ਨਵੀਂ ਦਿੱਲੀ – ਅਫਗਾਨਿਸਤਾਨ ਵਿਚ ਤਾਲਿਬਾਨੀਆਂ ਨੇ ਕਈ ਹਿੱਸਿਆਂ ’ਤੇ ਕਬਜ਼ਾ ਕਰ ਲਿਆ ਹੈ। ਦੱਖਣੀ ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰਗਾਹ ਵਿਚ ਭਿਆਨਕ ਲੜਾਈ ਜਾਰੀ ਹੈ। ਸੰਯੁਕਤ ਰਾਸ਼ਟਰ ਦੇ ਮੁਤਾਬਕ ਲੜਾਈ ਵਿਚ ਘੱਟ ਤੋਂ ਘੱਟ 40 ਨਾਗਰਿਕ ਮਾਰੇ ਗਏ ਹਨ। ਫੌਜ ਨੇ ਅਫਗਾਨ ਨਾਗਰਿਕਾਂ ਨੂੰ ਸ਼ਹਿਰ ਖਾਲੀ ਕਰਨ ਦੀ ਬੇਨਤੀ ਕੀਤੀ ਹੈ। ਜ਼ਿਆਦਾਤਰ ਅਫਗਾਨਿਸਤਾਨ ਦੇ ਪੇਂਡੂ ਇਲਾਕਿਆਂ ’ਤੇ ਕਬਜ਼ਾ ਕਰ ਚੁੱਕੇ ਤਾਲਿਬਾਨ ਨੇ ਹੁਣ ਸੂਬਾਈ ਰਾਜਧਾਨੀਆਂ ’ਤੇ ਕਬਜ਼ਾ ਕਰਨ ’ਤੇ ਧਿਆਨ ਕੇਂਦਰਿਤ ਕਰ ਦਿੱਤਾ, ਜਿੱਥੇ ਉਨ੍ਹਾਂ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਖਣੀ ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰਗਾਹ ਚ ਤਾਲਿਬਾਨ 700 ਦੇ ਕਰੀਬ ਹਮਲੇ ਕਰ ਚੁੱਕਾ ਹੈ। ਇਨ੍ਹਾਂ ਹਮਲਿਆਂ ਵਿਚ 40 ਨਾਗਰਿਕਾਂ ਦੇ ਮਾਰੇ ਜਾਣ ਤੋਂ ਬਾਅਦ 215 ਮਾਈਵੰਡ ਅਫਗਾਨ ਫੌਜ ਕੋਰ ਦੇ ਕਮਾਂਡਰ ਜਨਰਲ ਸਾਮੀ ਸਾਦਾਤ ਨੇ ਰਾਜਧਾਨੀ ਲਸ਼ਕਰਗਾਹ ਦੇ ਨਿਵਾਸੀਆਂ ਨੂੰ ਕਿਹਾ ਕਿ ਉਹ ਜਿੰਨੀ ਜਲਦੀ ਹੋ ਸਕੇ ਸ਼ਹਿਰ ਤੋਂ ਬਾਹਰ ਨਿਕਲ ਜਾਣ ਤਾਂ ਜੋ ਅਸੀਂ ਆਪਣਾ ਆਪ੍ਰੇਸ਼ਨ ਸ਼ੁਰੂ ਕਰ ਸਕੀਏ। ਅਫਗਾਨਿਸਤਾਨ ਵਿਚ ਤਾਲਿਬਾਨ ਦੇ ਹਮਲਿਆਂ ਦੇ ਮੱਦੇਨਜ਼ਰ ਜੂਨ ਦੀ ਸ਼ੁਰੂਆਤ ਤੋਂ ਹੁਣ ਤੱਕ ਲਗਭਗ 80,000 ਬੱਚਿਆਂ ਨੂੰ ਇਥੋਂ ਕੱਢਿਆ ਜਾ ਚੁੱਕਾ ਹੈ। ਮਨੁੱਖੀ ਸੰਗਠਨ ਸੇਵ ਦਿ ਚਿਲਡਰਨ ਨੇ ਕਿਹਾ ਹੈ ਕਿ ਤਾਲਿਬਾਨ ਹਮਲਿਆਂ ਵਿਚ ਕਈ ਸਕੂਲਾਂ ਅਤੇ ਸਿਹਤ ਸਹੂਲਤਾਂ ਨੂੰ ਵੀ ਨੁਕਸਾਨ ਪੁੱਜਾ ਹੈ। ਚੋਟੀ ਦੇ ਅਮਰੀਕੀ ਡਿਪਲੋਮੈਟ ਐਂਟਨੀ ਬਲਿੰਕਨ ਤਾਲਿਬਾਨ ਨੇਤਾਵਾਂ ਨੂੰ ਆੜੇ ਹੱਥੀਂ ਲੈਂਦੇ ਹੋਏ ਕਹਿ ਚੁੱਕੇ ਹਨ ਕਿ ਇਕ ਲੋਕਤਾਂਤਰਿਕ, ਸਮਾਵੇਸ਼ੀ ਸਰਕਾਰ ਤੋਂ ਬਿਨਾਂ ਅਫਗਾਨਿਸਤਾਨ ਇਕ ‘ਮਾੜਾ ਮੁਲਕ’ ਹੋਵੇਗਾ ਅਤੇ ਸਮੂਹ ਜੋ ਕੌਮਾਂਤਰੀ ਮਾਨਤਾ ਚਾਹੁੰਦਾ ਹੈ ਉਹ ਸੰਭਵ ਨਹੀਂ ਹੋਵੇਗਾ। ਤਾਲਿਬਾਨੀਆਂ ਅਤੇ ਵਿਦੇਸ਼ੀ ਅੱਤਵਾਦੀ ਸਮੂਹਾਂ ਦੇ ਤੇਜ਼ ਹੁੰਦੇ ਹਮਲਿਆਂ ਅਤੇ ਭਿਆਨਕ ਸਥਿਤੀ ਦਰਮਿਆਨ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਹਨੀਫ ਅਤਮਾਰ ਨੇ ਆਪਣੇ ਭਾਰਤੀ ਹਮਅਹੁਦਾ ਐੱਸ. ਜੈਸ਼ੰਕਰ ਨਾਲ ਗੱਲ ਕਰ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸੈਸ਼ਨ ਸੱਦਣ ਦਾ ਸੱਦਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਕਰ ਰਿਹਾ ਹੈ। ਆਪਣੇ ਬਿਆਨ ਵਿਚ ਅਤਮਾਰ ਨੇ ਕਿਹਾ ਹੈ ਕਿ ਵਿਦੇਸ਼ੀ ਲੜਾਕਿਆਂ ਅਤੇ ਅੱਤਵਾਦੀ ਸਮੂਹਾਂ ਨਾਲ ਮਿਲੀਭੁਗਤ ਨਾਲ ਅਫਗਾਨਿਸਤਾਨ ’ਤੇ ਕੀਤੇ ਜਾ ਰਹੇ ਤਾਲਿਬਾਨ ਦੇ ਹਮਲੇ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਹੈ। ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲਾ ਮੁਤਾਬਕ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਫਗਾਨਿਸਤਾਨ ਵਿਚ ਵਧਦੀ ਹਿੰਸਾ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ’ਤੇ ਭਾਰਤ ਵਲੋਂ ਚਿੰਤਾ ਪ੍ਰਗਟ ਕੀਤੀ, ਮੌਜੂਦਾ ਹਾਲਾਤ ਦੇ ਮੱਦੇਨਜ਼ਰ ਭਾਰਤ ਅਫਗਾਨਿਸਤਾਨ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਕਈ ਕਦਮ ਚੁੱਕ ਚੁੱਕਾ ਹੈ। ਭਾਰਤ ਨੇ ਅਫਗਾਨਿਸਤਾਨ ਵਿਚ ਮੁੜ ਉਸਾਰੀ ਲਈ 3 ਬਿਲੀਅਨ ਡਾਲਰ ਦਾ ਨਿਵੇਸ਼ ਵੀ ਕੀਤਾ ਹੈ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਤਾਲਿਬਾਨੀ ਹਿੰਸਾ ਨੂੰ ਲੈ ਕੇ ਕਿਹਾ ਕਿ 21ਵੀਂ ਸਦੀ ’ਚ ਸਮੂਹਿਕ ਹਿੰਸਾ, ਵਹਿਸ਼ੀਆਨਾ ਧਮਕੀ ਜਾਂ ਕਿਸੇ ਗੁਪਤ ਏਜੰਡੇ ਰਾਹੀਂ ਸੱਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦੀ ਦੀ ਨਰਸਰੀ ਸੰਘਰਸ਼ ਵਾਲੇ ਖੇਤਰਾਂ ’ਚ ਸਥਿਤ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਅੱਜ ਅਫਗਾਨਿਸਤਾਨ ’ਚ ਜੋ ਹਾਲਾਤ ਹਨ ਅਤੇ ਉਥੋਂ ਦੇ ਲੋਕਾਂ ਉੱਤੇ ਜਿਸ ਤਰ੍ਹਾਂ ਯੁੱਧ ਥੋਪਿਆ ਜਾ ਰਿਹਾ ਹੈ, ਉਸ ਨਾਲ ਚੁਣੌਤੀ ਵਧ ਗਈ ਹੈ। ਜੇ ਇਸ ਵੱਲ ਧਿਆਨ ਨਾ ਦਿੱਤਾ ਗਿਆ, ਤਾਂ ਇਸ ਦੀ ਧਾਰ ਹੋਰ ਤਿੱਖੀ ਹੋ ਜਾਵੇਗੀ। ਇਹ ਨਾ ਸਿਰਫ ਅਫਗਾਨਿਸਤਾਨ ਦੇ ਗੁਆਂਢ ’ਚ ਬਲਕਿ ਉਸ ਤੋਂ ਵੀ ਅੱਗੇ ਤਕ ਹੋਵੇਗਾ। ਜੈਸ਼ੰਕਰ ਨੇ ਕਿਹਾ ਕਿ ਅਜਿਹੀ ਸਥਿਤੀ ’ਚ ਸਾਰੇ ਹਿੱਤਧਾਰਕਾਂ ਨੂੰ ਚੁਣੌਤੀਆਂ ਨਾਲ ਨਜਿੱਠਣ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਜੈਸ਼ੰਕਰ ਨੇ ਕਿਹਾ ਕਿ ਭਾਰਤ ਰਾਸ਼ਟਰੀ ਸ਼ਾਂਤੀ ਅਤੇ ਸੁਲ੍ਹਾ ਪ੍ਰਕਿਰਿਆ ਦਾ ਸਮਰਥਨ ਕਰਦਾ ਰਿਹਾ ਹੈ, ਜੋ ਅਫਗਾਨ ਦੀ ਅਗਵਾਈ ਵਾਲੀ, ਅਫਗਾਨ ਦੀ ਮਲਕੀਅਤ ਅਤੇ ਅਫਗਾਨ-ਨਿਯੰਤਰਿਤ ਹੈ।
Comment here