ਸਾਹਿਤਕ ਸੱਥਚਲੰਤ ਮਾਮਲੇਬਾਲ ਵਰੇਸ

ਅਣਜੰਮੀ ਧੀ ਦੀ ਪੁਕਾਰ

ਦੱਸ ਕਾਹਦਾ ਤੈਨੂੰ ਦੁੱਖ, ਤੇਰੀ ਹਰੀ ਕੀਤੀ ਕੁੱਖ
ਰੱਖੇ ਪੁੱਤ ਦੀ ਹੀ ਭੁੱਖ, ਹਰ ਵਾਰ ਮਾਏਂ ਨੀ
ਦੇਖਣਾ ਮੈ ਚਾਹੁੰਦੀ, ਸੰਸਾਰ ਮਾਏਂ ਨੀ

ਮਾਏਂ ਖੂਨ ਮੈ ਵੀ ਤੇਰਾ, ਤੇਰਾ ਹੋਇਆ ਕਿਵੇ ਜੇਰਾ
ਕਤਲ ਕਰਾਵੇ ਮੇਰਾ, ਐਨੇ ਦੁੱਖ ਜਰਕੇ
ਦੱਸੀ ਮਾਏਂ ਹੱਥ, ਦਿਲ ਉੱਤੇ ਧਰਕੇ

ਮੈਨੂੰ ਕਰੀ ਨਾ ਨਿਰਾਸ, ਰੱਖੀ ਤੇਰੇ ਉੱਤੇ ਆਸ
ਨਿੱਤ ਕਰਾਂ ਅਰਦਾਸ, ਮੈ ਪੁਕਾਰ ਮਾਏਂ ਨੀ
ਦੇਖਣਾ ਮੈ ਚਾਹੁੰਦੀ, ਸੰਸਾਰ ਮਾਏਂ ਨੀ

ਕਿਤੇ ਗੱਲਾਂ ਚ ਨਾ ਆਵੀ, ਨਾ ਤੂੰ ਕਤਲ ਕਰਾਵੀ
ਪਿੱਛੋ ਨਾ ਤੂੰ ਪਛਤਾਵੀ, ਠੰਡੇ ਹੌਂਕੇ ਭਰਕੇ
ਦੱਸੀ ਮਾਏਂ ਹੱਥ, ਦਿਲ ਉੱਤੇ ਧਰਕੇ

ਪੜ੍ਹ ਲਿਖ ਜਦ ਜਾਉਂ, ਤੇਰਾ ਹੱਥ ਮੈ ਵਟਾਂਉ
ਨਾਮ ਤੇਰਾ ਰੁਸ਼ਨਾਉ, ਹੋ ਉਡਾਰ ਮਾਏਂ ਨੀ
ਦੇਖਣਾ ਮੈ ਚਾਹੁੰਦੀ, ਸੰਸਾਰ ਮਾਏਂ ਨੀ

ਨੀ ਮੈਂ ਮੰਗਦੀ ਨਾ ਕੱਖ, ਥੋੜ੍ਹਾ ਹੌਸਲਾ ਤੂੰ ਰੱਖ
ਮੈਨੂੰ ਕਰੀ ਨਾ ਤੂੰ ਵੱਖ, ਕਿਸੇ ਕੋਲੋ ਡਰਕੇ
ਦੱਸੀ ਮਾਏਂ ਹੱਥ, ਦਿਲ ਉੱਤੇ ਧਰਕੇ

ਸਾਰਾ ਆਖਦਾ ਜਹਾਨ, ਧੀਆਂ ਪੁੱਤਾਂ ਦੇ ਸਮਾਨ
ਨਾ ਤੂੰ ਕਰੀ ਕੁਰਬਾਨ, ਮੈਨੂੰ ਮਾਰ ਮਾਏਂ ਨੀ
ਦੇਖਣਾ ਮੈ ਚਾਹੁੰਦੀ, ਸੰਸਾਰ ਮਾਏਂ ਨੀ

ਦਾਗ ਮੱਥੇ ਨਾ ਲਵਾਈ, ਕਾਤਲ ਨਾ ਅਖਵਾਈ
‘ਸੁੱਖ’ ਨੂੰ ਵੀ ਸਮਝਾਈ, ਹੌਸਲਾ ਤੂੰ ਕਰਕੇ
ਦੱਸੀ ਮਾਏਂ ਹੱਥ, ਦਿਲ ਉੱਤੇ ਧਰਕੇ

ਸੁਖਚੈਨ ਸਿੰਘ ਚੰਦ ਨਵਾਂ

Comment here