ਕਾਬੁਲ-ਤਾਲਿਬਾਨੀ ਸੱਤਾ ਦੇ ਅਧੀਨ ਆਏ ਅਫਗਾਨਿਸਤਾਨ ਦੇ ਹਾਲਾਤ ਦਿਨ ਬ ਦਿਨ ਬਦਤਰ ਹੋ ਰਹੇ ਹਨ। ਆਏ ਦਿਨ ਵਾਪਰਦੀਆਂ ਹਿੰਸਕ ਵਾਰਦਾਤਾਂ ਇੱਥੇ ਦੇ ਵਿਗੜੇ ਹਾਲਾਤਾਂ ਨੂੰ ਬਿਆਨਦੀਆੰ ਹਨ। ਹੁਣ ਇੱਥੇ ਪੱਛਮੀ ਅਫ਼ਗਾਨਿਸਤਾਨ ਦੇ ਹੇਰਾਤ ਸ਼ਹਿਰ ’ਚ ਹੋਏ ਇਕ ਭਿਆਨਕ ਧਮਾਕੇ ’ਚ ਘਟੋ-ਘੱਟ ਸੱਤ ਲੋਕ ਮਾਰੇ ਗਏ ਜਦੋਂਕਿ ਨੌਂ ਲੋਕ ਜ਼ਖ਼ਮੀ ਹੋ ਗਏ। ਟੋਲੋ ਨਿਊਜ਼ ਨੇ ਸ਼ਨਿਚਰਵਾਰ ਨੂੰ ਆਪਣੀ ਰਿਪੋਰਟ ’ਚ ਦੱਸਿਆ ਕਿ ਧਮਾਕਾ ਇਕ ਮਿੰਨੀ ਬੱਸ ’ਚ ਹੋਇਆ ਸੀ। ਮਰਨ ਵਾਲਿਆਂ ’ਚ ਚਾਰ ਔਰਤਾਂ ਸ਼ਾਮਲ ਹਨ। ਫ਼ਿਲਹਾਲ ਕਿਸੇ ਵੀ ਬਾਗੀ ਸਮੂਹ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ। ਪਿਛਲੇ ਸਾਲ ਅਗਸਤ ’ਚ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤੋਂ ਹੁਣ ਤਕ ਦੇਸ਼ ਭਰ ’ਚ ਦਰਜਨਾਂ ਧਮਾਕੇ ਹੋ ਚੁੱਕੇ ਹਨ, ਜਿਨ੍ਹਾਂ ’ਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਜਿਹੀਆਂ ਕਈ ਵਾਰਦਾਤਾਂ ਦੀ ਜ਼ਿੰਮੇਵਾਰੀ ਅਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਲਈ ਹੈ। ਪਿਛਲੇ ਹਫ਼ਤੇ ਹੀ ਨਾਂਗਰਹਾਰ ਸੂਬੇ ਦੇ ਲਾਲਪੁਰਾ ਇਲਾਕੇ ’ਚ ਇਕ ਗੈਸ ਟੈਂਕ ’ਚ ਹੋਏ ਧਮਾਕੇ ’ਚ ਨੌਂ ਬੱਚੇ ਮਾਰੇ ਗਏ ਸਨ, ਜਦੋਂਕਿ ਚਾਰ ਜ਼ਖ਼ਮੀ ਹੋਏ ਸਨ। ਆਪਸੀ ਦੁਸ਼ਮਣੀ ਕਾਰਨ ਵੀ ਇੱਥੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਤੇ ਜਾਨਾਂ ਜਾ ਰਹੀਆਂ ਹਨ।
Comment here