮ ਪੂਰਾ ਕਰਨ ‘ਤੇ ਸਹਿਮਤੀ ਬਣ ਗਈ। ਤਾਲਿਬਾਨ ਨੇ ਪਿਛਲੇ ਸ਼ਾਸਨ ‘ਚ ਵੀ ਪਾਕਿਸਤਾਨ ਨੇ ਅਫਗਾਨਿਸਤਾਨ ‘ਚ ਕਰੀਬ ਡੇਢ ਕਿਲੋਮੀਟਰ ਅੰਦਰ ਤਾਰ ਬਾਡ ਲਗਾ ਦਿੱਤੀ ਸੀ ਜਿਸ ਦੇ ਚੱਲਦੇ ਤਾਲਿਬਾਨ ਤੋਂ ਬਾਅਦ ਆਈ ਕਰਜਈ ਅਤੇ ਗਨੀ ਸਰਕਾਰਾਂ ਤੋਂ ਪਾਕਿਸਤਾਨ ਦੀ ਤੜਕਾ-ਭੜਕੀ ਚੱਲਦੀ ਰਹੀ। ਚਮਨ ਬਾਰਡਰ ਦੇ ਕਰੀਬ ਤਾਰ ਬਾਡ ਨੂੰ ਵੀ ਪਾਕਿਸਤਾਨ ਨੇ ਅਫਗਾਨ ਇਲਾਕੇ ‘ਚ ਇਕ ਕਿਲੋਮੀਟਰ ਅੰਦਰ ਲਗਾਇਆ ਹੈ। ਮੁਸ਼ਕਿਲ ‘ਚ ਫਸਿਆ ਅਤੇ ਸਮਰਥਨ ਦੇ ਅਹਿਸਾਨ ਤੋਂ ਦਬਿਆ ਤਾਲਿਬਾਨ ਇਸ ‘ਤੇ ਪਾਕਿਸਤਾਨ ਨੂੰ ਕੁਝ ਨਹੀਂ ਕਹਿ ਪਾ ਰਿਹਾ ਹੈ।

Comment here