ਅਪਰਾਧਸਿਆਸਤਖਬਰਾਂਦੁਨੀਆ

ਅਫਗਾਨਿਸਤਾਨ ’ਚ ਮੀਡੀਆ ਕਰਮੀਆਂ ਨੂੰ ਵੱਡਾ ਖਤਰਾ

ਕਾਬੁਲ-ਇੱਥੋਂ ਦੇ ਨਿਊਜ਼ ਐਂਕਰ ਵਜੋਂ ਕੰਮ ਕਰਦੇ ਅਹਿਮਦ ਬਸੀਰ ਅਹਿਮਦੀ ਨੂੰ ਕਾਬੁਲ ਸ਼ਹਿਰ ਦੇ ਪੀਡੀ 9 ਵਿੱਚ ਹਥਿਆਰਬੰਦ ਵਿਅਕਤੀਆਂ ਨੇ ਕੁੱਟਿਆ। ਉਸ ’ਤੇ ਘਰ ਜਾਂਦੇ ਸਮੇਂ ਹਮਲਾ ਕੀਤਾ ਗਿਆ ਅਤੇ ਹਮਲਾਵਰਾਂ ਨੇ ਪਿਸਤੌਲ ਦੇ ਬੱਟ ਨਾਲ ਉਸ ਦੇ ਸਿਰ ’ਤੇ ਵਾਰ ਕੀਤਾ। ਹਮਲੇ ਦੀ ਪੁਸ਼ਟੀ ਕਰਦੇ ਹੋਏ ਗਵਾਹ ਮੁਹੰਮਦ ਨਾਦਿਰ ਨੇ ਕਿਹਾ,”ਇੱਕ ਗੋਲੀ ਕੰਧ ਨਾਲ ਲੱਗੀ ਜਦੋਂ ਕਿ ਦੂਜੀ ਹੇਠਾਂ ਜ਼ਮੀਨ ਵਿੱਚ ਜਾ ਲੱਗੀ।” ਹਮਲਾਵਰਾਂ ਨੇ ਪੀੜਤ ਦੇ ਸਿਰ ’ਤੇ ਪਿਸਤੌਲ ਨਾਲ ਵਾਰ ਕੀਤਾ ਅਤੇ ਉਸ ਦੇ ਦੰਦ ਤੋੜ ਦਿੱਤੇ।
ਅਹਿਮਦੀ ਨੇ ਕਿਹਾ ਕਿ ਦੇਸ਼ ’ਚ ਪੱਤਰਕਾਰਾਂ ਅਤੇ ਮੀਡੀਆ ਕਰਮੀਆਂ ਨੂੰ ਵੱਡਾ ਖਤਰਾ ਹੈ ਅਤੇ ਜੋ ਲੋਕ ਇਹ ਕਹਿ ਰਹੇ ਹਨ ਕਿ ਪੱਤਰਕਾਰ ਸੁਰੱਖਿਅਤ ਹਨ, ਇਹ ਉਹ ਲੋਕ ਹਨ ਜੋ ਦੇਸ਼ ਛੱਡ ਕੇ ਚਲੇ ਗਏ ਹਨ ਅਤੇ ਅਫਗਾਨਿਸਤਾਨ ਤੋਂ ਬਾਹਰ ਰਹਿੰਦੇ ਹਨ। ਅਫਗਾਨਿਸਤਾਨ ’ਚ ਪੱਤਰਕਾਰਾਂ ’ਤੇ ਹਮਲਿਆਂ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ’ਤੇ ਮੀਡੀਆ ਕਰਮੀਆਂ ਨੇ ਤਾਲਿਬਾਨ ਸਰਕਾਰ ਤੋਂ ਪੂਰੀ ਜਾਂਚ ਦੀ ਮੰਗ ਕੀਤੀ ਹੈ। ਇਕ ਹੋਰ ਪੱਤਰਕਾਰ ਫਰਖੁੰਦਾ ਮੁਹਾਬੀ ਨੇ ਕਿਹਾ, ‘‘ਪੱਤਰਕਾਰ ਹਾਲ ਹੀ ’ਚ ਹਮਲਿਆਂ ਦਾ ਸਾਹਮਣਾ ਕਰ ਰਹੇ ਹਨ, ਸਾਨੂੰ ਉਮੀਦ ਹੈ ਕਿ ਮੀਡੀਆ ਸੰਗਠਨ ਅਤੇ ਇਸਲਾਮਿਕ ਅਮੀਰਾਤ ਇਨ੍ਹਾਂ ਮਾਮਲਿਆਂ ਦੀ ਜਾਂਚ ਕਰੇਗਾ।’’
ਟੋਲੋ ਨਿਊਜ਼ ਨੇ ਐੱਨਏਆਈ (ਅਫਗਾਨਿਸਤਾਨ ਵਿਚ ਮੀਡੀਆ ਦਾ ਸਮਰਥਨ ਕਰਨ ਵਾਲੇ ਸੰਗਠਨ) ਨੂੰ ਨੋਟਿਸ ਵਿਚ ਲੈਂਦੇ ਹੋਏ ਦੱਸਿਆ ਕਿ ਦੇਸ਼ ’ਚ ਪੱਤਰਕਾਰਾਂ ਖ਼ਿਲਾਫ਼ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਨ੍ਹਾਂ ’ਚ ਕਿਸੇ ਵੀ ਅਪਰਾਧੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਨਾਸਿਰ ਅਹਿਮਦ ਨੂਰੀ ਨੇ ਕਿਹਾ ਕਿ ਅਸੀਂ ਇਸਲਾਮਿਕ ਅਮੀਰਾਤ ਨੂੰ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਨ ਲਈ ਕਿਹਾ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਹਮਲਾ ਇਸਲਾਮਿਕ ਅਮੀਰਾਤ ਦੇ ਅਧਿਕਾਰੀਆਂ ਦੇ ਇਸ਼ਾਰੇ ’ਤੇ ਕੋਈ ਕਰ ਰਿਹਾ ਹੈ ਜਾਂ ਕੋਈ ਤੁਹਾਡੇ ਨਾਮ ਨੂੰ ਬਦਨਾਮ ਕਰ ਰਿਹਾ ਹੈ। ਅਫਗਾਨਿਸਤਾਨ ਨੈਸ਼ਨਲ ਜਰਨਲਿਸਟ ਆਰਗੇਨਾਈਜੇਸ਼ਨ ਦੁਆਰਾ ਕਰਵਾਏ ਗਏ ਇੱਕ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ 70 ਪ੍ਰਤੀਸ਼ਤ ਪੱਤਰਕਾਰਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ। ਇਸ ਦੇ ਨਾਲ ਹੀ ਦੇਸ਼ ਦੇ 80 ਫੀਸਦੀ ਮੀਡੀਆ ਅਦਾਰਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।

Comment here