ਅਮਰੀਕਾ ਸਮੇਤ ਜੀ-7 ਦੇਸ਼ ਚੀਨ ਦੇ ਪੂਰੇ ਇਲਾਕੇ ’ਚ ਅਰਾਜਕਤਾ ਨੂੰ ਖਤਮ ਕਰਨ ਲਈ ਪ੍ਰਤੀਬੱਧ
ਉਈਗਰ ਮੁਸਲਮਾਨਾਂ ਤੇ ਚੀਨ ਦੇ ਜ਼ੁਲਮ ਤਾਲਿਬਾਨ ਦੇ ਗਲੇ ਦੀ ਬਣੇ ਹੱਡੀ
ਕਾਬੁਲ-ਅਮਰੀਕਾ ਨੇ ਅਫਗਾਨਿਸਤਾਨ ’ਚੋਂ ਜਾਣਬੁੱਝ ਕੇ ਨਿਕਾਸੀ ਕੀਤੀ ਹੈ ਕਿਉਂਕਿ ਹੁਣ ਉਹ ਦੱਖਣੀ ਚੀਨ ਸਾਗਰ ’ਤੇ ਆਪਣਾ ਧਿਆਨ ਲਗਾਉਣਾ ਚਾਹੁੰਦਾ ਹੈ ਜਿਸ ਨਾਲ ਚੀਨ ਦੀਆਂ ਹਮਲਾਵਰੀ ਨੀਤੀਆਂ ਤੋਂ ਦੱਖਣ-ਪੂਰਬੀ ਦੇਸ਼ਾਂ ਨੂੰ ਛੁਟਕਾਰਾ ਮਿਲੇ। ਦੂਜੇ ਪਾਸੇ ਅਮਰੀਕਾ ਆਪਣੇ ਖਰਚ ’ਤੇ ਚੀਨ ਨੂੰ ਇਕ ਸ਼ਾਂਤ ਪੱਛਮੀ ਸਰਹੱਦ ਦੇ ਰਿਹਾ ਸੀ ਜਿਸ ਨਾਲ ਚੀਨ ਤਰੱਕੀ ਕਰਦੇ ਹੋਏ ਅਮਰੀਕਾ ਦੇ ਵਿਰੁੱਧ ਅੱਗੇ ਵਧਦਾ ਜਾ ਰਿਹਾ ਸੀ, ਇਸ ਦੇ ਲਈ ਅਮਰੀਕਾ ਨੇ ਗੜਬੜ ਵਾਲੇ ਅਫਗਾਨਿਸਤਾਨ ਨੂੰ ਤਾਲਿਬਾਨ ਦੇ ਹੱਥਾਂ ’ਚ ਜਾਣ ਦਿੱਤਾ ਤਾਂ ਕਿ ਉਨ੍ਹਾਂ ਦੇ ਕਦਮ ਚੀਨ ਦੇ ਸ਼ਿਨਜਿਆਂਗ ਸੂਬੇ ਤੱਕ ਵਧਣ, ਕਿਉਂਕਿ ਉਈਗਰ ਮੁਸਲਮਾਨਾਂ ’ਤੇ ਚੀਨ ਦੇ ਜ਼ੁਲਮ ਤਾਲਿਬਾਨ ਦੇ ਗਲੇ ਦੀ ਹੱਡੀ ਬਣੇ ਹੋਏ ਹਨ। ਹੁਣ ਚੀਨ ਦੋ ਪਾਸਿਆਂ ਤੋਂ ਘਿਰੇਗਾ, ਪੱਛਮੀ ਸਰਹੱਦੀ ਇਲਾਕੇ ’ਚ ਤਾਲਿਬਾਨ ਦੀ ਮਾਰ ਅਤੇ ਪੂਰਬੀ ਸਮੁੰਦਰੀ ਇਲਾਕੇ ’ਚ ਅਮਰੀਕਾ ਸਮੇਤ ਕਵਾਡ ਅਤੇ ਜੀ-7 ਦੇਸ਼ ਜੋ ਚੀਨ ਦੀ ਇਸ ਪੂਰੇ ਇਲਾਕੇ ’ਚ ਅਰਾਜਕਤਾ ਨੂੰ ਖਤਮ ਕਰਨ ਲਈ ਪ੍ਰਤੀਬੱਧ ਦਿਖਾਈ ਦੇ ਰਹੇ ਹਨ। ਓਧਰ ਅਫਗਾਨਿਸਤਾਨ ਦੇ ਤਾਜ਼ਾ ਹਾਲਾਤ ਨੂੰ ਦੇਖਦੇ ਹੋਏ ਇਸ ਗੱਲ ਦੇ ਪੁਖਤਾ ਸਬੂਤ ਮਿਲੇ ਹਨ ਕਿ ਪੰਜਸ਼ੀਰ ਨੂੰ ਡੇਗਣ ਦੇ ਲਈ ਸਿਰਫ ਤਾਲਿਬਾਨ ਹੀ ਨਹੀਂ ਸਗੋਂ ਪਾਕਿਸਤਾਨ ਦਾ ਖੁਫੀਆ ਵਿਭਾਗ ਆਈ. ਐੱਸ. ਆਈ. ਵੀ ਆਪਣੀ ਫੌਜ ਦੀ ਮਦਦ ਲੈ ਰਿਹਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕੰਗਾਲ ਪਾਕਿਸਤਾਨ ਜਿਸ ਕੋਲ ਖਾਣ ਲਈ ਰੋਟੀ ਨਹੀਂ ਹੈ, ਗੱਡੀਆਂ ਨੂੰ ਭਰਵਾਉਣ ਲਈ ਪੈਟਰੋਲ ਨਹੀਂ ਹੈ, ਉਹ ਇੰਨੀ ਹਿੰਮਤ ਭਲਾ ਕਿੱਥੋਂ ਕਰ ਰਿਹਾ ਹੈ? ਇਸ ਦਾ ਸਿੱਧਾ ਸੌਖਾ ਜਵਾਬ ਹੈ ਚੀਨ ਜਾਂ ਕਹਿ ਲਈਏ ਕਿ ਪਾਕਿਸਤਾਨ ਦਾ ਅੱਬਾ ਪੂਰੀ ਕਵਾਇਦ ’ਚ ਆਪਣੇ ਪੈਸੇ ਝੋਕ ਰਿਹਾ ਹੈ ਕਿਉਂਕਿ ਉਹ ਪਾਕਿਸਤਾਨ ’ਤੇ ਉਦੋਂ ਤੱਕ ਕਾਬਜ਼ ਨਹੀਂ ਹੋ ਸਕਦਾ ਜਦੋਂ ਤੱਕ ਪੰਜਸ਼ੀਰ ਦਾ ਕਿਲਾ ਫਤਿਹ ਨਹੀਂ ਕਰ ਲੈਂਦਾ।
ਇਸੇ ਦਰਮਿਆਨ ਅਫਗਾਨਿਸਤਾਨ ’ਚ ਜੋ ਨਵਾਂ ਮੋੜ ਆਇਆ ਹੈ ਉਹ ਹੈ ਤਾਲਿਬਾਨ ਦਾ ਆਪਣੇ ਮੰਤਰੀ ਮੰਡਲ ਦਾ ਐਲਾਨ ਕਰਨਾ। ਹਾਲਾਂਕਿ ਇਸ ਮੰਤਰੀ ਮੰਡਲ ’ਚ ਇਕ ਵੀ ਔਰਤ ਨਹੀਂ ਹੈ, ਜਿਸ ਦੇ ਲਈ ਵਿਸ਼ਵ ਪੱਧਰ ’ਤੇ ਅਫਗਾਨਿਸਤਾਨ ਦੀ ਬੁਰਾਈ ਵੀ ਹੋ ਰਹੀ ਹੈ ਪਰ ਤਾਲਿਬਾਨ ਨੇਤਾ ਨੇ ਕਿਹਾ ਹੈ ਕਿ ਮੰਤਰੀ ਮੰਡਲ ਦਾ ਅਜੇ ਹੋਰ ਵਿਸਤਾਰ ਕੀਤਾ ਜਾਣਾ ਬਾਕੀ ਹੈ ਪਰ ਗ੍ਰਹਿ, ਫੌਜ, ਵਿਦੇਸ਼ ਵਰਗੇ ਅਹਿਮ ਮੰਤਰਾਲਿਆਂ ਦੀ ਵੰਡ ਹੋ ਚੁੱਕੀ ਹੈ। ਇਸ ’ਚ ਸਭ ਤੋਂ ਹੈਰਾਨ ਕਰ ਦੇਣ ਵਾਲਾ ਮੰਤਰਾਲਾ ਹੈ ਰੱਖਿਆ ਦਾ, ਜੋ ਤਾਲਿਬਾਨ ਨੇ ਕਾਰੀ ਫਸੀਹੁਦੀਨ ਨੂੰ ਦਿੱਤਾ ਹੈ। ਕਾਰੀ ਅਫਗਾਨਿਸਤਾਨ ਦੇ ਬਦਖਸ਼ਾਂ ਸੂਬੇ ਤੋਂ ਆਉਂਦੇ ਹਨ, ਜਿਸ ਦੀਆਂ ਸਰਹੱਦਾਂ ਖਾਸ ਕਰਕੇ ਵਾਖਾਨ, ਬਿਗ ਪਾਮੀਰ ਅਤੇ ਲਿਟਿਲ ਪਾਮੀਰ ਦਾ ਇਲਾਕਾ ਚੀਨ ਦੇ ਸ਼ਿਨਜਿਆਂਗ ਸੂਬੇ ’ਚ ਲੱਗਦਾ ਹੈ ਅਤੇ ਫਸੀਹੁਦੀਨ ਦੇ ਈਸਟਰਨ ਤੁਰਕਿਸਤਾਨ ਇਸਲਾਮਿਕ ਮੂਵਮੈਂਟ ਨਾਲ ਕਰੀਬੀ ਰਿਸ਼ਤੇ ਦੱਸੇ ਜਾਂਦੇ ਹਨ।
ਸੂਤਰਾਂ ਅਨੁਸਾਰ ਇਸ ਸਮੇਂ ਅਫਗਾਨਿਸਤਾਨ ਦੇ ਬਦਖਸ਼ਾਂ ਸੂਬੇ ’ਚ ਤਾਜਿਕ, ਹਜ਼ਾਰ ਅਤੇ ਉਜ਼ਬੇਕ ਅੱਤਵਾਦੀ ਸ਼ਿਨਜਿਆਂਗ ਸੂਬੇ ’ਚ ਚੀਨ ਵਿਰੁੱਧ ਜੰਗ ਛੇੜਨ ਨੂੰ ਤਿਆਰ ਹਨ। ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਜਾਪਦਾ ਹੈ ਕਿ ਤਾਲਿਬਾਨ ਨੂੰ ਆਪਣੇ ਉਈਗਰ ਮੁਸਲਿਮ ਭਰਾਵਾਂ ਲਈ ਸੰਘਰਸ਼ ਕਰਨ ਤੋਂ ਕੋਈ ਗੁਰੇਜ਼ ਨਹੀਂ ਹੋਵੇਗਾ। ਅਮਰੀਕਾ ਨਾਲ ਦੁਸ਼ਮਣੀ ਮੁੱਲ ਲੈ ਕੇ ਚੀਨ ਨੇ ਆਪਣਾ ਵੱਡਾ ਨੁਕਸਾਨ ਕੀਤਾ ਹੈ। ਆਉਣ ਵਾਲੇ ਦਿਨਾਂ ’ਚ ਇਸ ਦੇ ਨਤੀਜੇ ਸਾਫ ਤੌਰ ’ਤੇ ਦੇਖਣ ਨੂੰ ਮਿਲਣਗੇ। ਚੀਨ ਨੇ ਆਪਣੇ ਦੇਸ਼ ’ਚ ਉਈਗਰ ਮੁਸਲਮਾਨਾਂ ’ਤੇ ਘੋਰ ਅੱਤਿਆਚਾਰ ਕੀਤੇ ਹਨ ਅਤੇ ਇਸ ਮੁੱਦੇ ਨੂੰ ਵਿਸ਼ਵ ਪੱਧਰ ’ਤੇ ਨਹੀਂ ਚੁੱਕਣਾ ਚਾਹੁੰਦਾ। ਉਸ ਨੂੰ ਪਤਾ ਹੈ ਕਿ ਤਾਲਿਬਾਨ, ਜੋ ਕੱਟੜ ਮੁਸਲਿਮ ਇਸਲਾਮਿਕ ਸੰਗਠਨ ਹੈ, ਉਹ ਆਪਣੇ ਉਈਗਰ ਭਰਾਵਾਂ ਨੂੰ ਕਿਉਂ ਛੱਡ ਸਕਦਾ ਹੈ। ਉਨ੍ਹਾਂ ਲਈ ਆਵਾਜ਼ ਤਾਂ ਚੁੱਕੇਗਾ ਅਤੇ ਚੀਨ ਨੇ ਤਾਲਿਬਾਨ ਨੂੰ ਸ਼ਾਂਤ ਕਰਨ ਲਈ ਹੀ ਥਿਏਨਚਿਨ ’ਚ ਤਾਲਿਬਾਨੀ ਵਫਦ ਨੂੰ ਸੱਦ ਕੇ ਪਹਿਲਾਂ ਗੱਲਬਾਤ ਵੀ ਕਰ ਲਈ ਸੀ, ਤਾਂ ਕਿ ਚੀਨ ਦਾ ਸ਼ਿਨਜਿਆਂਗ ਇਲਾਕਾ ਸ਼ਾਂਤ ਰਹੇ। ਨਾਲ ਹੀ ਚੀਨ ਨੇ ਇਸ ਵਫਦ ਨਾਲ ਅਫਗਾਨਿਸਤਾਨ ਦੇ ਵਿਕਾਸ ’ਚ ਹੋਰ ਧਨ ਨਿਵੇਸ਼ ਕਰਨ ਦੀ ਗੱਲ ਕਹੀ ਸੀ ਪਰ ਹੁਣ ਚੀਨ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ ਕਿਉਂਕਿ ਈ. ਟੀ. ਆਈ. ਐੱਮ. ਵੀ ਇਕ ਮੁਸਲਿਮ ਅੱਤਵਾਦੀ ਦਲ ਹੈ ਜੋ ਕੱਟੜ ਇਸਲਾਮ ਨੂੰ ਮੰਨਦਾ ਹੈ। ਅਜੇ ਤੱਕ ਅਮਰੀਕਾ ਦੀ ਅਫਗਾਨਿਸਤਾਨ ’ਚ ਮੌਜੂਦਗੀ ਦੇ ਕਾਰਨ ਚੀਨ ਨੂੰ ਸ਼ਾਂਤ ਪੱਛਮੀ ਸਰਹੱਦ ਮਿਲੀ ਹੋਈ ਸੀ ਜੋ ਹੁਣ ਅਚਾਨਕ ਅਸ਼ਾਂਤ ਹੋ ਚੁੱਕੀ ਹੈ। ਫਿਲਹਾਲ ਅਫਗਾਨਿਸਤਾਨ ਨੂੰ ਲੈ ਕੇ ਦੁਨੀਆ ਦੋ ਹਿੱਸਿਆਂ ’ਚ ਵੰਡ ਚੁੱਕੀ ਹੈ, ਜਿਸ ’ਚ ਇਕ ਪਾਸੇ ਚੀਨ, ਪਾਕਿਸਤਾਨ ਅਤੇ ਤੁਰਕੀ ਹਨ ਤਾਂ ਦੂਜੇ ਪਾਸੇ ਭਾਰਤ, ਅਮਰੀਕਾ, ਜਾਪਾਨ, ਫਰਾਂਸ ਅਤੇ ਬ੍ਰਿਟੇਨ ਹਨ। ਸਮੇਂ ਦੇ ਨਾਲ ਜਿਵੇਂ ਹੀ ਇਨ੍ਹਾਂ ਜੀ-7 ਦੇਸ਼ਾਂ ਦਾ ਸਾਥ ਮਿਲੇਗਾ, ਹਾਲਾਤ ਹੋਰ ਵੀ ਗੰਭੀਰ ਹੋਣ ਲੱਗਣਗੇ।
ਪਾਕਿਸਤਾਨ ਦੀ ਆਈ. ਐੱਸ. ਆਈ. ਅਤੇ ਫੌਜ ਜ਼ੋਰ ਲਗਾ ਰਹੀ ਹੈ, ਜਿਸ ਨਾਲ ਅਫਗਾਨਿਸਤਾਨ ਪੂਰੀ ਤਰ੍ਹਾਂ ਤਾਲਿਬਾਨ ਦੇ ਕਬਜ਼ੇ ’ਚ ਆ ਜਾਵੇ। ਤਾਲਿਬਾਨ ਜਿੰਨਾ ਮਜ਼ਬੂਤ ਹੋਵੇਗਾ ਓਨਾ ਹੀ ਪਾਕਿਸਤਾਨ ਦੀਆਂ ਕਸ਼ਮੀਰ ਨੂੰ ਹਥਿਆਉਣ ਦੀਆਂ ਆਸਾਂ ਵਧਣਗੀਆਂ ਪਰ ਚੀਨ ਅਮਰੀਕਾ ਨਾਲ ਬਰਾਬਰੀ ਦੇ ਚੱਕਰ ’ਚ ਬੁਰੀ ਤਰ੍ਹਾਂ ਫਸ ਗਿਆ ਹੈ। ਇਕ ਪਾਸੇ ਚੀਨ ਦਾ ਅਫਗਾਨਿਸਤਾਨ ਤੋਂ ਲੀਥੀਅਮ, ਕੱਚਾ ਲੋਹਾ, ਯੂਰੇਨੀਅਮ ਕੱਢਣ ਦਾ ਸੁਪਨਾ ਹੈ, ਉੱਥੇ ਦੂਜੇ ਪਾਸੇ ਸ਼ਿਨਜਿਆਂਗ ’ਚ ਤਾਲਿਬਾਨ ਦੇ ਖਤਰੇ ਦਾ ਖਦਸ਼ਾ। ਅਜਿਹੇ ਹਾਲਾਤ ’ਚ ਚੀਨ ਦੇ ਦੱਖਣੀ-ਪੂਰਬੀ ਗੁਆਂਢੀ ਦੇਸ਼ ਵੀ ਚੀਨ ਦੇ ਵਿਰੁੱਧ ਸਿਰ ਚੁੱਕਣ ਦੀ ਹਾਲਤ ’ਚ ਹੋਣਗੇ ਕਿਉਂਕਿ ਇਨ੍ਹਾਂ ਸਾਰੇ ਦੇਸ਼ਾਂ ਦੇ ਨਾਲ ਦੱਖਣੀ ਚੀਨ ਸਾਗਰ ਨੂੰ ਲੈ ਕੇ ਵਿਵਾਦ ਡੂੰਘੇ ਹੋਏ ਹਨ।
Comment here