ਸਿਆਸਤਖਬਰਾਂਦੁਨੀਆ

ਅਫਗਾਨਿਸਤਾਨ ‘ਚ ਔਰਤਾਂ ਦੀ ਸਿੱਖਿਆ ਲਈ ਅਮਰੀਕਾ ਮਦਦ ਕਰੇ-ਮਲਾਲਾ

ਵਾਸ਼ਿੰਗਟਨ – ਅਫਗਾਨਿਸਤਾਨ ਵਿਚ ਤਾਲਿਬਾਨੀ ਰਾਜ ਵਿਚ ਔਰਤਾਂ ਦੀ ਦੁਰਦਸ਼ਾ ਹੋ ਰਹੀ ਹੈ, ਸਿਖਿਆ ਦਾ ਮੰਦਾ ਹਾਲ ਹੈ। ਜਿਸ ਨੂੰ ਲੈ ਕੇ ਦੁਨੀਆ ਭਰ ਵਿਚ ਚਿੰਤਾ ਹੋ ਰਹੀ ਹੈ। ਮਨੁੱਖੀ ਅਧਿਕਾਰ ਕਾਰਕੁਨ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਅਫਗਾਨਿਸਤਾਨ ਦੀ ਮਲਾਲਾ ਯੂਸਫਜ਼ਈ ਨੇ ਦੇਸ਼ ਵਿਚ ਔਰਤਾਂ ਦੀ ਸਿੱਖਿਆ ਲਈ ਅਮਰੀਕਾ ਦੇ ਸਮਰਥਨ ‘ਤੇ ਜ਼ੋਰ ਦਿੱਤਾ ਹੈ। ਮਲਾਲਾ ਨੇ  ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ ਅਤੇ ਅਫਗਾਨਿਸਤਾਨ ਵਿੱਚ ਕੁੜੀਆਂ ਅਤੇ ਔਰਤਾਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਮਰਥਨ ਦੇਣ ਦੀ ਵਕਾਲਤ ਕੀਤੀ। ਮਲਾਲਾ ਨੇ ਕਿਹਾ ਕਿ ਅਫਗਾਨਿਸਤਾਨ ਹੀ ਅਜਿਹਾ ਦੇਸ਼ ਹੈ ਜਿੱਥੇ ਕੁੜੀਆਂ ਦੀ ਸੈਕੰਡਰੀ ਸਿੱਖਿਆ ਤੱਕ ਪਹੁੰਚ ਨਹੀਂ ਹੈ ਅਤੇ ਉਨ੍ਹਾਂ ਨੂੰ ਸਿੱਖਣ ਦੀ ਮਨਾਹੀ ਹੈ। ਉਹਨਾਂ ਨੇ ਇੱਕ 15 ਸਾਲਾ ਅਫਗਾਨ ਕੁੜੀ ਦਾ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਸੰਬੋਧਿਤ ਇੱਕ ਪੱਤਰ ਬਲਿੰਕਨ ਨੂੰ ਸੌਂਪਿਆ। ਸੋਤੋਦਾ ਨਾਂ ਦੀ ਇਸ ਕੁੜੀ ਨੇ ਆਪਣੇ ਪੱਤਰ ਵਿੱਚ ਕਿਹਾ,”ਇਹ ਫਿਲਹਾਲ ਅਫਗਾਨ ਕੁੜੀਆਂ ਦਾ ਸੁਨੇਹਾ ਹੈ। ਅਸੀਂ ਅਜਿਹਾ ਸੰਸਾਰ ਦੇਖਣਾ ਚਾਹੁੰਦੇ ਹਾਂ ਜਿੱਥੇ ਸਾਰੀਆਂ ਕੁੜੀਆਂ ਸੁਰੱਖਿਅਤ ਅਤੇ ਮਿਆਰੀ ਸਿੱਖਿਆ ਪ੍ਰਾਪਤ ਕਰ ਸਕਣ। ਜਦੋਂ ਤੱਕ ਇੱਥੇ ਕੁੜੀਆਂ ਲਈ ਸਕੂਲ ਅਤੇ ਯੂਨੀਵਰਸਿਟੀਆਂ ਬੰਦ ਰਹਿਣਗੀਆਂ, ਉਨ੍ਹਾਂ ਦਾ ਭਵਿੱਖ ਹਨੇਰੇ ਵਿੱਚ ਰਹੇਗਾ ਪਰ ਅਫਗਾਨਿਸਤਾਨ ਨੂੰ ਵੀ ਨੁਕਸਾਨ ਹੋਵੇਗਾ।” ਮਲਾਲਾ ਨੇ ਕਿਹਾ ਕਿ ਅਮਰੀਕਾ ਸੰਯੁਕਤ ਰਾਸ਼ਟਰ ਨਾਲ ਮਿਲ ਕੇ ਇਹ ਯਕੀਨੀ ਕਰਨ ਲਈ ਤੁਰੰਤ ਕਾਰਵਾਈ ਕਰੇਗਾ ਕਿ ਅਫਗਾਨਿਸਤਾਨ ‘ਚ ਕੁੜੀਆਂ ਨੂੰ ਜਲਦੀ ਤੋਂ ਜਲਦੀ ਸਕੂਲ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਬਲਿੰਕਨ ਨੇ ਮਲਾਲਾ ਨੂੰ ਦੁਨੀਆ ਭਰ ਦੀਆਂ ਕੁੜੀਆਂ ਅਤੇ ਔਰਤਾਂ ਲਈ ਪ੍ਰੇਰਨਾ ਦੱਸਿਆ ਅਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਸੈਕੰਡਰੀ ਸਕੂਲ ਸਿਰਫ ਲੜਕਿਆਂ ਲਈ ਖੋਲ੍ਹੇ ਗਏ ਹਨ ਅਤੇ ਸਿਰਫ ਮਰਦਾਂ ਨੂੰ ਪੜ੍ਹਾਉਣ ਦੀ ਇਜਾਜ਼ਤ ਹੈ।

 

Comment here