ਸਿਆਸਤਚਲੰਤ ਮਾਮਲੇਦੁਨੀਆਵਿਸ਼ੇਸ਼ ਲੇਖ

ਅਫਗਾਨ ਚ ਸੱਤਾ ਤਬਦੀਲੀ ਮਗਰੋਂ ਕਿਸੇ ਵੀ ਹਾਲ ਓਥੇ ਨਹੀਂ ਰਹਿਣਾ ਚਾਹੁੰਦੇ ਹਿੰਦੂ ਤੇ ਸਿੱਖ

ਅਫਗਾਨਿਸਤਾਨ ਵਿੱਚ ਤਾਲਿਬਾਨ ਵੱਲੋਂ ਸੱਤਾ ਦਾ ਤਖਤਾ ਪਲਟਣ ਤੋਂ ਬਾਅਦ ਸਾਲਾਂ ਤੋਂ ਉੱਥੇ ਰਹਿ ਰਹੇ ਸਿੱਖ ਭਾਈਚਾਰੇ ਦੇ ਲੋਕ ਚਿੰਤਤ ਹਨ। ਉਹਨਾਂ ਦਾ ਕਹਿਣਾ ਹੈ ਕਿ ਹਾਲਾਂਕਿ ਤਾਲਿਬਾਨ ਸਰਕਾਰ ਨੇ ਉਹਨਾਂ ਨੂੰ ਉੱਥੇ ਰਹਿਣ ਲਈ ਕਿਹਾ ਹੈ, ਪੂਰੀ ਸੁਰੱਖਿਆ ਦਾ ਭਰੋਸਾ ਦਿਵਾਇਆ ਹੈ, ਪਰ ਉਹਨਾਂ ਦੇ ਮਨਾਂ ਚ ਖੌਫ ਘਰ ਕਰ ਚੁੱਕਿਆ ਹੈ, ਕਿਉਂਕਿ ਸਥਿਤੀ ਦਿਨ ਬ ਦਿਨ ਖਰਾਬ ਹੁੰਦੀ ਜਾ ਰਹੀ ਹੈ। ਇਸੇ ਲਈ ਉਹ ਛੇਤੀ ਤੋਂ ਛੇਤੀ ਇਸ ਦੇਸ਼ ਨੂੰ ਛੱਡਣਾ ਚਾਹੁੰਦੇ ਹਨ। ਕਾਬੁਲ ਸਥਿਤ ਗੁਰਦੁਆਰਾ ਦਸਮੇਸ਼ ਪਿਤਾ ਸ਼੍ਰੀ ਗੁਰੂਗੋਬਿੰਦ ਸਿੰਘ ਜੀ ਸਿੰਘ ਸਭਾ ਕਾਰਤੇ ਪਰਵਾਨ ਵਿੱਚ ਲਗਭਗ 280 ਸਿੱਖ ਅਤੇ 30-40 ਹਿੰਦੂਆਂ ਨੇ ਸ਼ਰਨ ਲਈ ਹੋਈ ਹੈ। ਗੁਰਦੁਆਰੇ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਭਾਰਤੀ ਮੀਡੀਆ ਹਲਕੇ ਜਨਸੱਤਾ ਨਾਲ ਫੋਨ ਤੇ ਗੱਲ ਕਰਦਿਆਂ ਦੱਸਿਆ ਕਿ ਸਿੱਖ ਭਾਈਚਾਰੇ ਦੇ ਆਗੂਆਂ ਦੀ ਕੱਲ੍ਹ ਹੀ ਗੁਰਦੁਆਰੇ ਵਿਖੇ ਤਾਲਿਬਾਨ ਸ਼ਾਸਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਤਾਲਿਬਾਨ ਨੇ ਉਸ ਨੂੰ ਸ਼ਾਂਤੀ ਅਤੇ ਸੁਰੱਖਿਆ ਦਾ ਭਰੋਸਾ ਦਿੱਤਾ। ਇਹ ਵੀ ਕਿਹਾ ਕਿ ਸਾਨੂੰ ਦੇਸ਼ ਛੱਡਣ ਦੀ ਜ਼ਰੂਰਤ ਨਹੀਂ ਹੈ ਅਤੇ ਅਸੀਂ ਉਥੇ ਸ਼ਾਂਤੀ ਨਾਲ ਰਹਿ ਸਕਦੇ ਹਾਂ,  ਇਹ ਵੀ ਵਾਅਦਾ ਕੀਤਾ ਕਿ ਅਸੀਂ ਆਪਣੀਆਂ ਧਾਰਮਿਕ ਰਸਮਾਂ ਨੂੰ ਜਾਰੀ ਰੱਖ ਸਕਦੇ ਹਾਂ, ਉਹ ਇਸ ਵਿੱਚ ਦਖਲ ਨਹੀਂ ਦੇਣਗੇ, ਉਨ੍ਹਾਂ ਨੇ ਸਾਨੂੰ ਇੱਕ ਫ਼ੋਨ ਨੰਬਰ ਵੀ ਦਿੱਤਾ ਹੈ ਅਤੇ ਕਿਹਾ ਹੈ ਕਿ ਕਿਸੇ ਵੀ ਸਮੱਸਿਆ ਦੀ ਸਥਿਤੀ ਵਿੱਚ, ਅਸੀਂ ਤੁਰੰਤ ਇਸ ਨੰਬਰ ‘ਤੇ ਸੰਪਰਕ ਕਰ ਸਕਦੇ ਹਾਂ। ਗੁਰਨਾਮ ਸਿੰਘ ਨੇ ਦੱਸਿਆ ਕਿ ਗਜ਼ਨੀ ਅਤੇ ਜਲਾਲਾਬਾਦ ਵਿੱਚ ਰਹਿਣ ਵਾਲੇ ਸਿੱਖ ਅਤੇ ਹਿੰਦੂ ਪਰਿਵਾਰ ਵੀ ਕਾਬੁਲ ਆ ਗਏ ਹਨ ਅਤੇ ਉਨ੍ਹਾਂ ਨੇ ਦੋ ਗੁਰਦੁਆਰਿਆਂ ਕਰਤੇ ਪਰਵਾਨ ਅਤੇ ਗੁਰਦੁਆਰਾ ਮਨਸਾ ਸਿੰਘ ਜੀ ਵਿੱਚ ਸ਼ਰਨ ਲਈ ਹੈ। ਪਰ ਸਾਰੇ ਹੀ ਖੌਫਜ਼ਦਾ ਹੈ, ਕੋਈ ਨਹੀਂ ਜਾਣਦਾ ਕਿ ਭਲਕ ਦਾ ਸੂਰਜ ਉਹਨਾਂ ਲਈ ਕਿਹੋ ਜਿਹਾ ਚੜੇਗਾ। ਕਿਸੇ ਸਮੇਂ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲਗਭਗ ਇੱਕ ਲੱਖ ਲੋਕ ਅਫਗਾਨਿਸਤਾਨ ਵਿੱਚ ਰਹਿੰਦੇ ਸਨ, ਪਰ 1992 ਵਿੱਚ ਮੁਜਾਹਦੀਨ ਦੁਆਰਾ ਅਫਗਾਨਿਸਤਾਨ ਉੱਤੇ ਕਬਜ਼ਾ ਕਰਨ ਤੋਂ ਬਾਅਦ, ਉੱਥੋਂ ਬਹੁਤ ਸਾਰੇ ਹਿੰਦੂ ਅਤੇ ਸਿੱਖ ਭਾਰਤ ਚਲੇ ਗਏ। ਬਾਅਦ ਵਿੱਚ, 1996 ਤੋਂ 2001 ਤੱਕ ਤਾਲਿਬਾਨ ਦੇ ਸ਼ਾਸਨ ਦੌਰਾਨ ਵੀ, ਉੱਥੇ ਰਹਿਣ ਵਾਲੇ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਦੀਆਂ ਮੁਸ਼ਕਲਾਂ ਘੱਟ ਨਹੀਂ ਹੋਈਆਂ। ਇਸ ਤੋਂ ਬਾਅਦ, 2018 ਅਤੇ 2020 ਵਿੱਚ ਦੋ ਵੱਡੇ ਹਮਲਿਆਂ ਦੌਰਾਨ, ਬਹੁਤ ਸਾਰੇ ਸਿੱਖ ਅਤੇ ਹਿੰਦੂ ਅਫਗਾਨਿਸਤਾਨ ਛੱਡਣ ਲਈ ਮਜਬੂਰ ਹੋਏ। 1 ਜੁਲਾਈ 2018 ਨੂੰ ਜਲਾਲਾਬਾਦ ਵਿੱਚ ਇੱਕ ਆਤਮਘਾਤੀ ਬੰਬ ਧਮਾਕੇ ਵਿੱਚ 19 ਸਿੱਖ ਅਤੇ ਹਿੰਦੂ ਮਾਰੇ ਗਏ ਸਨ। ਫੇਰ 25 ਮਾਰਚ, 2020 ਨੂੰ, ਇਸਲਾਮਿਕ ਸਟੇਟ ਨਾਲ ਸਬੰਧਤ ਅੱਤਵਾਦੀ ਕਾਬੁਲ ਦੇ ਸ਼ੋਰ ਬਾਜ਼ਾਰ ਵਿੱਚ ਸਥਿਤ ਗੁਰਦੁਆਰਾ ਹਰ ਰਾਏ ਸਾਹਿਬ ਵਿੱਚ ਦਾਖਲ ਹੋਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਵਿੱਚ 25 ਲੋਕ ਮਾਰੇ ਗਏ। ਉਸ ਸਮੇਂ ਅਫਗਾਨਿਸਤਾਨ ਵਿੱਚ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਦੀ ਗਿਣਤੀ 700 ਰਹਿ ਗਈ ਸੀ ਅਤੇ ਇਸ ਹਮਲੇ ਤੋਂ ਬਾਅਦ ਉਨ੍ਹਾਂ ਵਿੱਚੋਂ 400 ਵੱਖ -ਵੱਖ ਸਮੂਹਾਂ ਵਿੱਚ ਹਿਜਰਤ ਕਰ ਕੇ ਭਾਰਤ ਆ ਗਏ ਸਨ। ਕਾਰਤੇ ਪਰਵਾਨ ਗੁਰਦੁਆਰੇ ਦੇ ਮੈਂਬਰ ਛਬੋਲ ਸਿੰਘ, ਜੋ ਹੁਣ ਆਪਣੇ ਪਰਿਵਾਰ ਸਮੇਤ ਦਿੱਲੀ ਵਿੱਚ ਰਹਿ ਰਹੇ ਹਨ, ਉਹਨਾਂ ਨੇ ਜਨਸੱਤਾ ਨੂੰ ਦੱਸਿਆ ਕਿ , “ ਅਫਗਾਨਿਸਤਾਨ ਵਿੱਚ ਹੁਣ ਸਿਰਫ 280 ਸਿੱਖ ਅਤੇ ਮੁੱਠੀ ਭਰ ਹਿੰਦੂ ਬਚੇ ਹਨ। 2020 ਵਿੱਚ ਗੁਰੂਦੁਆਰੇ ਉੱਤੇ ਹੋਏ ਹਮਲੇ ਤੋਂ ਬਾਅਦ 400 ਲੋਕ ਵਾਪਸ ਪਰਤ ਆਏ ਸਨ। ਹੁਣ ਹਾਲਤ ਇਹ ਹੈ ਕਿ ਤਾਲਿਬਾਨ ਵੱਲੋਂ ਸ਼ਾਂਤੀ ਅਤੇ ਸੁਰੱਖਿਆ ਦੇ ਭਰੋਸੇ ਦੇ ਬਾਵਜੂਦ, ਉੱਥੇ ਰਹਿੰਦੇ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕ ਭਾਰਤ ਵਾਪਸ ਆਉਣ ਲਈ ਤਿਆਰ ਹਨ। ਉਹਨਾਂ ਨੂੰ ਅਜੇ ਵੀ ਪਿਛਲੇ ਤਾਲਿਬਾਨੀ ਸ਼ਾਸਨ ਦੌਰਾਨ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਯਾਦ ਹਨ ਜਿਨ੍ਹਾਂ ਵਿੱਚ ਤਾਲਿਬਾਨ  ਸਿੱਖਾਂ ਦੇ ਚਿਹਰਿਆਂ ‘ਤੇ ਥੁੱਕਦੇ ਸਨ ਅਤੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਕਹਿੰਦੇ ਸਨ। ਅਫਗਾਨਿਸਤਾਨ ਵਿੱਚ ਰਹਿ ਰਹੇ ਸਿੱਖ ਭਾਈਚਾਰੇ ਦੇ ਬੁਲਾਰੇ ਨੇ ਕਿਹਾ ਕਿ ਫਿਲਹਾਲ ਉਹ ਤਾਲਿਬਾਨ ਸ਼ਾਸਨ ਦੇ ਵਾਅਦੇ ‘ਤੇ ਚੁੱਪ ਬੈਠੇ ਹਨ। ਪਰ ਜੇ ਭਾਰਤ, ਕੈਨੇਡਾ, ਅਮਰੀਕਾ ਜਾਂ ਕਿਸੇ ਹੋਰ ਦੇਸ਼ ਜਾਣ ਦਾ ਮੌਕਾ ਮਿਲਦਾ ਹੈ, ਤਾਂ ਉਹ ਤੁਰੰਤ ਚਲੇ ਜਾਣਗੇ।  ਸਿੱਖ ਭਾਈਚਾਰੇ ਦੇ ਇੱਕ ਹੋਰ ਵਿਅਕਤੀ ਨੇ ਕਿਹਾ, “ਇਸ ਵੇਲੇ ਸਾਰੀਆਂ ਉਡਾਣਾਂ ਇੱਥੇ ਬੰਦ ਹਨ, ਸਾਡੇ ਕੋਲ ਇੱਥੋਂ ਬਾਹਰ ਜਾਣ ਦਾ ਕੋਈ ਰਸਤਾ ਨਹੀਂ ਹੈ। ਵੈਸੇ ਵੀ ਸਿੱਖਾਂ ਲਈ ਇਥੇ ਜੀਵਨ ਅਸਾਨ ਨਹੀਂ ਸੀ। ਤਾਲਿਬਾਨ ਦੀ ਸ਼ਕਤੀ ਜਾਂ ਲੋਕਤੰਤਰੀ ਸਰਕਾਰ ਦੋਵਾਂ ਵਿੱਚ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਗਿਆ, ਰਾਸ਼ਟਰਪਤੀ ਅਸ਼ਰਫ ਗਨੀ ਦੇ ਸ਼ਾਸਨ ਦੇ ਦੌਰਾਨ, ਉਨ੍ਹਾਂ ਉੱਤੇ ਦੋ ਵੱਡੇ ਹਮਲੇ ਹੋਏ। ਹੁਣ ਤਾਲਿਬਾਨ ਦੇ ਸ਼ਾਸਨ ਅਧੀਨ, ਸਾਨੂੰ ਹੋਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਭਾਰਤ ਸਰਕਾਰ ਜਾਂ ਹੋਰ ਦੇਸ਼ ਸਾਨੂੰ ਇੱਥੋਂ ਬਾਹਰ ਕੱਢਣ।

ਅਫਗਾਨਿਸਤਾਨ ਦੇ ਸੰਕਟ ਵਾਲੇ ਸਮੇਂ ਬਾਰੇ ਕੋਲਕਾਤਾ ਸਥਿਤ ‘ਸਰਹੱਦੀ ਗਾਂਧੀ’ ਵਜੋਂ ਜਾਣੇ ਜਾਂਦੇ ਅਬਦੁਲ ਗੱਫਾਰ ਖਾਨ ਦੀ ਪੜਪੋਤੀ ਯਾਸਮੀਨ ਨਿਗਾਰ ਖਾਨ ਨੇ ਕਿਹਾ ਕਿ ਉਸ ਨੂੰ ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਸਮੇਤ ਭਾਰਤ ਭਰ ਵਿੱਚ ਵਸਦੇ ਪਖਤੂਨ ਲੋਕਾਂ ਦੇ ਪ੍ਰੇਸ਼ਾਨ ਕਰਨ ਵਾਲੇ ਸੁਨੇਹੇ ਮਿਲ ਰਹੇ ਹਨ। ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। 50 ਸਾਲਾ ਖਾਨ, ਜਿਹਨਾਂ ਦੀਆਂ ਕਈ ਪੀੜ੍ਹੀਆਂ ਮੱਧ ਕੋਲਕਾਤਾ ਵਿੱਚ ਰਹਿੰਦੀਆਂ ਰਹੀਆਂ ਹਨ, ਉਹ ਦੇਸ਼ ਵਿੱਚ ਪਖਤੂਨ ਭਾਈਚਾਰੇ ਦੀ ਸਰਬਉੱਚ ਸੰਸਥਾ ਆਲ ਇੰਡੀਆ ਪਖਤੂਨ ਜਿਰਗਾ-ਏ-ਹਿੰਦ ਦੀ ਪ੍ਰਧਾਨ ਹੈ। ਅਫਗਾਨਿਸਤਾਨ ਦੇ ਹਾਲਾਤਾਂ ਕਾਰਨ ਪ੍ਰੇਸ਼ਾਨੀ ਦੇ ਚਲਦਿਆਂ ਪਿਛਲੀਆਂ ਦੋ ਰਾਤਾਂ ਤੋਂ ਉਹ ਸੌਂ ਨਹੀਂ ਸਕੀ, ਉਸ ਨੇ ਕਿਹਾ, “ਅਸੀਂ ਲਗਾਤਾਰ ਕੇਂਦਰ ਅਤੇ ਪੱਛਮੀ ਬੰਗਾਲ ਸਰਕਾਰ ਦੇ ਸੰਪਰਕ ਵਿੱਚ ਹਾਂ, ਪਰ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਬਹੁਤ ਘੱਟ ਜਾਣਕਾਰੀ ਅਫਗਾਨਿਸਤਾਨ ਤੋਂ ਬਾਹਰ ਆ ਰਹੀ ਹੈ।” ਫ਼ੋਨ ਲਾਈਨਾਂ ਬੰਦ ਹਨ ਅਤੇ ਕਾਬੁਲ ਤੋਂ ਤਸਵੀਰਾਂ ਪਰੇਸ਼ਾਨ ਕਰ ਰਹੀਆਂ ਹਨ।  ਜਿਹੜੇ ਲੋਕ ਭਾਰਤ ਵਿੱਚ ਰਹਿ ਰਹੇ ਹਨ ਉਹ ਨਿਰਾਸ਼ ਹਨ, ਉਨ੍ਹਾਂ ਕਿਹਾ ਕਿ ਰਾਜ ਦੇ 1000 ਪਸ਼ਤੂਨ ਅਤੇ ਲੱਖਾਂ ਲੋਕ ਜੋ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਪੀੜ੍ਹੀਆਂ ਤੋਂ ਰਹਿ ਰਹੇ ਹਨ, ਉਨ੍ਹਾਂ ਕੋਲ ਆਪਣੇ ਜੱਦੀ ਸਥਾਨਾਂ ਤੇ ਵਾਪਸ ਜਾਣ ਦਾ ਕੋਈ ਮੌਕਾ ਨਹੀਂ ਹੈ, ਪਰ ਲਗਭਗ ਸਾਰਿਆਂ ਦੇ ਅਫਗਾਨਿਸਤਾਨ ਜਾਂ ਉੱਤਰ -ਪੱਛਮੀ ਪਾਕਿਸਤਾਨ ਵਿੱਚ ਰਿਸ਼ਤੇਦਾਰ ਹਨ। ਹਾਲਤ ਇਹ ਹੈ ਕਿ ਕੋਈ ਵੀ ਨਹੀਂ ਜਾਣਦਾ ਕਿ ਕਦੇ ਆਪਣਿਆਂ ਨੂੰ ਉਹ ਹੁਣ ਜਿਉਂਦੇ ਜੀਅ ਮਿਲ ਵੀ ਸਕਣਗੇ ਕਿ ਨਹੀਂ?

ਭਾਵੁਕ ਹੁੰਦਿਆਂ ਲੋਕ ਕਹਿ ਰਹੇ ਹਨ ਕਿ ਅਸੀਂ 1947 ਦੇ ਭਾਰਤ ਪਾਕਿ ਵੰਡ ਵੇਲੇ ਦੇ ਖੂਨੀ ਵਰਤਾਰੇ ਵਰਗੇ ਹਾਲਾਤ ਨੂੰ ਕੁਝ ਬਦਲਵੇਂ ਰੂਪ ਵਿੱਚ ਇੱਕ ਵਾਰ ਫੇਰ ਅਫਗਾਨਿਸਤਾਨ ਵਿੱਚ ਵਾਪਰਦਾ ਦੇਖ ਰਹੇ ਹਾਂ….।

-ਪੇਸ਼ਕਸ਼- ਅਵਤਾਰ ਖੰਨਾ (ਜਨਸੱਤਾ ਦੇ ਸਹਿਯੋਗ ਨਾਲ ਧੰਨਵਾਦ ਸਹਿਤ)

 

Comment here