ਸਿਆਸਤਖਬਰਾਂਦੁਨੀਆ

ਅਫਗਾਨ ਚ ਫਸੇ ਭਾਰਤੀਆਂ ਲਈ ਨਵੀਂ ਵੀਜਾ਼ ਸ਼੍ਰੇਣੀ, ਹਵਾਈ ਫੌਜ ਦਾ ਜਹਾਜ਼ ਭਾਰਤੀਆਂ ਨੂੰ ਲਿਆਇਆ

ਸੀ-17 ਜਹਾਜ਼ ਸੈਂਕੜੇ ਤੋਂ ਵਧ ਭਾਰਤੀਆਂ ਨੂੰ ਲੈ ਕੇ ਆਇਆ

ਨਵੀਂ ਦਿੱਲੀ- ਭਾਰਤੀ ਗ੍ਰਹਿ ਮੰਤਰਾਲੇ ਨੇ ਅਫ਼ਗਾਨਿਸਤਾਨ ’ਚ ਫਸੇ ਆਪਣੇ ਨਾਗਰਿਕਾਂ ਦੀ ਮਦਦ ਲਈ ਨਵੀਂ ਵੀਜਾ਼ ਸ਼੍ਰੇਣੀ ਦਾ ਐਲਾਨ ਕੀਤਾ ਹੈ। ਅਫਗਾਨਿਸਤਾਨ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਭਾਰਤ ਆਉਣ ਦੀ ਇੱਛਾ ਰੱਖਣ ਵਾਲੇ ਅਫ਼ਗਾਨ ਨਾਗਰਿਕਾਂ ਦੀਆਂ ਅਰਜ਼ੀਆਂ ’ਤੇ ਜਲਦ ਫ਼ੈਸਲਿਆਂ ਲਈ ਅਜਿਹਾ ਕੀਤਾ ਗਿਆ। ਇਸ ਤੋਂ ਇਲਾਵਾ ਭਾਰਤੀ ਹਵਾਈ ਫੌਜ ਦਾ ਜਹਾਜ਼ ਵੀ ਕਾਬੁਲ ਤੋਂ ਲੋਕਾਂ ਨੂੰ ਲੈ ਕੇ ਆਇਆ। ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ,‘‘ਗ੍ਰਹਿ ਮੰਤਰਾਲੇ ਨੇ ਅਫ਼ਗਾਨਿਸਤਾਨ ’ਚ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਵੀਜ਼ਾ ਪ੍ਰਬੰਧਾਂ ਦੀ ਸਮੀਖਿਆ ਕੀਤੀ ਹੈ। ਭਾਰਤ ’ਚ ਪ੍ਰਵੇਸ਼ ਲਈ ਵੀਜ਼ਾ ਅਰਜ਼ੀਆਂ ’ਤੇ ਜਲਦ ਫ਼ੈਸਲਾ ਲੈਣ ਲਈ ‘ਈ-ਐਮਰਜੈਂਸੀ ਅਤੇ ਹੋਰ ਵੀਜ਼ਾ’ ਦੀ ਨਵੀਂ ਸ਼੍ਰੇਣੀ ਬਣਾਈ ਗਈ ਹੈ।’’

ਹਵਾਈ ਫੌਜ ਦਾ ਇਕ ਜਹਾਜ਼ ਕਾਬੁਲ ਤੋਂ 120 ਲੋਕਾਂ ਨੂੰ ਲੈ ਕੇ ਗੁਜਰਾਤ ਦੇ ਜਾਮਨਗਰ ’ਚ ਉਤਰਿਆ। ਇਕ ਅਧਿਕਾਰੀ ਨੇ ਦੱਸਿਆ ਕਿ ਸੀ-17 ਜਹਾਜ਼ ਦੁਪਹਿਰ 12 ਵਜੇ ਤੋਂ ਠੀਕ ਤੋਂ ਪਹਿਲਾਂ ਜਾਮਨਗਰ ’ਚ ਭਾਰਤੀ ਹਵਾਈ ਫ਼ੌਜ ਅੱਡੇ ’ਤੇ ਉਤਰਿਆ।  ਇਸ ’ਚ ਭਾਰਤੀ ਦੂਤਘਰ ਦੇ ਕਰਮਚਾਰੀ, ਉੱਥੇ ਮੌਜੂਦ ਸੁਰੱਖਿਆ ਕਰਮੀ ਅਤੇ ਕੁਝ ਭਾਰਤੀ ਪੱਤਰਕਾਰਾਂ ਨੂੰ ਵਾਪਸ ਲਿਆਂਦਾ ਗਿਆ ਹੈ। ਅਫ਼ਗਾਨਿਸਤਾਨ ਤੋਂ ਵਾਪਸ ਪਰਤੇ ਲੋਕਾਂ ਨੂੰ ਮਾਲਾ ਪਹਿਨਾ ਕੇ ਸੁਆਗਤ ਹੋਇਆ। ਬੱਸਾਂ ’ਚ ਬੈਠ ਕੇ ਇਨ੍ਹਾਂ ਨਾਗਰਿਕਾਂ ਨੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਵੀ ਲਗਾਏ। ਕਾਬੁਲ ਏਅਰਪੋਰਟ ’ਤੇ ਬੀਤੇ ਦਿਨ ਵਿਗੜੇ ਹਾਲਾਤਾਂ ਤੋਂ ਬਾਅਦ ਜਹਾਜ਼ਾਂ ਦੀ ਆਵਾਜਾਈ ਬੰਦ ਹੋ ਗਈ ਸੀ ਪਰ ਅਮਰੀਕੀ ਫ਼ੌਜ ਵਲੋਂ ਇੱਥੇ ਹਾਲਾਤ ਕਾਬੂ ’ਚ ਕੀਤੇ ਗਏ ਅਤੇ ਹੁਣ ਜਹਾਜ਼ਾਂ ਦੀ ਆਵਾਜਾਈ ਸ਼ੁਰੂ ਹੋਈ ਹੈ, ਇਸ ਤੋਂ ਬਾਅਦ ਭਾਰਤੀ ਜਹਾਜ਼ ਵੀ ਇੱਥੋਂ ਉਡਾਣ ਭਰ ਸਕਿਆ ਹੈ।

Comment here