ਕਾਬੁਲ-ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਅਫਗਾਨਿਸਤਾਨ ‘ਚ ਤਹਿਰੀਕ-ਏ-ਤਾਲਿਬਾਨ ਵਰਗੇ ਅੱਤਵਾਦੀਆਂ ਦੇ ਖਤਰੇ ਨੂੰ ਲੈ ਕੇ ਅਮਰੀਕਾ ਅਤੇ ਉਸ ਦੇ ਪੱਛਮੀ ਸਹਿਯੋਗੀਆਂ ਨੇ ਇਕ ਗੁਪਤ ਬੈਠਕ ਕੀਤੀ ਹੈ, ਜਿਸ ਤੋਂ ਬਾਅਦ ਇਕ ਵਾਰ ਫਿਰ ਅਫਗਾਨਿਸਤਾਨ ਵਿੱਚ ਅਮਰੀਕੀ ਕਾਰਵਾਈ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਇਸ ਵਿੱਚ ਪਾਕਿਸਤਾਨੀ ਫੌਜ ਲਈ ਖਤਰਾ ਬਣੇ ਤਹਿਰੀਕ-ਏ-ਤਾਲਿਬਾਨ ਦੇ ਅੱਤਵਾਦੀਆਂ ਨੂੰ ਅਮਰੀਕਾ ਤੇ ਪੱਛਮੀ ਦੇਸ਼ਾਂ ਲਈ ਵੀ ਵੱਡਾ ਖ਼ਤਰਾ ਮੰਨਿਆ ਗਿਆ ਹੈ। ਅਫਗਾਨਿਸਤਾਨ ‘ਤੇ ਹਾਲ ਹੀ ‘ਚ ਬਣੇ ਸਮੂਹ ਨੇ ਪਿਛਲੇ ਮਹੀਨੇ ਪੈਰਿਸ ‘ਚ ਇਕ ਗੁਪਤ ਬੈਠਕ ਕੀਤੀ, ਜਿਸ ਵਿੱਚ ਅਫਗਾਨਿਸਤਾਨ ‘ਚ ਅੱਤਵਾਦੀਆਂ ਦੀ ਸਰਗਰਮੀ ‘ਤੇ ਪਾਕਿਸਤਾਨੀ ਪੱਖ ਦਾ ਸਮਰਥਨ ਕੀਤਾ ਗਿਆ। ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅਮਰੀਕਾ ਤਾਲਿਬਾਨ ਦੇ ਉਦਾਰਵਾਦੀ ਧੜੇ ਨੂੰ ਵਧਾ ਸਕਦਾ ਹੈ।
‘ਐਕਸਪ੍ਰੈੱਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਇਹ ਗੁਪਤ ਮੀਟਿੰਗ ਯੂਕ੍ਰੇਨ ਯੁੱਧ ਦੇ ਇਕ ਸਾਲ ਪੂਰੇ ਹੋਣ ‘ਤੇ ਆਯੋਜਿਤ ਕੀਤੀ ਗਈ ਸੀ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਯੂਕ੍ਰੇਨ ਯੁੱਧ ਤੋਂ ਬਾਅਦ ਵੀ ਅਮਰੀਕਾ ਦਾ ਧਿਆਨ ਅਫਗਾਨਿਸਤਾਨ ‘ਤੇ ਹੀ ਬਣਿਆ ਹੋਇਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਟੀਟੀਪੀ, ਆਈਐੱਸਕੇਪੀ ਵਰਗੇ ਅੱਤਵਾਦੀ ਸੰਗਠਨ ਅਫਗਾਨਿਸਤਾਨ, ਇਸ ਖੇਤਰ ਅਤੇ ਇਸ ਤੋਂ ਬਾਹਰ ਦੀ ਦੁਨੀਆ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ। ਇਸ ਬੈਠਕ ‘ਚ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਸਮੂਹਾਂ ਨੂੰ ਸੁਰੱਖਿਅਤ ਪਨਾਹ ਨਾ ਦੇਵੇ।
20 ਫਰਵਰੀ ਨੂੰ ਪੈਰਿਸ ਵਿੱਚ ਹੋਈ ਇਸ ਮੀਟਿੰਗ ‘ਚ ਆਸਟ੍ਰੇਲੀਆ, ਕੈਨੇਡਾ, ਯੂਰਪੀਅਨ ਯੂਨੀਅਨ, ਫਰਾਂਸ, ਜਰਮਨੀ, ਇਟਲੀ, ਨਾਰਵੇ, ਸਵਿਟਜ਼ਰਲੈਂਡ, ਫਰਾਂਸ ਅਤੇ ਬਰਤਾਨੀਆ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਸੀ। ਇਸ ਵਿੱਚ ਅਫਗਾਨਿਸਤਾਨ ‘ਚ ਵਿਗੜਦੇ ਹਾਲਾਤ ‘ਤੇ ਚਰਚਾ ਕੀਤੀ ਗਈ। ਕਰੀਬ 2 ਹਫ਼ਤਿਆਂ ਤੱਕ ਇਸ ਮੁਲਾਕਾਤ ਬਾਰੇ ਕੋਈ ਬਿਆਨ ਨਹੀਂ ਆਇਆ।
Comment here