ਨਵੀਂ ਦਿੱਲੀ- ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਉੱਥੇ ਫਸੇ ਭਾਰਤੀਆਂ ਨੂੰ ਕੱਢਣ ਲਈ ਭਾਰਤੀ ਹਵਾਈ ਫ਼ੌਜ ਦਾ ਸੀ-17 ਜਹਾਜ਼ ਕਾਬੁਲ ਤੋਂ 168 ਲੋਕਾਂ ਨੂੰ ਲੈ ਕੇ ਆਇਆ, ਜਿਸ ਵਿਚ 107 ਭਾਰਤੀ ਨਾਗਰਿਕ ਸਨ। ਇਕਦਮ ਵਸਦਾ ਰਸਦਾ ਆਪਣਾ ਘਰ ਛੱਡਣਾ ਕਿਸੇ ਲਈ ਕਿੰਨਾ ਮੁਸ਼ਕਲ ਹੁੰਦਾ ਹੈ, ਇਸ ਦਾ ਅੰਦਾਜ਼ਾ ਅਫ਼ਗਾਨਿਸਤਾਨ ਦੇ ਸਿੱਖ ਸੰਸਦ ਮੈਂਬਰ ਨਰਿੰਦਰ ਸਿੰਘ ਖ਼ਾਲਸਾ ਦੀ ਹਾਲਤ ਤੋਂ ਲਾਇਆ ਜਾ ਸਕਦਾ ਹੈ। ਨਰਿੰਦਰ ਸਿੰਘ ਖ਼ਾਲਸਾ ਵੀ ਉਕਤ ਜਹਾਜ਼ ਵਿੱਚ ਭਾਰਤ ਆਏ, ਦਿੱਲੀ ਪਹੁੰਚਣ ’ਤੇ ਨਰਿੰਦਰ ਸਿੰਘ ਖ਼ਾਲਸਾ ਤੋਂ ਜਦੋਂ ਪੱਤਰਕਾਰਾਂ ਨੇ ਅਫ਼ਗਾਨਿਸਤਾਨ ਦੇ ਹਾਲਾਤ ’ਤੇ ਸਵਾਲ ਪੁੱਛੇ ਤਾਂ ਉਹ ਜਵਾਬ ਦੇਣ ਤੋਂ ਪਹਿਲਾਂ ਹੀ ਰੋ ਪਏ। ਉਨ੍ਹਾਂ ਨੇ ਕਿਹਾ ਕਿ ਉਹ ਲੋਕ ਅਫ਼ਗਾਨਿਸਤਾਨ ਵਿਚ ਪੀੜ੍ਹੀਆਂ ਤੋਂ ਰਹਿ ਰਹੇ ਸਨ ਪਰ ਅਜਿਹੇ ਹਾਲਾਤ ਕਦੇ ਵੇਖਣ ਨੂੰ ਨਹੀਂ ਮਿਲੇ ਸਨ, ਜਿਵੇਂ ਹਾਲਾਤ ਇਸ ਵਾਰ ਵੇਖਣ ਨੂੰ ਮਿਲ ਰਹੇ ਹਨ। ਨਰਿੰਦਰ ਨੇ ਰੋਂਦੇ ਹੋਏ ਕਿਹਾ ਕਿ ਪਿਛਲੇ 20 ਸਾਲਾਂ ’ਚ ਜੋ ਕੁਝ ਵੀ ਬਣਾਇਆ ਸੀ ਉਹ ਸਭ ਹੁਣ ਖ਼ਤਮ ਹੋ ਗਿਆ ਹੈ। ਹੁਣ ਉਹ ਜ਼ੀਰੋ ਹੈ। ਅਫ਼ਗਾਨਿਸਤਾਨ ਤੋਂ ਸੁਰੱਖਿਅਤ ਕੱਢਣ ਲਈ ਨਰਿੰਦਰ ਸਿੰਘ ਖ਼ਾਲਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਹਵਾਈ ਫ਼ੌਜ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਬਹੁਤ ਬੁਰੇ ਮਾਹੌਲ ਵਿਚੋਂ ਬਾਹਰ ਕੱਢਿਆ ਹੈ। ਨਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਕੁਝ ਲੋਕ ਅਜੇ ਫਸੇ ਹੋਏ ਹਨ, ਉਨ੍ਹਾਂ ਨੂੰ ਕੱਢਣ ਲਈ ਭਾਰਤ ਸਰਕਾਰ ਉਪਰਾਲਾ ਕਰੇ। ਖਾਲਸਾ ਨੇ ਕਿਹਾ ਕਿ ਲਗਭਗ ਸਾਰੇ ਭਾਰਤੀ ਅਤੇ ਅਫਗਾਨ ਸਿੱਖ ਕਾਬੁਲ ਅਤੇ ਹੋਰ ਥਾਵਾਂ ’ਤੇ ਗੁਰਦੁਆਰਿਆਂ ਵਿਚ ਸ਼ਰਨ ਲੈ ਰਹੇ ਹਨ। ਤਾਲਿਬਾਨ ਵਲੋਂ ਕਾਬੁਲ ਹਵਾਈ ਅੱਡੇ ’ਤੇ ਜਾਂਦੇ ਸਮੇਂ ਸ਼ਨੀਵਾਰ ਨੂੰ ਭਾਰਤੀਆਂ ਅਤੇ ਅਫਗਾਨ ਸਿੱਖਾਂ ਅਤੇ ਹਿੰਦੂਆਂ ਨੂੰ ਕੁਝ ਦੇਰ ਲਈ ਹਿਰਾਸਤ ਵਿਚ ਲੈਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਸਾਰਿਆਂ ਨੂੰ ਦਰਦਨਾਕ ਤਜ਼ਰਬਿਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਦੱਸਿਆ ਕਿ ਤਾਲਿਬਾਨ ਨੇ ਸਾਨੂੰ ਭਾਰਤੀਆਂ ਤੋਂ ਵੱਖ ਕੀਤਾ। ਹਵਾਈ ਅੱਡੇ ਦੇ ਹਰ ਗੇਟ ’ਤੇ 5000-6000 ਲੋਕ ਖੜ੍ਹੇ ਸਨ। ਸ਼ੁਰੂ ਵਿਚ ਅਸੀਂ ਅੰਦਰ ਨਹੀਂ ਜਾ ਸਕੇ। ਖਾਲਸਾ ਨੇ ਕਿਹਾ ਕਿ ਤਾਲਿਬਾਨ ਦੇ ਇਕ ਸ਼ਖਸ ਨੇ ਸਾਨੂੰ ਪ੍ਰੇਸ਼ਾਨ ਕੀਤਾ। ਫਿਰ ਅਸੀਂ ਉਥੋਂ ਨਿਕਲ ਗਏ ਅਤੇ ਇਕ ਗੁਰਦੁਆਰੇ ਵਿਚ ਆ ਗਏ। ਸਾਡੇ ਭਾਰਤੀ ਮਿੱਤਰਾਂ ਨੂੰ ਵੀ ਪ੍ਰੇਸ਼ਾਨ ਕੀਤਾ ਗਿਆ। ਇਹ ਸਮਝਣਾ ਮੁਸ਼ਕਲ ਸੀ ਕਿ ਕੌਣ ਚੰਗਾ ਇਨਸਾਨ ਸੀ ਅਤੇ ਕੌਣ ਬੁਰਾ। ਫਿਰ ਰਾਤ ਦੇ ਲਗਭਗ 8 ਵਜੇ, ਅਸੀਂ ਇਕ ਵੀ. ਆਈ. ਪੀ. ਪ੍ਰਵੇਸ਼ ਸਥਾਨ ਰਾਹੀਂ ਹਵਾਈ ਅੱਡੇ ’ਚ ਦਾਖਲ ਹੋਏ। ਖਾਲਸਾ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਮੰਦਰ ਅਤੇ ਗੁਰਦੁਆਰੇ ਅਜੇ ਸੁਰੱਖਿਅਤ ਹਨ। ਪਰ ਲਗਭਗ 200 ਹੋਰ ਭਾਰਤੀ ਅਤੇ ਭਾਰਤੀ ਮੂਲ ਦੇ ਲੋਕ ਬਚਾਏ ਜਾਣ ਦੀ ਉਡੀਕ ਕਰ ਰਹੇ ਹਨ।
Comment here