ਅੰਮ੍ਰਿਤਸਰ-ਕਿਸਾਨ ਅੰਦੋਲਨ ਦੀ ਹਮਾਇਤ ਕਰਨ ਕਰਕੇ ਪਾਰਟੀ ਤੋਂ ਬਰਕਾਸਤ ਕੀਤੇ ਗਏ ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਅਨਿਲ ਜੋਸ਼ੀ ਅੱਜ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ। ਅਨਿਲ ਜੋਸ਼ੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੀ ਹਾਜ਼ਰੀ ‘ਚ ਅਕਾਲੀ ਦਲ ਦਾ ਪੱਲਾ ਫੜ੍ਹਿਆ। ਅਨਿਲ ਜੋਸ਼ੀ ਦੇ ਨਾਲ ਭਾਜਪਾ ਦੇ ਹੋਰ ਵੀ ਕਈ ਵੱਡੇ ਆਗੂ ਅਕਾਲੀ ਦਲ ‘ਚ ਸ਼ਾਮਲ ਹੋਏ। ਇਨ੍ਹਾਂ ਆਗੂਆਂ ‘ਚ ਸੁਖਜੀਤ ਕੌਰ ਸਾਹੀ ਪਤਨੀ ਅਮਰਜੀਤ ਸਿੰਘ ਸਾਹੀ ਦਸੂਹਾ, ਮੋਹਿਤ ਗੁਪਤਾ ਬਠਿੰਡਾ, ਕਮਲ ਚੇਟਲੀ ਲੁਧਿਆਣਾ, ਆਰ. ਡੀ. ਸ਼ਰਮਾ ਲੁਧਿਆਣਾ ਕਾਰਪੋਰੇਸ਼ਨ ਕੌਂਸਲਰ, ਰਾਜ ਕੁਮਾਰ ਬਿੱਟੂ, ਸੁਰਿੰਦਰ ਛਿੰਦੀ, ਫਤਿਹਗੜ੍ਹ ਸਾਹਿਬ ਸ਼ਾਮਲ ਹਨ। ਅਨਿਲ ਜੋਸ਼ੀ ਨੇ ਇਸ ਮੌਕੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਗੱਲ ਕਰਨ ਵਾਲੀ ਇੱਕੋ-ਇਕ ਪਾਰਟੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਦੀ ਸੋਚ ‘ਤੇ ਪਹਿਰਾ ਦਿੱਤਾ ਹੈ। ਜਦੋਂ ਪਾਰਟੀ ਨੇ ਪੰਜਾਬ ਦੇ ਕਿਸਾਨਾਂ ਦੀ ਗੱਲ ਚੁੱਕੀ ਤਾਂ ਨਹੀਂ ਮੰਨੀ ਗਈ, ਜਿਸ ਕਾਰਨ ਭਾਜਪਾ ਨਾਲ ਗਠਜੋੜ ਟੁੱਟ ਗਿਆ। ਦੱਸਣਯੋਗ ਹੈ ਕਿ ਪੰਜਾਬ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਜੁਲਾਈ ਮਹੀਨੇ ‘ਚ ਭਾਜਪਾ ਨੇ ਪਾਰਟੀ ‘ਚੋਂ 6 ਸਾਲਾਂ ਲਈ ਬਾਹਰ ਕੱਢ ਦਿੱਤਾ ਸੀ।ਭਾਜਪਾ ਦਾ ਕਹਿਣਾ ਸੀ ਕਿ ਅਨਿਲ ਜੋਸ਼ੀ ਲਗਾਤਾਰ ਕਿਸਾਨਾਂ ਦੇ ਮਸਲੇ ‘ਤੇ ਬੋਲ ਰਹੇ ਸਨ ਅਤੇ ਕਹਿ ਰਹੇ ਸਨ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਹੋਰ ਆਗੂ ਕਿਸਾਨਾਂ ਦੀ ਆਵਾਜ਼ ਨੂੰ ਪਾਰਟੀ ਹਾਈਕਮਾਨ ਤੱਕ ਸਹੀ ਢੰਗ ਨਾਲ ਨਹੀਂ ਪਹੁੰਚਾ ਰਹੇ, ਜਿਸ ਤੋਂ ਬਾਅਦ ਪਾਰਟੀ ਵੱਲੋਂ ਉਕਤ ਫ਼ੈਸਲਾ ਲਿਆ ਗਿਆ ਸੀ। ਸੁਖਬੀਰ ਸਿੰਘ ਬਾਦਲ ਨੇ ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਨਾਰਥ ਤੋਂ ਪਾਰਟੀ ਉਮੀਦਵਾਰ ਵੀ ਐਲਾਨ ਦਿੱਤਾ ਹੈ।
Comment here