ਇਸਲਾਮਾਬਾਦ-ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਮਾਮਲੇ ਵਿਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੱਸਿਆ ਕਿ ਇਸ ਸਾਲ ਮਈ ਵਿੱਚ ਉਨ੍ਹਾਂ ਦੀ ਪਾਰਟੀ ਦੇ ਲਾਂਗ ਮਾਰਚ ਨੂੰ ਉੱਚ ਸੁਰੱਖਿਆ ਵਾਲੇ ਰੈੱਡ ਜ਼ੋਨ ਦੇ ਨਾਲ ਲੱਗਦੇ ਇਸਲਾਮਾਬਾਦ ਦੇ ਡੀ-ਚੌਕ ਇਲਾਕੇ ਵਿੱਚ ਜਾਣ ਤੋਂ ਰੋਕਣ ਦੇ ਅਦਾਲਤ ਦੇ ਹੁਕਮਾਂ ਦਾ ਉਨ੍ਹਾਂ ਕੋਲੋ ਅਣਜਾਣੇ ਵਿਚ ਉਲੰਘਣ ਹੋਇਆ। ਸੁਪਰੀਮ ਕੋਰਟ ਨੇ 25 ਮਈ ਦੇ ਆਪਣੇ ਹੁਕਮ ਵਿੱਚ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੂੰ ਆਪਣਾ ਅਜ਼ਾਦੀ ਮਾਰਚ ਇਸਲਾਮਾਬਾਦ ਵਿੱਚ ਪੇਸ਼ਾਵਰ ਮੋੜ ਨੇੜੇ ਐੱਚ-9 ਅਤੇ ਜੀ-9 ਖੇਤਰਾਂ ਦਰਮਿਆਨ ਆਯੋਜਿਤ ਕਰਨ ਦੇ ਸਪੱਸ਼ਟ ਨਿਰਦੇਸ਼ ਦਿੱਤੇ ਸਨ।
ਹਾਲਾਂਕਿ, ਖਾਨ ਅਤੇ ਪ੍ਰਦਰਸ਼ਨਕਾਰੀ ਡੀ-ਚੌਕ ਵੱਲ ਚਲੇ ਗਏ ਸਨ, ਜਿਸ ਨਾਲ ਸਰਕਾਰ ਨੂੰ ਰਾਜਧਾਨੀ ਦੇ ਰੈੱਡ ਜ਼ੋਨ ਦੀ ਸੁਰੱਖਿਆ ਲਈ ਫੌਜ ਬੁਲਾਉਣੀ ਪਈ ਸੀ। ਖਾਨ ਨੇ ਆਪਣੇ ਵਕੀਲ ਸਲਮਾਨ ਅਕਰਮ ਰਾਜਾ ਦੇ ਜ਼ਰੀਏ ਅਦਾਲਤ ਦੀ ਮਾਣਹਾਨੀ ਦੇ ਮਾਮਲੇ ’ਚ ਆਪਣਾ ਜਵਾਬ ਦਾਇਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ 25 ਮਈ ਦੇ ਸੁਪਰੀਮ ਕੋਰਟ ਦੇ ਹੁਕਮ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਸੀ। ਪੀਟੀਆਈ ਮੁਖੀ ਨੇ ਕਿਹਾ ਕਿ ਜੈਮਰ ਲੱਗੇ ਹੋਏ ਸਨ,ਜਿਸ ਕਾਰਨ ਸੰਚਾਰ ਵਿੱਚ ਗੜਬੜੀ ਕਾਰਨ ਉਨ੍ਹਾਂ ਨੂੰ ਅਦਾਲਤ ਦੇ ਸਹੀ ਨਿਰਦੇਸ਼ਾਂ ਤੋਂ ਜਾਣੂ ਨਹੀਂ ਕਰਾਇਆ ਗਿਆ। ਖਾਨ (70) ਨੇ ਅਦਾਲਤ ਨੂੰ ਕਿਹਾ, ‘ਅਣਜਾਣੇ ਵਿੱਚ ਸਰਹੱਦ ਪਾਰ ਕਰਨ ਲਈ ਮੈਨੂੰ ਅਫਸੋਸ ਹੈ।’
ਅਦਾਲਤ ਦੇ ਹੁਕਮਾਂ ਦੀ ਅਣਜਾਣੇ ’ਚ ਉਲੰਘਣਾ ਹੋਈ : ਇਮਰਾਨ ਖਾਨ

Comment here