ਸਿਆਸਤਖਬਰਾਂ

ਅਡਾਨੀ ਗਰੁੱਪ ਪੰਜਾਬ ਚੋਂ ਸਮੇਟੂ ਕਾਰੋਬਾਰ, ਮੁਲਾਜ਼ਮਾਂ ਨੂੰ ਫਿਕਰ ਪਿਆ

ਕਿਸਾਨ ਅੰਦੋਲਨ ਦਾ ਅਸਰ

ਲੁਧਿਆਣਾ– ਪੰਜਾਬ ਚ ਅਡਾਨੀ ਗਰੁੱਪ ਦੇ ਵੱਡੇ ਕਾਰੋਬਾਰ ਹਨ, ਜੋ ਪਿਛਲੇ 10 ਮਹੀਨਿਆਂ ਤੋਂ ਕਿਸਾਨਾਂ ਦੇ ਵਿਰੋਧ ਕਾਰਨ ਠੱਪ ਪਏ ਹਨ। ਖਬਰ ਆਈ ਹੈ ਕਿ ਅਡਾਨੀ ਗਰੁਪ ਪੰਜਾਬ ਚੋਂ ਆਪਣੇ ਕਾਰੋਬਾਰ ਸਮੇਟਣ ਲੱਗਿਆ ਹੈ। ਕਿਲ੍ਹਾ ਰਾਏਪੁਰ ਸਥਿਤ ਅਡਾਨੀ ਕੰਪਨੀ ਨੇ ਖ਼ੁਸ਼ਕ ਬੰਦਰਗਾਹ ਦੇ ਗੇਟ ਉੱਪਰ ਲੱਗਿਆ ਆਪਣੇ ਨਾਂ ਦਾ ਬੋਰਡ ਲਾਹ ਦਿੱਤਾ ਹੈ। ਉੱਥੇ ਕੰਮ ਕਰਦੇ ਚਾਰ ਦਰਜਨ ਦੇ ਕਰੀਬ ਪੱਕੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ। ਰੁਜ਼ਗਾਰ ਖੁੱਸਦਾ ਦੇਖ ਬੇਜ਼ਮੀਨੇ ਕਿਰਤੀ ਪਰਿਵਾਰਾਂ ਚ ਸੋਗ ਦਾ ਮਹੌਲ ਹੈ। ਪਰ ਅੰਦੋਲਨ ਲੜ ਰਹੇ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਅਡਾਨੀ ਘਰਾਣੇ ਵੱਲੋਂ ਇਸ ਅਦਾਰੇ ਨੂੰ ਠੇਕੇ ਤੇ ਦੇ ਕੇ ਚਲਾਉਣ ਦੀਆਂ ਵਿਉਂਤਾਂ ਘੜੀਆਂ ਜਾ ਰਹੀਆਂ ਹਨ। ਪਰ ਕਿਸਾਨ ਅਜਿਹੀਆਂ ਚਾਲਾਂ ਨੂੰ ਸਫ਼ਲ ਨਹੀਂ ਹੋਣ ਦੇਣਗੇ। ਉਨ੍ਹਾਂ ਦੁਹਰਾਇਆ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਤੱਕ ਮੋਰਚਾ ਜਾਰੀ ਰਹੇਗਾ। ਖ਼ੁਸ਼ਕ ਬੰਦਰਗਾਹ ਤੋਂ ਛਾਂਟੀ ਕੀਤੇ ਮੁਲਾਜ਼ਮਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਾਰਪੋਰੇਟ ਘਰਾਣੇ ਵੱਲੋਂ ਕਿਰਤ ਕਾਨੂੰਨਾਂ ਦੀ ਅਵੱਗਿਆ ਕਰਕੇ ਬਿਨਾਂ ਨੋਟਿਸ, ਬਗ਼ੈਰ ਉੱਚਿਤ ਮੁਆਵਜ਼ਾ ਦਿੱਤੇ ਕਿਰਤੀਆਂ ਦੀ ਨੌਕਰੀ ਤੋਂ ਛਾਂਟੀ ਕਰਨ ਦੀ ਵੈਸੇ ਕਿਸਾਨ ਆਗੂਆਂ ਨੇ ਨਿਖੇਧੀ ਕਰ ਦਿਤੀ ਹੈ।  ਖ਼ੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਦੇ ਅਧਿਕਾਰੀਆਂ ਨੇ ਕੰਪਨੀ ਵੱਲੋਂ ਇਸ ਬੰਦਰਗਾਹ ਨੂੰ ਬੰਦ ਕਰਨ ਦਾ ਖੰਡਨ ਕੀਤਾ ਹੈ ਪਰ ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਕਾਰਨ ਮੁੱਖ ਗੇਟ ਤੋਂ ਨਾਮ ਦਾ ਫੱਟਾ (ਹਟਾ ਦਿੱਤਾ ਗਿਆ ਹੈ। ਚਰਚਾ ਹੈ ਕਿ ਅਦਾਲਤੀ ਸਹਾਰਾ ਲੈਣ ਦੇ ਬਾਵਜੂਦ ਤੇ ਪੰਜਾਬ ਸਰਕਾਰ ਵੱਲੋਂ ਆਸ ਅਨੁਸਾਰ ਹੁੰਗਾਰਾ ਨਾ ਮਿਲਣ ’ਤੇ ਕੰਪਨੀ ਨੇ ਇਸ ਖ਼ੁਸ਼ਕ ਬੰਦਰਗਾਹ ਨੂੰ ਚੋਰ ਮੋਰੀ ਰਾਹੀਂ ਚਲਾਉਣ ਦੇ ਹੀਲੇ ਆਰੰਭ ਦਿੱਤੇ ਹਨ ਜਾਂ ਫੇਰ ਇਸ ਦਾ ਕਾਰੋਬਾਰ ਸਮੇਟ ਕੇ ਕਿਤੇ ਹੋਰ ਸ਼ਿਫਟ ਕੀਤੇ ਜਾਣ ਦੀ ਤਿਆਰੀ ਹੈ।

Comment here