ਅਪਰਾਧਖਬਰਾਂਦੁਨੀਆ

ਅਫਗਾਨੀ ਕਮੇਡੀਅਨ ਖਾਸ਼ਾ ਤੇ ਤੀਹ ਪੱਤਰਕਾਰਾਂ ਦੀ ਤਾਲਿਬਾਨਾਂ ਨੇ ਜਾਨ ਲਈ

ਕਾਬੁਲ- ਤਾਲਿਬਾਨ ਦਾ ਕਹਿਰ ਅਫਗਾਨਿਸਤਾਨ ਚ ਕਬਜ਼ੇ ਲਈ ਲਗਾਤਾਰ ਵਧਦਾ ਜਾ ਰਿਹਾ ਹੈ। ਫੌਜ ਨਾਲ ਭਿੜਨ ਤੋਂ ਇਲਾਵਾ ਤਾਲਿਬਾਨੀ ਅੱਤਵਾਦੀ ਬੇਕਸੂਰ  ਜਨਤਾ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ। ਤਾਲਿਬਾਨ ਦਾ ਕਹਿਰ ਕਲਾਕਾਰਾਂ ’ਤੇ ਵੀ ਟੁੱਟਣ ਲੱਗਾ ਹੈ। ਤਾਲਿਬਾਨੀ ਅੱਤਵਾਦੀਆਂ ਨੇ ਮਸ਼ਹੂਰ ਕਮੇਡੀਅਨ ਨਜ਼ਰ ਮੁਹੰਮਦ ਉਰਫ਼ ਖਾਸ਼ਾ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਕਰਨ ਤੋਂ ਪਹਿਲਾਂ ਦੀ ਉਨ੍ਹਾਂ ਨੂੰ ਚਪੇੜਾਂ ਮਾਰਨ ਵਾਲੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ  ਈਰਾਨ ਇੰਟਰਨੈਸ਼ਨਲ ਦੇ ਇਕ ਸੀਨੀਅਰ ਪੱਤਰਕਾਰ ਤਜੁਦੇਨ ਸੋਰੌਸ਼ ਨੇ 27 ਜੁਲਾਈ ਨੂੰ ਆਪਣੇ ਟਵਿਟਰ ’ਤੇ ਸਾਂਝੀ ਕੀਤੀ, ਜਿਸ ਚ  ਬੰਦੂਕ ਚੁੱਕੀ ਤਾਲਿਬਾਨੀ ਅੱਤਵਾਦੀਆਂ ਨੂੰ ਖਾਸ਼ਾ ਨੂੰ ਕਈ ਵਾਰ ਚਪੇੜਾਂ ਮਾਰਦੇ ਹੋਏ ਵੇਖਿਆ ਜਾ ਸਕਦਾ ਹੈ। ਤਜੁਦੇਨ ਸੋਰੌਸ਼ ਨੇ ਵੀਡੀਓ ਦੇ ਕੈਪਸ਼ਨ ’ਚ ਲਿਖਿਆ ਹੈ, ‘ਇਸ ਵੀਡੀਓ ’ਚ ਤੁਸੀਂ ਵੇਖ ਸਕਦੇ ਹੋ ਕਿ ਕੰਧਾਰੀ ਕਮੇਡੀਅਨ ਖਾਸ਼ਾ ਨੂੰ ਪਹਿਲਾਂ ਤਾਲਿਬਾਨੀ ਅੱਤਵਾਦੀਆਂ ਨੇ ਅਗਵਾ ਕੀਤਾ, ਫਿਰ ਇਸ ਤੋਂ ਬਾਅਦ ਅੱਤਵਾਦੀਆਂ ਨੇ ਉਨ੍ਹਾਂ ਨੂੰ ਕਾਰ ਦੇ ਅੰਦਰ ਕਈ ਵਾਰ ਚਪੇੜਾਂ ਮਾਰੀਆਂ ਅਤੇ ਅਖੀਰ ’ਚ ਉਨ੍ਹਾਂ ਦੀ ਜਾਨ ਲੈ ਲਈ।’ ਕੰਧਾਰ ਸੂਬੇ ਨਾਲ ਤਾਲੁਕ ਰੱਖਣ ਵਾਲੇ ਖਾਸ਼ਾ ਨੂੰ ਅੱਤਵਾਦੀ ਪਿਛਲੇ ਹਫਤੇ ਉਨ੍ਹਾਂ ਦੇ ਘਰੋਂ ਘੜੀਸਦੇ ਹੋਏ ਬਾਹਰ ਲਿਆਏ ਅਤੇ ਫਿਰ ਦਰੱਖਤ ਨਾਲ ਬੰਨ੍ਹ ਕੇ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਅੱਤਵਾਦੀ ਸੂਬੇ ’ਚ ਸਰਕਾਰੀ ਕਰਮਚਾਰੀਆਂ ਦੀ ਭਾਲ ’ਚ ਘਰ-ਘਰ ਜਾ ਰਹੇ ਸਨ।  22 ਜੁਲਾਈ ਨੂੰ ਉਨ੍ਹਾਂ  ਨੇ ਖਾਸ਼ਾ ਨੂੰ ਦਰੱਖਤ ਨਾਲ ਬੰਨ੍ਹ ਕੇ ਉਸ ਦਾ ਸਿਰ ਵੱਢ ਦਿੱਤਾ। ਖਾਸ਼ਾ ਪੁਲਸ ਚ ਨੌਕਰੀ ਕਰਦਾ ਸੀ। ਤਾਲਿਬਾਨ ਨੇ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਤੀਹ ਪੱਤਰਕਾਰਾਂ ਦੀ ਲਈ ਜਾਨ

ਵੱਖ ਵੱਖ ਮੀਡੀਆਈ ਰਿਪੋਰਟਾਂ ਮੁਤਾਬਕ ਅਫ਼ਗਾਨਿਸਤਾਨ ’ਚ 2021 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਘੱਟੋ-ਘੱਟ 30 ਪੱਤਰਕਾਰ ਸਮੇਤ ਮੀਡੀਆ ਕਾਮੇ ਮਾਰੇ ਗਏ। ਹਾਲ ਹੀ ’ਚ ਕਾਬੁਲ ’ਚ ਇਕ ਬੰਬ ਧਮਾਕੇ ਵਿਚ ਇਕ ਮਹਿਲਾ ਸਮੇਤ ਦੋ ਪੱਤਰਕਾਰ ਵੀ ਮਾਰ ਗਏ ਸਨ। ਸਥਾਨਕ ਪੱਤਰਕਾਰਾਂ ਨੇ ਅਫ਼ਗਾਨਿਸਤਾਨ ਦੇ ਬੱਲਖ ਸੂਬੇ ਵਿਚ ਲੋੜੀਂਦੀ ਜਾਣਕਾਰੀ ਮੁਹੱਈਆ ਨਾ ਕਰਵਾਉਣ ਵਾਲੇ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਕੀਤੀ। ਇਕ ਪੱਤਰਕਾਰ ਨੂੰ ਕਾਬੁਲ ਸ਼ਹਿਰ ’ਚ ਇਕ ਘਟਨਾ ਨੂੰ ਕਵਰ ਕਰਨ ਤੋਂ ਵੀ ਰੋਕਿਆ ਗਿਆ ਅਤੇ ਕਾਬੁਲ ਪੁਲਸ ਨੇ ਉਸ ਨੂੰ ਧਮਕੀ ਵੀ ਦਿੱਤੀ, ਜਦਕਿ ਅਫ਼ਗਾਨ ਪੀਸ ਪਬਲੀਕੇਸ਼ਨ ਵਾਚ ਦੇ ਇਕ ਹੋਰ ਪੱਤਰਕਾਰ ਦਾ ਸਰਕਾਰੀ ਅਧਿਕਾਰੀਆਂ ਨੇ ਅਪਮਾਨ ਕੀਤਾ। ਇਸ ਤੋਂ ਇਲਾਵਾ ਅਫ਼ਗਾਨਿਸਤਾਨ ਦੇ ਬਾਵਰ ਮੀਡੀਆ ਦੇ 26 ਕਾਮਿਆਂ ਨੂੰ ਉੱਤਰੀ ਬੱਲਖ ਸੂਬੇ ਵਿਚ ਨੌਕਰੀ ’ਚੋਂ ਕੱਢ ਦਿੱਤਾ ਗਿਆ ਅਤੇ 4 ਕਾਮਿਆਂ ਨੂੰ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਨ ਲਈ ਉੱਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਵਲੋਂ ਬਰਖ਼ਾਸਤ ਕਰ ਦਿੱਤਾ ਗਿਆ। ਹੋਰ ਮੀਡੀਆ ਅਦਾਰਿਆਂ ਨੇ ਇਸ ਦੀ ਨਿਖੇਧੀ ਕੀਤੀ ਅਤੇ ਇਸ ਨੂੰ ਦੇਸ਼ ’ਚ ਕਿਰਤ ਕਾਨੂੰਨ ਦੇ ਵਿਰੁੱਧ ਕਰਾਰ ਦਿੱਤਾ। ਇਸ ਦਰਮਿਆਨ ਅਮਰੀਕੀ ਸਮਾਚਾਰ ਸੰਗਠਨ ਦੇ ਇਕ ਗਠਜੋੜ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਪ੍ਰਤੀਨਿਧੀ ਸਭਾ ਦੇ ਆਗੂਆਂ ਨੂੰ ਦੋ ਵੱਖ-ਵੱਖ ਚਿੱਠੀਆਂ ਲਿਖੀਆਂ ਹਨ। ਜਿਸ ’ਚ ਉਨ੍ਹਾਂ ਨੂੰ ਅਫ਼ਗਾਨ ਪੱਤਰਕਾਰਾਂ ਅਤੇ ਸਹਿਯੋਗੀ ਕਾਮਿਆਂ ਨੂੰ ਵਿਸ਼ੇਸ਼ ਇੰਮੀਗ੍ਰੇਸ਼ਨ ਵੀਜ਼ਾ ਦੇਣ ਦੀ ਅਪੀਲ ਕੀਤੀ ਹੈ।

Comment here