ਸਿਆਸਤਚਲੰਤ ਮਾਮਲੇਦੁਨੀਆ

ਅਫਗਾਨ ਚ ਤਾਲਿਬਾਨ ਇਸਲਾਮਿਕ ਸਟੇਟ ਦਾ ਸਾਹਮਣਾ ਕਰ ਪਾਏਗਾ?

ਅਫ਼ਗ਼ਾਨਿਸਤਾਨ ਪਹਿਲਾਂ ਹੀ ਇਕ ਖ਼ੂਨੀ ਦੌਰ ਵਿਚੋਂ ਲੰਘ ਰਿਹਾ ਸੀ ਤੇ ਅਫ਼ਗ਼ਾਨੀ ਨਾਗਰਿਕ ਅਪਣੀ ਧਰਤੀ ਨੂੰ ਛੱਡ ਕੇ ਬਾਹਰ ਵਲ ਦੌੜਨ ਵਾਸਤੇ ਮਜਬੂਰ ਹੋ ਗਏ ਸਨ ਕਿਉਂਕਿ ਉਨ੍ਹਾਂ ਦੇ ਦੇਸ਼ ਉਤੇ ਕਾਨੂੰਨ ਦਾ ਰਾਜ ਕਾਇਮ ਕਰਨ ਵਾਲਿਆਂ ਦੀ ਬਜਾਏ, ਸੱਤਾ ਅਤਿਵਾਦੀਆਂ ਨੇ ਖੋਹ ਲਈ ਹੈ। ਹੁਣ ਦੂਜੇ ਪਾਸੇ ਆਈ.ਐਸ.ਆਈ.ਐਸ.  ਨੇ ਅਫ਼ਗ਼ਾਨਿਸਤਾਨ ਵਿਚ ਜੇਹਾਦ ਛੇੜਨ ਦਾ ਐਲਾਨ ਕਰ ਦਿਤਾ ਹੈ। ਵੀਰਵਾਰ ਰਾਤ ਦੇ ਆਤਮਘਾਤੀ ਹਮਲੇ ਵਿਚ ਸੈਂਕੜੇ ਲੋਕ ਮਾਰੇ ਗਏ। 12 ਅਮਰੀਕਨ ਮਾਰੇ ਜਾਣ ਤੇ ਰਾਸ਼ਟਰਪਤੀ ਬਾਈਡੇਨ  ਨੇ ਕਿਹਾ ਕਿ ਉਹ ਇਸ ਗੁਸਤਾਖ਼ੀ ਨੂੰ ਮਾਫ਼ ਨਹੀਂ ਕਰਨਗੇ ਪਰ ਉਨ੍ਹਾਂ ਇਹ ਨਾ ਦਸਿਆ ਕਿ ਮਰਨ ਵਾਲੇ ਅਫ਼ਗ਼ਾਨਿਸਤਾਨੀਆਂ ਦਾ ਬਦਲਾ ਕੌਣ ਲਵੇਗਾ? ਜੋ ਲੋਕ ਅਫ਼ਗ਼ਾਨਿਸਤਾਨ ਤੋਂ ਭੱਜ ਰਹੇ ਹਨ, ਕੀ ਉਹ ਤਾਲਿਬਾਨੀ ਰਾਜ ਵਿਚ ਸੁਰੱਖਿਅਤ ਨਹੀਂ ਹਨ? ਹੁਣ ਆਈ.ਐਸ.ਆਈ.ਐਸ. ਵੀ ਤਾਲਿਬਾਨ ਵਿਰੁਧ ਜੰਗ ਸ਼ੁਰੂ ਕਰ ਦੇਵੇਗਾ ਤਾਂ ਨਤੀਜਾ ਕੀ ਨਿਕਲੇਗਾ? ਅਫ਼ਗ਼ਾਨਿਸਤਾਨ ਦੀ ਹੋਰ ਤਬਾਹੀ, ਹੋਰ ਕੀ? ਆਈ.ਐਸ.ਆਈ.ਐਸ ਤਾਲਿਬਾਨ ਨੂੰ ਅਮਰੀਕੀ ਏਜੰਟ ਆਖ ਕੇ ਉਨ੍ਹਾਂ ਵਿਰੁਧ ਜੇਹਾਦੀ ਜੰਗ ਸ਼ੁਰੂ ਕਰ ਰਿਹਾ ਹੈ। ਪਰ ਅਸਲ ਵਿਚ ਆਈ.ਐਸ.ਆਈ.ਐਸ. ਨੂੰ ਤਾਲਿਬਾਨ ਦੀ ਸਫ਼ਲਤਾ ਵਿਚੋਂ ਅਪਣੀ ਹਾਰ ਨਜ਼ਰ ਆ ਰਹੀ ਹੈ। ਤਾਲਿਬਾਨ ਅਮਰੀਕਾ ਦੇ ਏਜੰਟ ਹਨ ਜਾਂ ਨਹੀਂ, ਪਰ ਇਹ ਸਾਫ਼ ਹੈ ਕਿ ਅਮਰੀਕਾ ਵਲੋਂ ਅਫ਼ਗ਼ਾਨਿਸਤਾਨ ਵਿਚ ਜਮ੍ਹਾਂ ਕੀਤਾ ਸਾਰਾ ਅਸਲਾ ਹੁਣ ਤਾਲਿਬਾਨ ਦੇ ਕਬਜ਼ੇ ਹੇਠ ਆ ਗਿਆ ਹੈ। ਜੇ ਅਮਰੀਕਾ ਤਾਲਿਬਾਨ ਨੂੰ ਤਾਕਤਵਰ ਬਣਾ ਕੇ ਨਹੀਂ ਸੀ ਜਾਣਾ ਚਾਹੁੰਦਾ ਤਾਂ ਉਹ ਅਪਣਾ ਅਸਲਾ ਬਾਰੂਦ ਸਹੀ ਹੱਥਾਂ ਵਿਚ ਸੌਂਪ ਕੇ ਜਾਂਦਾ। ਅਫ਼ਗ਼ਾਨਿਸਤਾਨ ਵਿਚ ਤਾਲਿਬਾਨੀ, ਜਿਸ ਤਰ੍ਹਾਂ ਦਾ ਸਲੂਕ ਔਰਤਾਂ ਤੇ ਬੱਚਿਆਂ ਨਾਲ ਕਰ ਰਹੇ ਹਨ, ਅੱਜ ਪੁਛਣਾ ਬਣਦਾ ਹੈ ਕਿ ਅਫ਼ਗ਼ਾਨ ਲੋਕਾਂ ਦਾ ਵਾਲੀ ਵਾਰਸ ਕੌਣ ਹੈ? ਅਸੀ ਵੇਖਦੇ ਆ ਰਹੇ ਹਾਂ ਕਿ ਘਬਰਾਏ ਅਤੇ ਡਰੇ ਹੋਏ ਅਫ਼ਗ਼ਾਨਿਸਤਾਨੀ ਅਪਣੀਆਂ ਜਾਨਾਂ ਜੋਖਮ ਵਿਚ ਪਾ ਕੇ, ਜਹਾਜ਼ਾਂ ਉਪਰ ਬੈਠੇ ਹਨ ਜਿਵੇੇਂ ਅਸਮਾਨ ਵਿਚ ਉੱਡਣ ਵਾਲੇ ਜਹਾਜ਼, ਜਹਾਜ਼ ਨਾ ਹੋ ਕੇ ਉਹ ਇਕ ਬੱਸ ਹੀ ਹੋਣ। ਮਾਂ ਬਾਪ ਬੱਚਿਆਂ ਨੂੰ ਅਪਣੇ ਤੋਂ ਦੂਰ ਸੁਟ ਰਹੇ ਹਨ ਤਾਕਿ ਬੱਚਿਆਂ ਨੂੰ ਤਾਂ ਜ਼ਿੰਦਗੀ ਜਿਉਣ ਦਾ ਇਕ ਮੌਕਾ ਮਿਲ ਜਾਵੇ। ਅਪਣਾ ਜੀਵਨ ਤਾਂ ਉਹ ਖ਼ਤਮ ਹੋਇਆ ਹੀ ਸਮਝਦੇ ਹਨ। ਪਿਛਲੇ ਹਫ਼ਤੇ ਤਾਲਿਬਾਨ ਨੇ ਲੋਕਤੰਤਰ ਦੀ ਸੋਚ ਰੱਖਣ ਵਾਲਿਆਂ ਨੂੰ ਚੁਣ ਚੁਣ ਕੇ ਤਸੀਹੇ ਦੇ ਕੇ ਮਾਰਿਆ। ਔਰਤਾਂ ਨੂੰ ਇਕ ਧਰਮ ਦੇ ਕੱਟੜਪੰਥੀ ਨਿਯਮ ਅਤੇ ਇਕ ਮਰਦ ਪ੍ਰਧਾਨ ਸਮਾਜ ਦੀ ਪੁਰਾਤਨ ਸੋੋਚ ਮੁਤਾਬਕ ਜੀਣ ਲਈ ਮਜਬੂਰ ਕਰਵਾਉਣ ਦੇ ਕਦਮ ਅੱਜ ਇਨਸਾਨੀਅਤ ਉਤੇ ਹਮਲਾ ਹੀ ਮੰਨੇ ਜਾਣੇ ਚਾਹੀਦੇ ਹਨ। ਪਰ ਦੁਨੀਆਂ ਚੁੱਪ ਚਾਪ ਵੇਖ ਰਹੀ ਹੈ। ਦੇਸ਼ਾਂ ਦੇ ਹੁਕਮਰਾਨ ਫ਼ੈਸਲੇ ਕਰ ਰਹੇ ਹਨ ਕਿ ਉਹ ਤਾਲਿਬਾਨ ਸਰਕਾਰ ਨਾਲ ਸਬੰਧ ਰੱਖਣਗੇ ਵੀ ਜਾਂ ਨਹੀਂ ਤੇ ਕਿੰਨੇ ਰਫ਼ਿਊਜੀ ਕਿਸ ਦੇਸ਼ ਵਿਚ ਆ ਸਕਦੇ ਹਨ। ਦੁਨੀਆਂ ਵਿਚ ਅਪਣੀ ਤਾਕਤ ਸਿੱਧ ਕਰਨ ਦੇ ਚੱਕਰ ਵਿਚ ਚੀਨ, ਤਾਲਿਬਾਨ ਨਾਲ ਰਿਸ਼ਤੇ ਬਣਾ ਰਿਹਾ ਹੈ ਤੇ ਪਾਕਿਸਤਾਨ ਇਕ ਪਾਸੇ ਚੀਨ ਨਾਲ ਦੋਸਤੀ ਨਿਭਾਉਣ ਤੇ ਦੂਜੇ ਪਾਸੇ ਭਾਰਤ ਨਾਲ ਦੁਸ਼ਮਣੀ ਪੁਗਾਉਣ ਦੇ ਚੱਕਰ ਵਿਚ ਤਾਲਿਬਾਨਾਂ ਦੀ ਬਣਨ ਵਾਲੀ ਸਰਕਾਰ ਨੂੰ ਕਬੂਲ ਕਰਨ ਦੀ ਤਿਆਰੀ ਕਰ ਰਿਹਾ ਹੈ। ਵਿਸ਼ਵ ਜੰਗ ਤੋਂ ਬਾਅਦ ਸੰਯੁਕਤ ਰਾਸ਼ਟਰ ਹੋਂਦ ਵਿਚ ਆਇਆ ਸੀ ਜਿਸ ਦੇ ਸਾਹਮਣੇ ਮਕਸਦ ਇਹ ਸੀ ਕਿ ਉਹ ਦੁਨੀਆਂ ਵਿਚ ਇਨਸਾਨੀਅਤ ਨੂੰ ਇਸ ਤਰ੍ਹਾਂ ਦੀ ਜੰਗ ਤੋਂ ਬਚਾਏ। ਪਰ ਯੂ.ਐਨ.ਓ  ਪੈਸੇ ਤੇ ਤਾਕਤਵਰ ਦੇਸ਼ਾਂ ਦਾ ਮੋਹਤਾਜ ਬਣ ਕੇ ਹਾਰ ਗਿਆ ਜਾਪਦਾ ਹੈ। ਅੱਜ ਦੀ ਦੁਨੀਆਂ ਤੇ ਅੱਜ ਤੋਂ 200 ਸਾਲ ਪਹਿਲਾਂ ਦੀ ਦੁਨੀਆਂ ਵਿਚ ਅੰਤਰ ਕੀ ਹੈ? ਇਹੀ ਕਿ ਅੱਜ ਸਾਡੀ ਆਧੁਨਿਕ ਤਰੱਕੀ, ਸਾਨੂੰ ਅਫ਼ਗ਼ਾਨਿਸਤਾਨ ਵਿਚ ਹੋ ਰਹੀ ਤਰਾਸਦੀ ਦੀਆਂ ਜ਼ਿੰਦਾ ਤਸਵੀਰਾਂ ਵਿਖਾ ਸਕਦੀ ਹੈ ਜੋ 200 ਸਾਲ ਪਹਿਲਾਂ ਸੰਭਵ ਨਹੀਂ ਸੀ।ਸਾਡੀ ਕਠੋਰਤਾ ਤਾਂ ਉਸ ਸਮੇਂ ਦੇ ਅਯਾਸ਼ ਹਮਲਾਵਰਾਂ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। ਸਾਡੇ ਅਪਣੇ ਭਾਰਤ ਦੇਸ਼ ਵਿਚ ਇਕ ਮਹਿਲਾ ਅਫ਼ਗ਼ਾਨੀ ਸ਼ਰਨਾਰਥੀ ਨੂੰ ਸਿਹਤ ਸਬੰਧੀ ਕੁੱਝ ਕਾਗ਼ਜ਼ੀ ਕਾਰਵਾਈ ਦੀ ਕਮਜ਼ੋਰੀ ਕਾਰਨ ਦਿੱਲੀ ਹਵਾਈ ਅੱਡੇ ਤੋਂ ਵਾਪਸ ਮੋੜ ਦਿਤਾ ਗਿਆ, ਇਹ ਜਾਣਦੇ ਹੋਏ ਵੀ ਕਿ ਉਹ ਅਫ਼ਗ਼ਾਨਿਸਤਾਨ ਵਿਚ ਜਾ ਕੇ ਜਾਂ ਤਾਂ ਕੈਦ ਕਰ ਲਈ ਜਾਵੇਗੀ ਜਾਂ ਤਸੀਹੇ ਦੇ ਕੇ ਮਾਰ ਦਿਤੀ ਜਾਵੇਗੀ। ਅਸੀ ਅਪਣੇ ਅੰਦਰ ਬੈਠੇ ਜਾਨਵਰ ਨੂੰ ਮਿੱਠੀ ਪਰ ਝੂਠੀ ਬੋਲੀ ਨਾਲ ਛੁਪਾ ਲਿਆ ਹੈ- ਕਦੇ ਧਰਮ ਅਤੇ ਕਦੇ ਅਧਿਆਤਮਕ ਗਿਆਨ ਪਿਛੇ ਛੁਪਾ ਲੈਂਦੇ ਹਾਂ। ਪਰ ਅਸਲ ਵਿਚ ਅਸੀ ਕਠੋਰ ਤੇ ਸਵਾਰਥੀ ਜਾਨਵਰ ਹਾਂ ਜੋ ਅਫ਼ਗ਼ਾਨਿਸਤਾਨ ਵਿਚ ਮੌਤ ਦਾ ਤਾਂਡਵ ਚੁੱਪ ਚਾਪ ਬੈਠੇ ਵੇਖ ਰਹੇ ਹਾਂ।

Comment here