ਖਬਰਾਂ

ਅਪਰੈਲ ਮਹੀਨੇ ਚ ਹੀ ਪਾਰਾ 45 ਡਿਗਰੀ ਨੂੰ ਹੱਥ ਲਾ ਰਿਹੈ!!

ਜਲੰਧਰ- ਕੁਝ ਚਿਰ ਪਹਿਲਾਂ ਤੱਕ ਤਾਂ ਗਰਮੀ ਦਾ ਕਹਿਰ 15 ਮਈ ਤੋਂ ਬਾਅਦ ਦੇਖਣ ਨੂੰ ਮਿਲਦਾ ਸੀ, ਪਰ ਇਸ ਸਾਲ ਅਪ੍ਰੈਲ ਦੀ ਸ਼ੁਰੂਆਤ ‘ਚ ਹੀ ਗਰਮੀ ਤਿੱਖੀ ਹੋ ਗਈ | ਦੇਸ਼ ਦੇ ਕਰੀਬ 70 ਫੀਸਦੀ ਹਿੱਸੇ ‘ਚ ਖ਼ਤਰਨਾਕ ਗਰਮੀ ਦਾ ਕਹਿਰ ਜਾਰੀ ਹੈ | ਇਸ ਦੀ ਲਪੇਟ ‘ਚ ਦੇਸ਼ ਦੀ ਕਰੀਬ 80 ਫੀਸਦੀ ਅਬਾਦੀ ਹੈ | ਇਨ੍ਹਾਂ ‘ਚ ਸੱਤ ਸ਼ਹਿਰਾਂ ‘ਚ ਤਾਂ ਤਾਪਮਾਨ 45 ਡਿਗਰੀ ਤੋਂ ਵੀ ਜ਼ਿਆਦਾ ਹੋ ਗਿਆ ਹੈ | ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ ਅਤੇ ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਬਿਹਾਰ, ਝਾਰਖੰਡ ‘ਚ ਅਪ੍ਰੈਲ ਦੇ ਬਚੇ ਦਿਨਾਂ ‘ਚ ਤਾਪਮਾਨ ਲਗਾਤਾਰ ਵਧੇਗਾ | ਖਾਸ ਤੌਰ ‘ਤੇ ਮਈ ਦੇ ਪਹਿਲੇ ਹਫ਼ਤੇ ਤੱਕ ਇਹ ਕਹਿਰ ਜਾਰੀ ਰਹੇਗਾ | 29 ਅਤੇ 30 ਅਪ੍ਰੈਲ ਨੂੰ ਖ਼ਤਰਨਾਕ ਲੂ ਚੱਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ | ਕਿਹਾ ਜਾ ਰਿਹਾ ਹੈ ਕਿ ਇੱਕ ਮਈ ਨੂੰ ਗਰਮੀ ਦਾ ਪੀਕ ਹੋਵੇਗਾ | ਐਤਵਾਰ ਨੂੰ ਇਨ੍ਹਾਂ ਸੂਬਿਆਂ ਦੇ ਕਈ ਇਲਾਕਿਆਂ ‘ਚ ਤਾਪਮਾਨ 47-48 ਡਿਗਰੀ ਤੱਕ ਦਰਜ ਹੋ ਸਕਦਾ ਹੈ | ਇਸ ਦੇ ਨਾਲ ਹੀ 2 ਮਈ ਤੋਂ ਤਾਪਮਾਨ ਘੱਟ ਹੋਣ ਦੀ ਉਮੀਦ ਹੈ | 4 ਤੋਂ 7 ਮਈ ਦੌਰਾਨ ਬਾਰਿਸ਼ ਦਾ ਅਨੁਮਾਨ ਵੀ ਹੈ, ਜਿਸ ਨਾਲ ਗਰਮੀ ‘ਚ ਕੁਝ ਰਾਹਤ ਮਿਲ ਸਕਦੀ ਹੈ | ਮੌਸਮ ਵਿਗਿਆਨੀ ਆਰ ਕੇ ਜੇਨਾਮਣੀ ਨੇ ਕਿਹਾ ਕਿ ਮਈ ਦੇ ਪਹਿਲੇ ਹਫ਼ਤੇ ‘ਚ ਬਾਰਿਸ਼ ਹੋਣ ਦੀ ਉਮੀਦ ਹੈ | ਪੰਜਾਬ ‘ਚ ਆਉਣ ਵਾਲੇ 4-5 ਦਿਨਾਂ ‘ਚ ਗਰਮੀ ਦਾ ਕਹਿਰ ਪਹਿਲਾਂ ਤੋਂ ਵੀ ਜਿਆਦਾ ਰਹਿਣ ਵਾਲਾ ਹੈ | ਪੰਜਾਬ ਤੇ ਹਰਿਆਣਾ ‘ਚ ਮੌਸਮ ਵਿਭਾਗ ਨੇ ਐਤਵਾਰ ਅਤੇ ਸੋਮਵਾਰ ਨੂੰ ਤਾਪਮਾਨ 46 ਡਿਗਰੀ ਸੈਲਸੀਅਸ ਤੋਂ ਟੱਪਣ ਦੀ ਪੇਸ਼ੀਨਗੋਈ ਕੀਤੀ ਹੈ | ਵੀਰਵਾਰ ਨੂੰ ਬਠਿੰਡਾ ਸ਼ਹਿਰ ਸਭ ਤੋਂ ਗਰਮ ਰਿਹਾ, ਜਿੱਥੇ ਦਿਨ ਦਾ ਤਾਪਮਾਨ 44.5 ਡਿਗਰੀ ਸੈਲਸੀਅਸ ਦਰਜ ਕੀਤਾ ਹੈ | ਹਰਿਆਣਾ ‘ਚ ਸਿਰਸਾ ਸਭ ਤੋਂ ਗਰਮ ਰਿਹਾ, ਜਿੱਥੇ ਦਾ ਤਾਪਮਾਨ 44.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ | ਇਸੇ ਤਰ੍ਹਾਂ ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ‘ਚ ਤਾਪਮਾਨ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ | ਮੌਸਮ ਵਿਭਾਗ ਦੇ ਅਧਿਕਾਰੀ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਗਰਮੀ ਹੋਰ ਵਧ ਸਕਦੀ ਹੈ ਅਤੇ ਤਾਪਮਾਨ 46 ਡਿਗਰੀ ਸੈਲਸੀਅਸ ਨੂੰ ਟੱਪ ਸਕਦਾ ਹੈ | ਜਿਹੜੇ ਇਲਾਕੇ ਹਿਮਾਚਲ ਦੇ ਨਾਲ ਲੱਗਦੇ ਹਨ, ਉਨ੍ਹਾਂ ‘ਚ ਪਾਰਾ 38 ਡਿਗਰੀ ਤੋਂ 40 ਡਿਗਰੀ ਸੈਲਸੀਅਸ ਵਿਚਕਾਰ ਰਹਿ ਸਕਦਾ ਹੈ | ਪੰਜਾਬ ਦੇ ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਗਰਮੀ ਦੇ ਮੱਦੇਨਜ਼ਰ ਖੁਦ ਨੂੰ ਬਚਾ ਕੇ ਰੱਖਣ | ਕਾਲੇ ਰੰਗ ਦੇ ਕੱਪੜਿਆਂ ਦਾ ਇਸਤੇਮਾਲ ਨਾ ਕਰਨ ਅਤੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ | ਬਿਨਾਂ ਜ਼ਰੂਰੀ ਕੰਮ ਦੇ ਘਰ ਤੋਂ ਬਾਹਰ ਜਾਣ ਤੋਂ ਪਰਹੇਜ ਕਰਨ ਅਤੇ ਖਾਸ ਕਰਕੇ ਬਜ਼ੁਰਗ ਅਤੇ ਛੋਟੇ ਬੱਚਿਆਂ ਦਾ ਧਿਆਨ ਰੱਖਣ |
ਮੱਧ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ ‘ਚ ਲਗਾਤਾਰ 45 ਡਿਗਰੀ ਦੇ ਕਰੀਬ ਤਾਪਮਾਨ ਬਣਿਆ ਹੋਇਆ ਹੈ | ਦਿੱਲੀ ‘ਚ ਵੀਰਵਾਰ ਨੂੰ ਦਿਨ ਦੀ ਸ਼ੁਰੂਆਤ ਸਖ਼ਤ ਗਰਮੀ ਨਾਲ ਹੋਈ | ਵੀਰਵਾਰ ਦਿੱਲੀ ਦਾ ਤਾਪਮਾਨ 43 ਡਿਗਰੀ ਸੈਲਸੀਅਸ ਪਹੁੰਚ ਗਿਆ | ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਇਸ ‘ਚ ਇੱਕ ਡਿਗਰੀ ਦਾ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ ਅਤੇ ਪਾਰਾ 44 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ | ਇਕ ਪਾਸੇ ਗਰਮੀ ਕਹਿਰ ਕਰ ਰਹੀ ਹੈ ਤਾਂ ਉਥੇ ਹੀ ਬਿਜਲੀ ਦੇ ਕੱਟਾਂ ਨੇ ਸੰਕਟ ਨੂੰ ਹੋਰ ਵਧਾ ਦਿੱਤਾ ਹੈ | ਮਹਾਰਾਸ਼ਟਰ ਵਰਗੇ ਸੂਬਿਆਂ ‘ਚ ਬਿਜਲੀ ਦੀ ਅਪੂਰਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਅਤੇ ਇਸ ਦੇ ਚਲਦੇ ਪਾਵਰ ਕੱਟ ਲੱਗ ਰਹੇ ਹਨ | ਇਹੀ ਨਹੀਂ ਯੂ ਪੀ ਅਤੇ ਦਿੱਲੀ ‘ਚ ਵੀ ਕਈ-ਕਈ ਘੰਟੇ ਦੇ ਕੱਟ ਲੱਗ ਰਹੇ ਹਨ | ਮਹਾਰਾਸ਼ਟਰ ‘ਚ ਕੋਲੇ ਦੀ ਅਪੂਰਤੀ ਵੀ ਪ੍ਰਭਾਵਤ ਹੋ ਰਹੀ ਹੈ | ਸੂਬੇ ‘ਚ 20,000 ਲੱਖ ਮੀਟਿ੍ਕ ਟਨ ਕੋਲੇ ਦੀ ਕਮੀ ਹੈ | ਇਸ ਤੋਂ ਇਲਾਵਾ ਰਾਜਸਕਾਨ ‘ਚ ਹਰ ਦਿਨ ਕਰੀਬ 4 ਘੰਟੇ ਫੈਕਟਰੀਆਂ ‘ਚ ਪਾਵਰ ਕੱਟ ਲੱਗ ਰਹੇ ਹਨ | ਉਥੇ ਹੀ ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਨੇ ਤਾਂ ਪਹਿਲਾਂ ਹੀ ਉਦਯੋਗਿਕ ਖੇਤਰਾਂ ‘ਚ ਬਿਜਲੀ ਦੀ ਕਟੌਤੀ ਕਰ ਦਿੱਤੀ ਹੈ | ਜੰਮੂ-ਕਸ਼ਮੀਰ ਦੇ ਵਿੰਟਰ ਕੈਪੀਟਲ ਕਹੇ ਜਾਣ ਵਾਲੇ ਜੰਮੂ ‘ਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਰਿਹਾ ਹੈ | ਇਸ ਦੇ ਚਲਦੇ ਪਾਵਰ ਕੱਟ ਹੋ ਰਹੇ ਅਤੇ ਕਈ ਇਲਾਕਿਆਂ ‘ਚ ਪਾਣੀ ਦੀ ਕਿੱਲਤ ਵੀ ਦੇਖਣ ਨੂੰ ਮਿਲ ਰਹੀ ਹੈ | ਇਸ ਤੋਂ ਇਲਾਵਾ ਉਡੀਸ਼ਾ ਦੇ ਵੀ ਕਰੀਬ 24 ਸਥਾਨਾਂ ‘ਤੇ ਤਾਪਮਾਨ 40 ਡਿਗਰੀ ਤੋਂ ਜ਼ਿਆਦਾ ਚੱਲ ਰਿਹਾ ਹੈ | ਸੂਬੇ ‘ਚ ਸਕੂਲ ਅਤੇ ਕਾਲਜਾਂ ਨੂੰ 2 ਮਈ ਤੋਂ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ | ਸਕਾਈਮੇਟ ਮੌਸਮ ਦੇ ਅਨੁਸਾਰ ਸਿੱਕਮ, ਉੱਤਰ-ਪੂਰਬੀ ਭਾਰਤ ਤੇ ਉਪ-ਹਿਮਾਲੀਅਨ, ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ | ਕੇਰਲ ਅਤੇ ਕਰਨਾਟਕ ਦੇ ਦੱਖਣੀ ਹਿੱਸਿਆਂ ਵਿਚ ਹਲਕੀ ਬਾਰਿਸ਼ ਹੋ ਸਕਦੀ ਹੈ | ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ, ਉੱਤਰੀ ਅੰਦਰੂਨੀ ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਇੱਕ ਜਾਂ ਦੋ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ |

Comment here