ਸੋਸ਼ਲ ਮੀਡੀਆ ਜ਼ਰੀਏ ਚਲਾਈ ਜਾ ਰਹੀ ਹੈ ਪਾਕਿ ਨੂੰ ਬਦਨਾਮ ਕਰਨ ਦੀ ਮੁਹਿੰਮ
ਇਸਲਾਮਾਬਾਦ – ਤਾਲਿਬਾਨਾਂ ਦਾ ਸਮਰਥਨ ਕਰਨ ਕਰਕੇ ਕੌਮਾਂਤਰੀ ਪੱਧਰ ਉੱਤੇ ਅਲੋਚਨਾ ਦਾ ਸ਼ਿਕਾਰ ਹੋਇਆ ਪਾਕਿਸਤਾਨ ਹੁਣ ਆਪਣੇ ਬਚਾਅ ਲਈ ਦੂਜਿਆਂ ਸਿਰ ਦੋਸ਼ ਮੜ ਰਿਹਾ ਹੈ, ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੁਈਦ ਯੂਸਫ ਨੇ ਦੋਸ਼ ਲਗਾਇਆ ਕਿ ਯੁੱਧ ਪ੍ਰਭਾਵਿਤ ਅਫਗਾਨਿਸਤਾਨ ਵਿਚ ਸੁਰੱਖਿਆ ਦੀ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਗੁਆਂਢੀ ਦੇਸ਼ਾਂ ਦੇ ਸੋਸ਼ਲ ਮੀਡੀਆ ਅਕਾਊਂਟ ਇਸਲਾਮਾਬਾਦ ਨੂੰ ਬਦਨਾਮ ਕਰਨ ਲਈ ਸਰਗਰਮ ਹਨ। ਸੂਚਨਾ ਮੰਤਰੀ ਫਵਾਦ ਚੌਧਰੀ ਨਾਲ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਯੂਸਫ ਨੇ ਦੋਸ਼ ਲਗਾਇਆ, ‘ਅਫਗਾਨਿਸਤਾਨ ਦੀਆਂ ਅਸਫ਼ਲਤਾਵਾਂ ਲਈ ਪਾਕਿਸਤਾਨ ਨੂੰ ਜ਼ਿੰਮੇਦਾਰ ਠਹਿਰਾਉਣ ਦੀਆਂ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਹਨ। ਜਿਵੇਂ-ਜਿਵੇਂ ਤਾਲਿਬਾਨ ਦੇ ਹਮਲੇ ਤੇਜ਼ ਹੁੰਦੇ ਜਾ ਰਹੇ ਹਨ, ਉਸ ਦਾ ਦੋਸ਼ ਪਾਕਿਸਤਾਨ ’ਤੇ ਮੜ੍ਹਨ ਲਈ ਅਭਿਆਨ ਚਲਾਏ ਜਾ ਰਹੇ ਹਨ।’ ਉਨ੍ਹਾਂ ਦੋਸ਼ ਲਗਾਇਆ ਕਿ ਪਾਕਿਸਤਾਨ ਨੂੰ ਬਦਨਾਮ ਕਰਨ ਲਈ ਅਫਗਾਨਿਸਤਾਨ ਅਤੇ ਭਾਰਤੀ ਖ਼ਾਤਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਕਿ ਪਾਕਿਸਤਾਨ ਅਫਗਾਨਿਸਤਾਨ ਵਿਚ ਤਾਲਿਬਾਨ ਦਾ ਸਮਰਥਨ ਕਰ ਰਿਹਾ ਹੈ। ਸੂਚਨਾ ਮੰਤਰੀ ਚੌਧਰੀ ਨੇ ਦਾਅਵਾ ਕੀਤਾ ਕਿ ਜੂਨ 2019 ਤੋਂ ਅਗਸਤ 2021 ਤੱਕ ਦੇ ਟਵਿਟਰ ਟਰੈਂਡਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ‘ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਪ੍ਰਮੁੱਖ ਟਰੈਂਡਾਂ ਦੀ ਅਗਵਾਈ ਕੀਤੀ ਅਤੇ ਭਾਰਤ ਦੀ ਮਦਦ ਕਰਨ ਵਾਲਾ ਸਥਾਨਕ ਸੰਗਠਨ ਪੀ.ਟੀ.ਐੱਮ. (ਪਸ਼ਤੂਨ ਤਹਿਫੁਜ਼ ਅੰਦੋਲਨ) ਅਤੇ ਉਸ ਦੇ ਕਾਰਕੁਨ ਹਨ।’ ਜਦਕਿ ਹਾਲ ਹੀ ਵਿਚ ਅਫਗਾਨ ਫੌਜ ਵਲੋੰ ਮਾਰੇ ਗਏ ਤਾਲਿਬਾਨੀ ਲੜਾਕਿਆੰ ਵਿਚ ਕਈ ਪਾਕਿਸਤਾਨੀ ਲੋਕ ਸ਼ਾਮਲ ਹੋਣ ਦੇ ਤੱਥ ਵੀ ਸਾਹਮਣੇ ਆ ਚੁੱਕੇ ਹਨ। ਪਰ ਪਾਕਿਸਤਾਨ ਸਭ ਕੁਝ ਨੂੰ ਝੁਠਲਾਅ ਰਿਹਾ ਹੈ।
Comment here