ਅਪਰਾਧਖਬਰਾਂਦੁਨੀਆ

ਅਫਗਾਨਿਸਤਾਨ ਚ ਤਾਲਿਬਾਨਾਂ ਦੇ ਨਿਸ਼ਾਨੇ ਤੇ ਗੁਰਦੁਆਰਾ, ਨਿਸ਼ਾਨ ਸਾਹਿਬ ਹਟਾਇਆ

ਕਾਬੁਲ – ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਨਿਸ਼ਾਨੇ ਉੱਤੇ ਮਜ਼ਲੂਮ ਲੋਕ ਹਨ, ਆਏ ਦਿਨ ਤਾਲਿਬਾਨੀ ਅੱਤਵਾਦ ਦਾ ਕਰੂਰ ਚਿਹਰਾ ਹੋਰ ਭਿਅੰਕਰ ਰੂਪ ਨਾਲ ਦੁਨੀਆ ਦੇ ਸਾਹਮਣੇ ਆਉਂਦਾ ਹੈ।ਤਾਜ਼ਾ ਹਮਲੇ ਵਿਚ ਤਾਲਿਬਾਨੀ ਲੜਾਕਿਆਂ ਨੇ ਪਕਤੀਆ ਸੂਬੇ ਵਿਚ  ਗੁਰਦੁਆਰਾ ਥਲਾ ਸਾਹਿਬ ਨੂੰ ਨਿਸ਼ਾਨਾ ਬਣਾਇਆ, ਗੁਰਦੁਆਰੇ ਦੀ ਛੱਤ ‘ਤੇ ਲਗਾਇਆ ਨਿਸ਼ਾਨ ਸਾਹਿਬ ਹਟਾ ਦਿੱਤਾ ਹੈ।
ਪਕਤੀਆ ਦੇ ਚਮਕਨੀ ਵਿਚ ਸਥਿਤ ਇਹ ਗੁਰਦੁਆਰਾ ਸਿੱਖ ਭਾਈਚਾਰੇ ਵਿਚ ਬਹੁਤ ਮਹੱਤਤਾ ਰੱਖਦਾ ਹੈ। ਇਸ ਇਤਿਹਾਸਿਕ ਗੁਰਦੁਆਰੇ ਵਿਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਆ ਚੁੱਕੇ ਹਨ। ਪਰ ਦੂਜੇ ਪਾਸੇ ਤਾਲਿਬਾਨ ਨੇ ਇਸ ਕਾਰਵਾਈ ਤੋਂ ਇਨਕਾਰ ਕੀਤਾ ਹੈ । ਪਰ ਲੋਕ ਨਹੀਂ ਭੁੱਲੇ ਕਿ ਪਿਛਲੇ ਸਾਲ ਹੀ ਇੱਥੋਂ ਨਿਦਾਨ ਸਿੰਘ ਸਚਦੇਵ ਨੂੰ ਅਗਵਾ ਕਰ ਲਿਆ ਗਿਆ ਸੀ। ਉਹ ਸਾਵਨ ਦੇ ਮਹੀਨੇ ਤੋਂ ਪਹਿਲਾਂ ਸੇਵਾ ਲਈ ਗੁਰਦੁਆਰੇ ਪਹੁੰਚਿਆ ਸੀ। ਬਾਅਦ ਵਿਚ ਉਸ ਨੂੰ ਛੱਡ ਦਿੱਤਾ ਗਿਆ।
ਅਫਗਾਨਿਤਾਨ ਦੇ ਤਾਲਿਬਾਨੀ ਹਿੰਸਾ ਪੀੜਤ ਇਲਾਕਿਆਂ ਵਿਚ ਦਹਿਸ਼ਤ ਨਾਲ ਘੱਟ ਗਿਣਤੀ ਅਫਗਾਨੀ ਸਿੱਖ ਅਤੇ ਹਿੰਦੂਆਂ ‘ਤੇ ਅੱਤਿਆਚਾਰ ਜਾਰੀ ਹਨ। ਖਾਸ ਕਰ ਕੇ ਪਕਤੀਆ ਦਾ ਇਲਾਕਾ 1980 ਦੇ ਦਹਾਕੇ ਤੋਂ ਮੁਜਾਹੀਦੀਨ ਅਤੇ ਤਾਲਿਬਾਨ/ਹੱਕਾਨੀ ਸਮੂਹ ਦਾ ਗੜ੍ਹ ਹੋਇਆ ਕਰਦਾ ਸੀ। ਤਾਲਿਬਾਨ ਦੀ ਦਹਿਸ਼ਤ ਇੱਥੇ ਇਸ ਕਦਰ ਸੀ ਕਿ ਅਫਗਾਨਿਸਤਾਨ ਦੀ ਸਰਕਾਰ ਦਾ ਇੱਥੇ ਕੋਈ ਦਖਲ ਨਹੀਂ ਸੀ। ਹੁਣ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਘਟਨਾ ਨੇ ਘੱਟ ਗਿਣਤੀ ਭਾਈਚਾਰੇ ਨੂੰ ਹੋਰ ਖੌਫਜ਼ਦਾ ਕਰ ਦਿੱਤਾ ਹੈ।

 

 

Comment here