ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਫਰਵਰੀ ਵਿੱਚ ਘੋਸ਼ਣਾ ਕੀਤੀ ਸੀ ਕਿ ਵਿਸ਼ਵ ਬੈਂਕ ਦੇ ਪ੍ਰਧਾਨ ਲਈ ਭਾਰਤੀ ਅਮਰੀਕੀ ਅਜੈ ਬੰਗਾ ਨੂੰ ਨਾਮਜ਼ਦ ਕਰੇਗਾ। ਭਾਰਤੀ ਅਮਰੀਕੀ ਅਜੈ ਬੰਗਾ ਨੇ ਸ਼ੁੱਕਰਵਾਰ ਨੂੰ ਵਿਸ਼ਵ ਬੈਂਕ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਦੇ ਨਾਲ ਹੀ ਉਹ ਦੋ ਗਲੋਬਲ ਵਿੱਤੀ ਸੰਸਥਾਵਾਂ- ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੇ ਮੁਖੀ ਬਣਨ ਵਾਲੇ ਪਹਿਲੇ ਗੈਰ-ਗੋਰੇ ਵਿਅਕਤੀ ਬਣ ਗਏ ਹਨ। 3 ਮਈ ਨੂੰ ਵਿਸ਼ਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਕਾਂ ਨੇ ਬੰਗਾ (63) ਨੂੰ ਵਿਸ਼ਵ ਬੈਂਕ ਦਾ 14ਵਾਂ ਪ੍ਰਧਾਨ ਚੁਣਿਆ ਸੀ। ਉਨ੍ਹਾਂ ਦਾ ਕਾਰਜਕਾਲ 5 ਸਾਲ ਦਾ ਹੋਵੇਗਾ।
ਬੰਗਾ ਵਿਸ਼ਵ ਬੈਂਕ ਦੀ ਪ੍ਰਧਾਨਗੀ ਕਰਨ ਵਾਲੇ ਪਹਿਲੇ ਭਾਰਤੀ-ਅਮਰੀਕੀ ਹਨ। ਉਹ ਡੇਵਿਡ ਮਾਲਪਾਸ ਦੀ ਥਾਂ ‘ਤੇ ਆਏ ਹਨ, ਜਿਨ੍ਹਾਂ ਨੇ ਫਰਵਰੀ ਵਿੱਚ ਅਸਤੀਫਾ ਦੇਣ ਦਾ ਫੈਸਲਾ ਕੀਤਾ ਸੀ। ਬੰਗਾ ਇਸ ਤੋਂ ਪਹਿਲਾਂ ਜਨਰਲ ਐਟਲਾਂਟਿਕ ਦੇ ਵਾਈਸ ਚੇਅਰਮੈਨ ਸਨ। ਇਸ ਤੋਂ ਪਹਿਲਾਂ, ਉਹ ਗਲੋਬਲ ਸਮੂਹ ਮਾਸਟਰਕਾਰਡ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸਨ। ਮਾਸਟਰਕਾਰਡ ਵਿੱਚ ਲਗਭਗ 24,000 ਕਰਮਚਾਰੀ ਕੰਮ ਕਰਦੇ ਹਨ।
ਵਿਸ਼ਵ ਬੈਂਕ ਨੇ ਸ਼ੁੱਕਰਵਾਰ ਨੂੰ ਬੰਗਾ ਦੀ ਹੈੱਡਕੁਆਰਟਰ ਵਿੱਚ ਦਾਖਲ ਹੁੰਦੇ ਦੀ ਫੋਟੋ ਪੋਸਟ ਕਰਦੇ ਹੋਏ ਟਵੀਟ ਕੀਤਾ, “ਸਾਡੇ ਨਾਲ ਮਿਲ ਕੇ ਵਿਸ਼ਵ ਬੈਂਕ ਸਮੂਹ ਦੇ ਨਵੇਂ ਪ੍ਰਧਾਨ ਵਜੋਂ ਅਜੇ ਬੰਗਾ ਦਾ ਸਵਾਗਤ ਕਰੋ। ਅਸੀਂ ਗਰੀਬੀ ਤੋਂ ਮੁਕਤ ਸੰਸਾਰ ਬਣਾਉਣ ਲਈ ਵਚਨਬੱਧ ਹਾਂ।” IMF ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲੀਨਾ ਜਾਰਜੀਵਾ ਨੇ ਟਵੀਟ ਕੀਤਾ, “ਮੈਂ ਅਜੇ ਬੰਗਾ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ, ਕਿਉਂਕਿ ਉਹ ਅੱਜ ਵਿਸ਼ਵ ਬੈਂਕ ਦੇ ਪ੍ਰਧਾਨ ਵਜੋਂ ਆਪਣੀ ਨਵੀਂ ਭੂਮਿਕਾ ਸੰਭਾਲ ਰਹੇ ਹਨ। ਮੈਂ ਚੰਗਾ ਕੰਮ ਕਰਨ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਸਾਡੀਆਂ ਸੰਸਥਾਵਾਂ ਵਿਚਕਾਰ ਡੂੰਘੀ ਭਾਈਵਾਲੀ ਨੂੰ ਜਾਰੀ ਰੱਖਣ ਦੀ ਉਮੀਦ ਕਰਦੀ ਹਾਂ। ”
Comment here