ਸੰਯੁਕਤ ਰਾਸ਼ਟਰ– ਵਿਸ਼ਵਿਕ ਸ਼ਾਂਤੀ ਲਈ ਇੱਛਾ ਸ਼ਕਤੀ ਬਾਰੇ ਸਪੱਸ਼ਟਤਾ ਨਾਲ ਬਿਆਨਬਾਜੀ਼ ਕਰਦਿਆਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਭਾਰਤ ਦਾ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਸਥਾਈ ਪ੍ਰਤੀਨਿਧੀ ਟੀ.ਐੱਸ. ਤਿਰੂਮੂਰਤੀ ਨੇ ਕਿਹਾ ਕਿ ਅਫ਼ਗਾਨਿਸਤਾਨ ‘ਚ ਸ਼ਾਂਤੀ ਅਤੇ ਸਥਿਰਤਾ ਲਿਆਉਣਾ ਭਾਰਤ ਦੀ ਪਹਿਲੀ ਪਹਿਲ ਹੈ। ਤਿਰੂਮੂਰਤੀ ਨੇ ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ ‘ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਅਫਗਾਨਿਸਤਾਨ ਵਿੱਚ ਲਗਾਤਾਰ ਹਿੰਸਾ ਵਧ ਰਹੀ ਹੈ। ਨਾਗਰਿਕਾਂ ਵਿਸ਼ੇਸ਼ ਕਰ ਕੇ ਔਰਤਾਂ, ਬਜ਼ੁਰਗਾਂ ਅਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੱਕ ਵਿਸ਼ੇਸ਼ ਇੰਟਰਵਿਊ ‘ਚ ਤਿਰੂਮੂਰਤੀ ਨੇ ਕਿਹਾ ਕਿ ਅਸੀਂ ਇਸ ਮਹੀਨੇ ਅਫ਼ਗਾਨਿਸਤਾਨ ਦੀ ਸਥਿਤੀ ਦਾ ਜਾਇਜ਼ਾ ਲਵਾਂਗੇ। ਇੱਥੇ ਸੁਰੱਖਿਆ ਪ੍ਰੀਸ਼ਦ ਦੀ ਸਰਗਰਮੀ ਨੂੰ ਕਿਸੇ ਵੀ ਰੂਪ ਚ ਪ੍ਰਭਾਵਿਤ ਨਹੀਂ ਹੋਣ ਦੇਣਗੇ। ਪ੍ਰਧਾਨ ਅਹੁਦੇ ‘ਤੇ ਰਹਿ ਕੇ ਅਸੀਂ ਉਨ੍ਹਾਂ ਸਾਰੇ ਮੈਂਬਰਾਂ ਦੀ ਪਹਿਲ ਦਾ ਸਮਰਥਨ ਕਰਾਂਗੇ, ਜੋ ਅਫ਼ਗਾਨਿਸਤਾਨ ‘ਚ ਸ਼ਾਂਤੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਜਾਂ ਉੱਥੇ ਸਥਿਰਤਾ ਲਿਆ ਸਕਦੇ ਹਨ।ਭਾਰਤ ਨੇ ਸੁਰੱਖਿਆ ਪ੍ਰੀਸ਼ਦ ਦੇ ਅੰਦਰ ਅਤੇ ਬਾਹਰ ਹਮੇਸ਼ਾ ਤੋਂ ਹੀ ਅੱਤਵਾਦ ਦੀ ਸਮੱਸਿਆ ‘ਤੇ ਦੁਨੀਆ ਭਰ ਦਾ ਧਿਆਨ ਕੇਂਦਰਿਤ ਕੀਤਾ ਹੈ। ਇਹੀ ਨਹੀਂ ਭਾਰਤ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਅੱਤਵਾਦ ਦੀ ਫੰਡਿੰਗ ਰੋਕਣ ਲਈ ਪ੍ਰਭਾਵੀ ਕਾਰਵਾਈ ਕੀਤੀ ਜਾਵੇ। ਅੱਤਵਾਦ ਦਾ ਪੂਰੀ ਤਰ੍ਹਾਂ ਖ਼ਾਤਮਾ ਹੋਵੇ। ਅਫ਼ਗਾਨਿਸਤਾਨ ਦੇ ਮਾਮਲੇ ‘ਚ ਅਸੀਂ ਹਮੇਸ਼ਾ ਉਸ ਦੇ ਆਜ਼ਾਦ, ਸ਼ਾਂਤੀਪੂਰਨ, ਲੋਕਤੰਤਰੀ ਦੇਸ਼ ਹੋਣ ਲਈ ਪੈਰਵੀ ਕੀਤੀ ਹੈ। ਜੋ ਪੂਰੀ ਤਰ੍ਹਾਂ ਨਾਲ ਸਥਿਰ ਅਤੇ ਖੁਸ਼ਹਾਲ ਰਹੇ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਪਹਿਲਾਂ ਹੀ ਕਹਿ ਚੁਕੇ ਹਨ ਕਿ ਅਫ਼ਗਾਨਿਸਤਾਨ ‘ਚ ਅਜਿਹੀ ਸਰਕਾਰ ਰਹਿਣੀ ਚਾਹੀਦੀ ਹੈ, ਜੋ ਉੱਥੇ ਦੀ ਜਨਤਾ ਦੀ ਨਜ਼ਰ ‘ਚ ਜਾਇਜ਼ ਹੋਣੀ ਚਾਹੀਦੀ ਹੈ। ਇਹੀ ਚਿੰਤਾ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਦੇਸ਼ਾਂ ਦੀ ਵੀ ਹੋਵੇਗੀ। ਤਿਰੂਮੂਰਤੀ ਨੇ ਇਹ ਟਿੱਪਣੀ ਉਦੋਂ ਕੀਤੀ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਅਫ਼ਗਾਨਿਸਤਾਨ ਦੇ ਮਾਮਲੇ ‘ਚ ਭਾਰਤ ਦੀ ਕੀ ਯੋਜਨਾ ਹੈ।
Comment here