ਅਪਰਾਧਸਿਆਸਤਖਬਰਾਂਦੁਨੀਆ

ਅਫਗਾਨਿਸਤਾਨ ’ਚ ਅੱਤਵਾਦ ਤੇ ਮਨੁੱਖੀ ਸੰਕਟ ਮੁੱਖ ਮੁੱਦੇ—ਡੋਭਾਲ

ਨਵੀਂ ਦਿੱਲੀ-ਅਫ਼ਗਾਨਿਸਤਾਨ ’ਤੇ ਦਿੱਲੀ ਖੇਤਰੀ ਸੁਰੱਖਿਆ ਵਾਰਤਾ ਵਿਚ ਰੂਸ, ਈਰਾਨ, ਕਜ਼ਾਕਿਸਤਾਨ, ਕਿਗਰਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਸੁਰੱਖਿਆ ਅਧਿਕਾਰੀ ਹਿੱਸਾ ਲੈ ਰਹੇ ਹਨ। ਤਾਲਿਬਾਨ ਦੇ ਕਾਬੁਲ ’ਤੇ ਕਬਜ਼ਾ ਕਰਨ ਮਗਰੋਂ ਅੱਤਵਾਦ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵੱਧਦੇ ਖ਼ਤਰਿਆਂ ਦਾ ਸਾਹਮਣਾ ਕਰਨ ਵਿਚ ਆਪਸੀ ਸਹਿਯੋਗ ਲਈ ਇਕ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭਾਰਤ ਵਾਰਤਾ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਬੈਠਕ ਵਿਚ ਚੀਨ ਹਿੱਸਾ ਨਹੀਂ ਲੈ ਰਿਹਾ ਹੈ। ਪਾਕਿਸਤਾਨ ਨੇ ਵੀ ਪਿਛਲੇ ਦਿਨੀਂ ਇਸ ਬੈਠਕ ਵਿਚ ਸ਼ਾਮਲ ਨਾ ਹੋਣ ਦੀ ਗੱਲ ਆਖੀ ਸੀ।
ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਜਿਤ ਡੋਭਾਲ ਨੇ ਅਫ਼ਗਾਨ ਸੰਕਟ ’ਤੇ 8 ਦੇਸ਼ਾਂ ਦੀ ‘ਦਿੱਲੀ ਖੇਤਰੀ ਸੁਰੱਖਿਆ ਵਾਰਤਾ’ ਦੀ ਪ੍ਰਧਾਨਗੀ ਕੀਤੀ। ਇਸ ਵਾਰਤਾ ਦੌਰਾਨ ਡੋਭਾਲ ਨੇ ਕਿਹਾ ਕਿ ਅਸੀਂ ਅੱਜ ਸਾਰੇ ਅਫ਼ਗਾਨਿਸਤਾਨ ਨਾਲ ਸਬੰਧਤ ਮੁੱਦਿਆਂ ’ਤੇ ਗੱਲਬਾਤ ਕਰਨ ਲਈ ਇਕੱਠੇ ਹੋਏ ਹਾਂ। ਅਸੀਂ ਸਾਰੇ ਅਫ਼ਗਾਨਿਸਤਾਨ ਦੇ ਘਟਨਾਕ੍ਰਮ ’ਤੇ ਤਿੱਖੀ ਨਜ਼ਰ ਰੱਖ ਰਹੇ ਹਾਂ।
ਡੋਭਾਲ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ ਹੋ ਰਹੇ ਘਟਨਾਕ੍ਰਮ ਦੇ ਨਾ ਸਿਰਫ਼ ਉਸ ਦੇਸ਼ ਦੇ ਲੋਕਾਂ ਲਈ ਸਗੋਂ ਗੁਆਂਢੀਆਂ ਅਤੇ ਖੇਤਰ ਲਈ ਵੀ ਮਹੱਤਵਪੂਰਨ ਪ੍ਰਭਾਵ ਹਨ। ਇਹ ਸਮਾਂ ਅਫ਼ਗਾਨਿਸਤਾਨ ’ਤੇ ਸਾਡੇ ਕਰੀਬੀ ਸਲਾਹ-ਮਸ਼ਵਰੇ, ਵਧੇਰੇ ਸਹਿਯੋਗ ਅਤੇ ਤਾਲਮੇਲ ਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਸਾਡੇ ਵਿਚਾਲੇ ਸਲਾਹ-ਮਸ਼ਵਰਾ ਅਫ਼ਗਾਨ ਲੋਕਾਂ ਦੀ ਮਦਦ ਕਰਨ ਅਤੇ ਸਾਡੀ ਸਮੂਹਿਕ ਸੁਰੱਖਿਆ ਨੂੰ ਵਧਾਉਣ ’ਚ ਯੋਗਦਾਨ ਦੇਵੇਗਾ।
ਤਾਜ਼ਿਕਿਸਤਾਨ ਅਤੇ ਉਜਬੇਕਿਸਤਾਨ ਦੇ ਸੁਰੱਖਿਆ ਸਲਾਹਕਾਰਾਂ ਨਾਲ ਕੀਤੀ ਗੱਲਬਾਤ
ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਨੇ ਉਜਬੇਕਿਸਤਾਨ ਦੀ ਸੁਰੱਖਿਆ ਕਾਊਂਸਲ ਦੇ ਸਕੱਤਰ ਵਿਕਟਰ ਮਖਮੁਦੋਵ ਅਤੇ ਤਾਜ਼ਿਕਿਸਤਾਨ ਦੀ ਸੁਰੱਖਿਆ ਪਰਿਸ਼ਦ ਦੇ ਸਕੱਤਰ ਨਸਰੁੱਲੋ ਰਹਿਮਤਜੋਨ ਮਹਿਮੂਦਜੋਦਾ ਦੇ ਨਾਲ ਵੱਖ-ਵੱਖ ਦੋਪੱਖੀ ਗੱਲਬਾਤ ਕੀਤੀ, ਜਿਸ ਵਿਚ ਅਫਗਾਨਿਸਤਾਨ ਦੇ ਘਟਨਾਕ੍ਰਮ, ਅਫਗਾਨਿਸਤਾਨ ਦੀ ਜ਼ਮੀਨ ’ਤੋਂ ਅੱਤਵਾਦ ਦੇ ਸੰਭਾਵਿਤ ਖਤਰੇ ਅਤੇ ਲੜਾਈ ਨਾਲ ਪੀੜਤ ਦੇਸ਼ ਵਿਚ ਮਨੁੱਖੀ ਸੰਕਟ ਮੁੱਖ ਮੁੱਦੇ ਰਹੇ। ਅਫਗਾਨਿਸਤਾਨ ’ਤੇ ਖੇਤਰੀ ਸੁਰੱਖਿਆ ਗੱਲਬਾਤ ਤੋਂ ਪਹਿਲਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਅਤੇ ਤਾਜ਼ਿਕਿਸਤਾਨ ਅਤੇ ਉਜਬੇਕਿਸਤਾਨ ਦੇ ਉਨ੍ਹਾਂ ਦੇ ਹਮਅਹੁਦਾ ਅਧਿਕਾਰੀਆਂ ਨੂੰ ਕਿਹਾ ਕਿ ਅਫਗਾਨਿਸਤਾਨ ਦੀ ਨਵੀਂ ਸਰਕਾਰ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਮਾਨਤਾ ਪ੍ਰਾਪਤ ਕਰਨ ਤੋਂ ਪਹਿਲਾਂ ਦੇਸ਼ ਦੇ ਅੰਦਰ ਖੁਦ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

Comment here