ਅਪਰਾਧਸਿਆਸਤਵਿਸ਼ੇਸ਼ ਲੇਖ

ਅਫਗਾਨ ਦੀ ਸੱਤਾ ਤਬਦੀਲੀ ਲਈ ਆਖਰ ਕੌਣ ਜੁ਼ਮੇਵਾਰ ਹੈ

ਦਹਿਸ਼ਤਜ਼ਦਾ ਨੇ ਅਫਗਾਨੀ ਹਿੰਦੂ-ਸਿੱਖ

ਤਾਲਿਬਾਨ ਦੇ ਕਬਜ਼ੇ ਹੇਠ ਆਇਆ ਅਫ਼ਗਾਨਿਸਤਾਨ ਇਕ ਵਾਰ ਫਿਰ ਇਸਲਾਮਿਕ ਦਹਿਸ਼ਤਵਾਦ ਦਾ ਅੱਡਾ ਬਣ ਗਿਆ ਹੈ। ਆਖ਼ਰ ਤਾਲਿਬਾਨ ਦੀ ਜਿੱਤ ਲਈ ਕੌਣ ਜ਼ਿੰਮੇਵਾਰ ਹੈ? ਅਫ਼ਗਾਨ ਖ਼ੁਦ ਜਾਂ ਉਨ੍ਹਾਂ ਦੀ ਮਦਦ ਲਈ ਆਏ ਦੇਸ਼ਾਂ ਦੀਆਂ ਸਰਕਾਰਾਂ? ਸੱਚ ਤਾਂ ਇਹ ਹੈ ਕਿ ਉਨ੍ਹਾਂ ਅਖੌਤੀ ਮਦਦਗਾਰ ਮੁਲਕਾਂ ਦੇ ਸ਼ਾਸਕ ਹੀ ਤਾਲਿਬਾਨ ਦੀ ਜਿੱਤ ਲਈ ਜ਼ਿੰਮੇਵਾਰ ਹਨ। ਉਨ੍ਹਾਂ ਨੇ ਤਾਲਿਬਾਨ ਨਾਲ ਆਪਣੇ ਪਿਛਲੇ ਤਜਰਬੇ ਤੋਂ ਕੁਝ ਨਹੀਂ ਸਿੱਖਿਆ ਜਾਂ ਉਹ 20 ਸਾਲਾਂ ਦੌਰਾਨ ਤਾਲਿਬਾਨ ਦੀ ਦਹਿਸ਼ਤਵਾਦੀ ਨੂੰ ਭੁੱਲ ਗਏ। ਅਮਰੀਕਾ ਨੂੰ ਦੋਸ਼ੀ ਠਹਿਰਾਉਣਾ ਇਕ ਤਰ੍ਹਾਂ ਦਾ ਰੁਝਾਨ ਬਣ ਗਿਆ ਹੈ। ਇਸ ਲਈ, ਤੁਸੀਂ ਦੇਖੋ ਕਿ ਅਮਰੀਕਨ ਕੀ ਕਹਿੰਦੇ ਹਨ – ‘‘ਅਸੀਂ 20 ਸਾਲਾਂ ਦੇ ਲੰਬੇ ਅਰਸੇ ਤਕ ਅਫ਼ਗਾਨਿਸਤਾਨ ਵਿਚ ਰਹੇ। ਅਸੀਂ 2.2 ਟ੍ਰਿਲੀਅਨ ਖ਼ਰਚ ਕੀਤੇ। ਅਸੀਂ 2500 ਜਾਨਾਂ ਗੁਆਈਆਂ, 4500 ਜ਼ਖਮੀ ਹੋਏ। ਅਸੀਂ ਅਫ਼ਗਾਨ ਫ਼ੌਜਾਂ ਨੂੰ ਹਥਿਆਰਬੰਦ ਕੀਤਾ ਤੇ ਉਨ੍ਹਾਂ ਨੂੰ ਸਿਖਲਾਈ ਦਿੱਤੀ। ਅਸੀਂ ਅਫ਼ਗਾਨ ਫ਼ੌਜਾਂ ਨੂੰ ਉੱਨਤ ਬਣਾਉਣ ਲਈ ਅਰਬਾਂ ਰੁਪਏ ਦਿੱਤੇ। ਦੁਨੀਆ ਸਾਡੇ ਤੋਂ ਹੋਰ ਕੀ ਕਰਨ ਦੀ ਉਮੀਦ ਰੱਖਦੀ ਹੈ?’’ ਅਮਰੀਕਾ ਕੌੜਾ ਸੱਚ ਬੋਲ ਰਿਹਾ ਹੈ। ਕੀ ਕਿਸੇ ਨੇ ਅਫ਼ਗਾਨ ਸਰਕਾਰ ਨੂੰ ਪੁੱਛਿਆ ਕਿ ਤੁਹਾਨੂੰ ਦਿੱਤੇ ਗਏ ਅਰਬਾਂ ਡਾਲਰਾਂ ਦਾ ਕੀ ਹੋਇਆ?’’ ਇਸ ਦਾ ਕਿਸੇ ਕੋਲ ਕੋਈ ਉੱਤਰ ਨਹੀਂ ਹੈ। ਯੂਐੱਸਏ ਦਾ ਉਸ ਦੇ ਸਹਿਯੋਗੀ ਨਾਟੋ ਨੇ ਸਾਥ ਦਿੱਤਾ। ਸੱਚਾਈ ਇਹ ਹੈ ਕਿ ਵੱਖ-ਵੱਖ ਅਫ਼ਗਾਨ ਸਰਕਾਰਾਂ ਆਪਣੇ ਫ਼ਰਜ਼ਾਂ ਨੂੰ ਸਮਝਣ ਅਤੇ ਉਨ੍ਹਾਂ ’ਤੇ ਅਮਲ ਕਰਨ ਵਿਚ ਅਸਫਲ ਰਹੀਆਂ ਹਨ ਨਾ ਕਿ ਅਮਰੀਕਾ। ਉਹ ਆਪਣੀ ਲੜਾਈ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਵਿਚ ਅਸਫਲ ਰਹੀਆਂ। ਜਦੋਂ ਅਮਰੀਕੀ ਫ਼ੌਜਾਂ ਉੱਥੇ ਸਨ ਅਤੇ ਉਨ੍ਹਾਂ ਨੇ ਤਾਲਿਬਾਨ ਦੀ ਧਮਕੀ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਤੇ ਆਪਣਾ ਦਬਾਅ ਬਣਾਈ ਰੱਖਿਆ। ਜੇ ਅਫ਼ਗਾਨ ਸਰਕਾਰ ਇਨ੍ਹਾਂ ਧਮਕੀਆਂ ਨੂੰ ਨਰਮੀ ਨਾਲ ਲੈਂਦੀ ਰਹੀ ਅਤੇ ਸੋਚਿਆ ਕਿ ਤਾਲਿਬਾਨ ਕਾਰਵਾਈ ਨਹੀਂ ਕਰੇਗਾ ਤਾਂ ਇਹ ਉਸ ਦੀ ਆਪਣੀ ਗ਼ਲਤੀ ਸੀ। ਜਿਸ ਕਰਕੇ 15 ਅਗਸਤ 2021 ਨੂੰ ਤਾਲਿਬਾਨ ਦੇ ਕਬਜ਼ੇ ਹੇਠ ਆਇਆ ਅਫ਼ਗਾਨਿਸਤਾਨ ਇਕ ਵਾਰ ਫਿਰ ਇਸਲਾਮਿਕ ਦਹਿਸ਼ਤਵਾਦ ਦਾ ਅੱਡਾ ਬਣ ਗਿਆ। ਵੀਹ ਕੁ ਸਾਲ ਬਾਅਦ ਅੱਖਾਂ ਬੰਦ ਕਰ ਕੇ ਆਪਣੀ ਫ਼ੌਜ ਨੂੰ ਅਫ਼ਗਾਨਿਸਤਾਨ ਵਿਚੋਂ ਕੱਢਣ ਵਾਲਾ ਅਮਰੀਕਾ ਵੀ ਹੁਣ ਇਸ ਤੋਂ ਚਿੰਤਤ ਹੈ। ਅਮਰੀਕਾ ਇਹ ਮੰਨ ਰਿਹਾ ਹੈ ਕਿ ਤਾਲਿਬਾਨ ਨੇ ਦੋਹਾ ਸਮਝੌਤੇ ਦੇ ਉਲਟ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਅਫ਼ਗਾਨਿਸਤਾਨ ਵਿਚ ਇਸਲਾਮਿਕ ਸਟੇਟ (ਖੁਰਾਸਾਨ) ਤੇ ਅਲ-ਕਾਇਦਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸਲਾਮਿਕ ਕੱਟੜਵਾਦ ਸੰਸਾਰ ਲਈ ਗੰਭੀਰ ਖ਼ਤਰਾ ਹੈ ਅਤੇ ਇਸ ਨੂੰ ਅਫ਼ਗਾਨਿਸਤਾਨ ਦਾ ਸੁਰੱਖਿਅਤ ਅੱਡਾ ਫਿਰ ਮਿਲ ਗਿਆ ਹੈ। ਇਕ ਕੌੜਾ ਸੱਚ ਇਹ ਵੀ ਹੈ ਕਿ ਪਾਕਿਸਤਾਨ ਦੀ ਫ਼ੌਜ ਅਤੇ ਨਾਗਰਿਕ ਲੀਡਰਸ਼ਿਪ ਵਿਚ ਇਸਲਾਮਵਾਦੀ ਹਨ ਜੋ ਅੱਜ ਅਫ਼ਗਾਨਿਸਤਾਨ ਦੀ ਭਿਆਨਕ ਸਥਿਤੀ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਤਾਲਿਬਾਨ ਦੀ ਕੱਟੜਪੰਥੀ ਸਰਕਾਰ ਨੇ ਸ਼ੁਰੂ ਵਿਚ ਕੀਤੇ ਆਪਣੇ ਸਾਰੇ ਵਾਅਦੇ ਛਿੱਕੇ ਟੰਗ ਕੇ ਔਰਤਾਂ ਅਤੇ ਘੱਟ ਗਿਣਤੀ ਫਿਰਕਿਆਂ ਉੱਤੇ ਫਿਰ ਅੱਤਿਆਚਾਰ ਸ਼ੁਰੂ ਕਰ ਦਿੱਤੇ ਹਨ। ਬਹੁਤੇ ਅਫ਼ਗਾਨ ਸਿੱਖ ਅਤੇ ਹਿੰਦੂ ਪਹਿਲਾਂ ਹੀ ਦੇਸ਼ ਛੱਡ ਕੇ ਭੱਜ ਗਏ ਹਨ। ਬਹੁਤ ਸੀਮਤ ਗਿਣਤੀ ਵਿਚ ਸਿੱਖ ਅਤੇ ਹਿੰਦੂ ਕੁਝ ਧਰਮ ਅਸਥਾਨਾਂ ਵਿਚ ਜਾਂ ਆਸਪਾਸ ਬਚੇ ਹਨ। ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਅਜਿਹਾ ਗੁਰਦੁਆਰਾ ਹੈ ‘ਕਰਤੇ ਪ੍ਰਵਾਨ ਸਾਹਿਬ’ ਜਿਸ ਦੇ ਪ੍ਰਬੰਧਕ ਤਾਲਿਬਾਨ ਨਾਲ ਸੁਰੱਖਿਆ ਲਈ ਕਈ ਮੁਲਾਕਾਤਾਂ ਕਰ ਚੁੱਕੇ ਹਨ ਅਤੇ ਮਿਲੇ ਭਰੋਸੇ ਕਾਰਨ ਕੁਝ ਸੁਰੱਖਿਅਤ ਮਹਿਸੂਸ ਕਰਨ ਲੱਗ ਪਏ ਸਨ। ਦੁਖਦਾਈ ਖ਼ਬਰ ਆਈ ਸੀ ਕਿ ਇਸ ਗੁਰਦੁਆਰੇ ਉੱਤੇ ਹਮਲਾ ਕੀਤਾ ਗਿਆ। ਗੁਰਦੁਆਰਾ ਕਰਤੇ ਪ੍ਰਵਾਨ ’ਚ ਭਾਰੀ ਹਥਿਆਰਾਂ ਨਾਲ ਲੈਸ ਤਾਲਿਬਾਨ ਦੇ ਇਕ ਸਮੂਹ ਨੇ ਦਾਖ਼ਲ ਹੋ ਕੇ ਉੱਥੇ ਤਾਇਨਾਤ ਤਿੰਨ ਗਾਰਡਾਂ ਨੂੰ ਬੰਧਕ ਬਣਾ ਲਿਆ ਅਤੇ ਸੀਸੀਟੀਵੀ ਕੈਮਰੇ ਤੋੜ ਦਿੱਤੇ। ਸੰਗਤ ਨਾਲ ਬਦਸਲੂਕੀ ਵੀ ਕੀਤੀ ਗਈ ਹੈ। ਦਫ਼ਤਰ ਦੀ ਤਲਾਸ਼ੀ ਵੀ ਲਈ ਗਈ ਹੈ ਅਤੇ ਭੰਨਤੋੜ ਵੀ ਕੀਤੀ ਗਈ ਹੈ। ਹਮਲਾਵਰਾਂ ਨੇ ਗੁਰਦੁਆਰਾ ਸਾਹਿਬ ’ਚ ਹਾਜ਼ਰ ਲੋਕਾਂ ਨੂੰ ਹਿਰਾਸਤ ’ਚ ਲੈ ਲਿਆ। ਬੰਦੀ ਬਣਾਏ ਗਏ ਤਿੰਨੋਂ ਸਕਿਉਰਿਟੀ ਗਾਰਡ ਮੁਸਲਮਾਨ ਸਨ। ਸਿੱਖਾਂ ਨੇ ਸਥਾਨਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਨੇ ਨੁਕਸਾਨ ਦਾ ਜਾਇਜ਼ਾ ਲਿਆ। ਗੁਰਦੁਆਰਾ ਪ੍ਰਬੰਧਕਾਂ ਨੇ ਇਕ ਟਵੀਟ ’ਚ ਕਿਹਾ ਕਿ ਤਾਲਿਬਾਨੀਆਂ ਨੇ ਨਾ ਕੇਵਲ ਪਵਿੱਤਰ ਅਸਥਾਨ ਦੀ ਪਵਿੱਤਰਤਾ ਭੰਗ ਕੀਤੀ ਬਲਕਿ ਭੰਨ-ਤੋੜ ਵੀ ਕੀਤੀ ਹੈ। ਇਸ ਘਟਨਾ ਕਾਰਨ ਅਫ਼ਗਾਨਿਸਤਾਨ ਵਿਚ ਰਹਿੰਦੇ ਮੁੱਠੀ ਭਰ ਸਿੱਖਾਂ ਅਤੇ ਹਿੰਦੂਆਂ ’ਚ ਦਹਿਸ਼ਤ ਪੈਦਾ ਹੋ ਗਈ ਹੈ। ਤਾਲਿਬਾਨ ਅੱਤਵਾਦੀਆਂ ਵੱਲੋਂ ਘੱਟ ਗਿਣਤੀ ਹਜ਼ਾਰਾ ਭਾਈਚਾਰੇ ਦੇ 13 ਵਿਅਕਤੀਆਂ ਦੀ ਹੱਤਿਆ ਕੀਤੇ ਜਾਣ ਦੀ ਖ਼ਬਰ ਮਿਲੀ। ਇਨ੍ਹਾਂ ’ਚੋਂ ਜ਼ਿਆਦਾਤਰ ਸਾਬਕਾ ਅਫ਼ਗਾਨ ਸਿਪਾਹੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੇ ਤਾਲਿਬਾਨ ਅੱਗੇ ਆਤਮ-ਸਮਰਪਣ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਵੱਲੋਂ ਇਹ ਹੱਤਿਆਵਾਂ ਦਯਾਕੁੰਡੀ ਪ੍ਰਾਂਤ ਦੇ ਕਹੋਰ ਪਿੰਡ ’ਚ ਕੀਤੀਆਂ ਗਈਆਂ ਹਨ। ਓਧਰ ਤਾਲਿਬਾਨ ਸਰਕਾਰ ਦੇ ਉੱਚ ਸਿੱਖਿਆ ਦੇ ਕਾਰਜਕਾਰੀ ਮੰਤਰੀ ਅਬਦੁਲ ਬਕੀ ਹੱਕਾਨੀ ਨੇ ਐਲਾਨ ਕੀਤਾ ਹੈ ਕਿ ਸਾਲ 2000 ਤੇ 2020 ਦੇ ਵਿਚਕਾਰ ਹਾਈ ਸਕੂਲ ਕਰਨ ਵਾਲਿਆਂ ਦੀ ਪੜ੍ਹਾਈ ਦਾ ਕੋਈ ਫ਼ਾਇਦਾ ਨਹੀਂ ਹੈ। ਅਧਿਆਪਕਾਂ ਦੀ ਨਿਯੁਕਤੀ ਬਾਰੇ ਹੱਕਾਨੀ ਨੇ ਕਿਹਾ ਕਿ ਅਜਿਹੇ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ ਜੋ ਵਿਦਿਆਰਥੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸਲਾਮਿਕ ਕਦਰਾਂ-ਕੀਮਤਾਂ ਉੱਤੇ ਆਧਾਰਿਤ ਸਿੱਖਿਆ ਦੇ ਸਕਣ। ਅਫ਼ਗਾਨ ਔਰਤਾਂ ਨੂੰ ਇਕ ਵਾਰ ਫਿਰ ਘਰਾਂ ਅਤੇ ਬੁਰਕਿਆਂ ਵਿਚ ਕੈਦ ਕਰ ਦਿੱਤਾ ਗਿਆ ਹੈ। ਸਰਕਾਰੀ ਵਿਭਾਗਾਂ ’ਚ ਕੰਮ ਕਰਦੀਆਂ ਔਰਤਾਂ ਦੀ ਛੁੱਟੀ ਕਰ ਦਿੱਤੀ ਗਈ ਹੈ ਅਤੇ ਲੜਕੀਆਂ ਦੀ ਪੜਾ੍ਹਈ ਬੰਦ ਕਰ ਦਿੱਤੀ ਗਈ ਹੈ। ਅਫ਼ਗਾਨਿਸਤਾਨ ਦੇ ਨਵੇਂ ਹਾਕਮਾਂ ਨੂੰ ਪਾਕਿ ਦੀ ਪੂਰੀ ਮਦਦ ਅਤੇ ਸ਼ਹਿ ਪ੍ਰਾਪਤ ਹੈ ਪਰ ਉਹ ਪਾਕਿ ਦੇ ਵੀ ਮਿੱਤ ਨਹੀਂ ਹਨ। ਇਸਲਾਮਿਕ ਕੱਟੜਪੰਥੀਆਂ ਦਾ ਨਿਸ਼ਾਨਾ ਪਾਕਿਸਤਾਨ ਵਿਚ ਵੀ ਤਾਲਿਬਾਨੀ ਹਕੂਮਤ ਕਾਇਮ ਕਰਨਾ ਹੈ। ਤਹਿਰੀਕੇ ਤਾਲਿਬਾਨ ਪਾਕਿਸਤਾਨ (ਟੀਟੀਪੀ) ਨਾਮ ਦਾ ਸੰਗਠਨ ਵੀ ਤਾਲਿਬਾਨ ਦਾ ਹਿੱਸਾ ਹੈ ਅਤੇ ਟੀਟੀਪੀ ਦਾ ਅਸਲ ਨਿਸ਼ਾਨਾ ਪਾਕਿਸਤਾਨ ਹੈ। ਇਸਲਾਮਿਕ ਸਟੇਟ (ਖੁਰਾਸਾਨ) ਅਤੇ ਅਲ-ਕਾਇਦਾ ਸਿਰਫ਼ ਅਮਰੀਕਾ ਦੇ ਹੀ ਦੁਸ਼ਮਣ ਨਹੀਂ ਹਨ ਸਗੋਂ ਉਨ੍ਹਾਂ ਦਾ ਨਿਸ਼ਾਨਾ ਸਾਰੇ ਸੰਸਾਰ ’ਚ ਇਸਲਾਮਿਕ ਐਮੀਰੇਟ ਕਾਇਮ ਕਰਨਾ ਹੈ ਜਿਸ ਨੂੰ ਖ਼ਿਲਾਫ਼ਤ ਦਾ ਨਾਮ ਵੀ ਦਿੱਤਾ ਜਾਂਦਾ ਹੈ। ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਇਸ ਨੂੰ ਮਦੀਨੇ ਵਾਲਾ ਰਾਜ ਵੀ ਕਹਿੰਦੇ ਹਨ ਜੋ ਹਜ਼ਰਤ ਮਹੁੰਮਦ ਨੇ ਕਾਇਮ ਕੀਤਾ ਸੀ ਜਿਸ ਤੋਂ ਇਸਲਾਮਿਕ ਖ਼ਿਲਾਫ਼ਤ ਸ਼ੁਰੂ ਹੋਈ ਸੀ। ਇਸ ਦੀ ਜੜ੍ਹ ਇਸਲਾਮਿਕ ਕੱਟੜਵਾਦੀ ਸਿੱਖਿਆਵਾਂ ਵਿਚ ਹੈ ਜਿਸ ਦਾ ਪ੍ਰਚਾਰ ਕਈ ਮਸਜਿਦਾਂ ਅਤੇ ਹਜ਼ਾਰਾਂ ਮਦਰੱਸਿਆਂ ਵਿਚ ਕੀਤਾ ਜਾਂਦਾ ਹੈ। ਤਾਲਿਬਾਨ ਕੱਟੜਪੰਥੀ ਹੁਣ ਭਾਰਤ ਨੂੰ ਧਮਕੀਆਂ ਦੇ ਰਹੇ ਹਨ ਅਤੇ ਪਾਕਿ ਇਹੀ ਚਾਹੁੰਦਾ ਹੈ। ਪਿਛਲੇ ਕੁਝ ਦਿਨਾਂ ਤੋਂ ਕਸ਼ਮੀਰ ਵਿਚ ਦਹਿਸ਼ਤਗਰਦ ਹਮਲੇ ਵਧੇ ਹਨ ਜਿਨ੍ਹਾਂ ਵਿਚ ਘੱਟ ਗਿਣਤੀ ਫਿਰਕੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਭਾਰਤ ਸਰਕਾਰ ਨੂੰ ਇਸ ਖ਼ਤਰੇ ਨੂੰ ਬਹੁਤ ਸੰਜੀਦਾ ਹੋ ਕੇ ਲੈਣਾ ਚਾਹੀਦਾ ਹੈ। ਉਸ ਨੂੰ ਬਹੁਤ ਨੇੜੇ ਤੋਂ ਤਾਲਿਬਾਨ ਸਰਕਾਰ ਦੇ ਮੰਤਰੀ ਅਨਾਸ ਹੱਕਾਨੀ ਜੋ ਪਿਛਲੇ ਦਿਨੀਂ ਮਹਿਮੂਦ ਗਜ਼ਨਵੀ ਦੀ ਮਜ਼ਾਰ ਉੱਤੇ ਸਿਜਦਾ ਕਰਨ ਗਿਆ ਸੀ ਜਿਸ ਨੇ ਭਾਰਤ ਉੱਤੇ 17 ਹਮਲੇ ਕੀਤੇ ਸਨ। ਉਸ ਨੇ ਸਿਜਦਾ ਕਰਨ ਪਿੱਛੋਂ ਗਜ਼ਨਵੀ ਨੂੰ ਅਫ਼ਗਾਨਿਸਤਾਨ ਦਾ ਬਹਾਦੁਰ ਹੀਰੋ ਦੱਸਿਆ ਅਤੇ ਉਸ ਵੱਲੋਂ ਸੋਮਨਾਥ ਮੰਦਰ ਲੁੱਟਣ ਅਤੇ ਤੋੜਨ ਦਾ ਜ਼ਿਕਰ ਵੀ ਬਹੁਤ ਮਾਣ ਨਾਲ ਕੀਤਾ ਗਿਆ। ਅਨਾਸ ਹੱਕਾਨੀ ਨੇ ਇਕ ਟਵੀਟ ਕਰ ਕੇ ਕਿਹਾ, ‘‘ਅੱਜ ਅਸੀਂ 10ਵੀਂ ਸਦੀ ਦੇ ਬਹਾਦਰ ਮੁਜਾਹਿਦ ਸੁਲਤਾਨ ਮਹਿਮੂਦ ਗਜ਼ਨਵੀ ਦੀ ਮਜ਼ਾਰ ’ਤੇ ਗਏ ਜਿਸ ਨੇ ਇਕ ਤਾਕਤਵਰ ਮੁਸਲਿਮ ਰਾਜ ਕਾਇਮ ਕੀਤਾ ਸੀ ਅਤੇ ਸੋਮਨਾਥ ਮੰਦਰ ਦੇ ਬੁੱਤ-ਮੂਰਤੀਆਂ ਤੋੜੇ ਸਨ। ‘‘ਹੱਕਾਨੀ ਨੇ ਆਪਣੀ ਫੇਰੀ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਅਨਾਸ ਹੱਕਾਨੀ ਦਹਿਸ਼ਤਗਰਦ ਸੰਗਠਨ ਹੱਕਾਨੀ ਨੈੱਟਵਰਕ ਦੇ ਕਮਾਂਡਰ ਜਲਾਲੂਦੀਨ ਹੱਕਾਨੀ ਦਾ ਬੇਟਾ ਹੈ। ਮਹਿਮੂਦ ਗਜ਼ਨਵੀ ਤੇ ਸੋਮਨਾਥ ਮੰਦਰ ਦਾ ਜ਼ਿਕਰ ਭਾਰਤ ਨੂੰ ਸਪਸ਼ਟ ਧਮਕੀ ਹੈ। ਖ਼ਾਸ ਤੌਰ ’ਤੇ ਉਸ ਸਮੇਂ ਜਦ ਅਮਰੀਕਾ ਦੇ ਪਿੱਛੇ ਹਟਣ ਨਾਲ ਚੀਨ ਅਫ਼ਗਾਨਿਸਤਾਨ ’ਚ ਜਾਣ ਦੀ ਯੋਜਨਾ ਬਣਾ ਰਿਹਾ ਜਾਪਦਾ ਹੈ। ਇਹ ਸੰਕੇਤ ਮਿਲ ਰਹੇ ਹਨ ਕਿ ਚੀਨ, ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਦੀ ਤਿਆਰੀ ਕਰ ਰਿਹਾ ਹੈ ਤੇ ਸੰਭਾਵੀ ਤੌਰ ’ਤੇ ਲਾਅ ਐਂਡ ਆਰਡਰ ਬਹਾਲ ਕਰਨ ’ਚ ਮਦਦ ਲਈ ਫ਼ੌਜ ਭੇਜੇਗਾ। ਕੁੱਲ ਮਿਲਾ ਕੇ ਭਾਰਤ ਨੂੰ ਪਲ-ਪਲ ਬਦਲ ਰਹੇ ਹਾਲਾਤ ਤੋਂ ਚੌਕਸ ਰਹਿਣ ਦੀ ਲੋੜ ਹੈ।

-ਸੁਰਜੀਤ ਸਿੰਘ ਫਲੋਰਾ

Comment here