ਖਬਰਾਂਮਨੋਰੰਜਨ

ਅਨੁਸ਼ਕਾ ਸ਼ਰਮਾ ਵਾਪਸੀ ਕਰੇਗੀ  ਛਕੜਾ ਐਕਸਪ੍ਰੈੱਸ’ ਨਾਲ

ਮੁੰਬਈ-ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤਿੰਨ ਸਾਲ ਮਗਰੋਂ ਫ਼ਿਲਮ ‘ਛਕੜਾ ਐਕਸਪ੍ਰੈੱਸ’ ਨਾਲ ਵਾਪਸੀ ਕਰਨ ਲਈ ਤਿਆਰ ਹੈ। ਭਾਰਤੀ ਮਹਿਲਾ ਕ੍ਰਿਕਟ ਖਿਡਾਰਨ ਝੂਲਨ ਗੋਸਵਾਮੀ ਦੇ ਜੀਵਨ ’ਤੇ ਆਧਾਰਿਤ ਇਹ ਫਿਲਮ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ।
ਅਨੁਸ਼ਕਾ ਨੇ ਕਿਹਾ ਕਿ ‘ਛਕੜਾ ਐਕਸਪ੍ਰੈੱਸ’ ਸੱਚਮੁਚ ਇੱਕ ਖਾਸ ਫ਼ਿਲਮ ਹੈ, ਕਿਉਂਕਿ ਇਹ ਬਲੀਦਾਨ ਦੀ ਕਹਾਣੀ ਹੈ। ਫ਼ਿਲਮ ਦੀ ਕਹਾਣੀ ਸਭ ਨੂੰ ਪ੍ਰੇਰਿਤ ਕਰਦੀ ਹੈ ਕਿਉਂਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਝੂਲਨ ਗੋਸਵਾਮੀ ਮਹਿਲਾ ਕ੍ਰਿਕਟ ਵਿੱਚ ਵਿਸ਼ਵ ਦੀ ਪ੍ਰਸਿੱਧ ਸਲਾਮੀ ਬੱਲੇਬਾਜ਼ ਰਹੀ ਹੈ। ਅਦਾਕਾਰਾ ਨੇ ਕਿਹਾ ਕਿ ਜਦੋਂ ਔਰਤਾਂ ਖੇਡਣ ਬਾਰੇ ਸੋਚ ਵੀ ਨਹੀਂ ਸਕਦੀਆਂ ਸਨ, ਉਦੋਂ ਝੂਲਨ ਨੇ ਕ੍ਰਿਕਟਰ ਬਣ ਕੇ ਦੇਸ਼ ਦਾ ਨਾਮ ਪੂਰੀ ਦੁਨੀਆ ਵਿਚ ਚਮਕਾਇਆ। ਅਨੁਸ਼ਕਾ ਨੇ ਕਿਹਾ ਕਿ ਇਹ ਫ਼ਿਲਮ ਝੂਲਨ ਦੇ ਜਨੂੰਨ ਅਤੇ ਸੰਘਰਸ਼ ਨੂੰ ਪਰਦੇ ’ਤੇ ਦਿਖਾਏਗੀ।
ਉਸ ਨੇ ਕਿਹਾ,‘‘ਔਰਤ ਹੋਣ ਦੇ ਨਾਤੇ ਝੂਲਨ ਦੀ ਕਹਾਣੀ ਸੁਣ ਕੇ ਮੈਨੂੰ ਮਾਣ ਮਹਿਸੂਸ ਹੋਇਆ ਅਤੇ ਮੈਂ ਉਸ ਦੀ ਜ਼ਿੰਦਗੀ ਬਾਰੇ ਲੋਕਾਂ ਤੇ ਕ੍ਰਿਕਟ ਪ੍ਰੇਮੀਆਂ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੀ। ਸਾਨੂੰ ਕ੍ਰਿਕਟ ਦੇਸ਼ ਹੋਣ ਦੇ ਨਾਤੇ ਆਪਣੀਆਂ ਮਹਿਲਾ ਕ੍ਰਿਕਟ ਖਿਡਾਰਨਾਂ ਨੂੰ ਉਨ੍ਹਾਂ ਦੇ ਹੱਕ ਦੇਣੇ ਪੈਣਗੇ। ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਝੂਲਨ ਦੀ ਕਹਾਣੀ ਸੱਚਮੁੱਚ ਲਤਾੜੇ ਹੋਏ ਵਿਅਕਤੀ ਵਾਲੀ ਹੈ ਅਤੇ ਸਾਡੀ ਫ਼ਿਲਮ ਉਸ ਦੇ ਜਨੂੰਨ ਨੂੰ ਲੋਕਾਂ ਸਾਹਮਣੇ ਲਿਆਏਗੀ।’’ ਉਸ ਨੇ ਕਿਹਾ ਕਿ ਖਿਡਾਰੀ ਦੇਸ਼ ਲਈ ਖੇਡਦੇ ਹਨ। ਇਹ ਫ਼ਿਲਮ ਅਨੁਸ਼ਕਾ ਦੇ ਭਰਾ ਕਰਨੇਸ਼ ਸ਼ਰਮਾ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ ਤੇ ਪ੍ਰੋਸਿਤ ਰੌਏ ਨੇ ਨਿਰਦੇਸ਼ਨ ਦਿੱਤਾ ਹੈ।

Comment here