ਸਿਆਸਤਖਬਰਾਂ

ਅਜੇ ਨੀ ਪਤਾ ਬੈਂਸ ਭਰਾ ਕਿੱਧਰ ਜਾਣਗੇ

ਲੁਧਿਆਣਾ-ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਦਿਨ ਕੁਝ ਨਾ ਕੁਝ ਨਵਾਂ ਹੋ ਰਿਹਾ ਹੈ, ਪਾਰਟੀਆਂ ਚ ਟੁੱਟ ਭੱਜ ਚੱਲ ਰਹੀ ਹੈ ਤੇ ਜੋੜ ਤੋੜ ਲੱਗ ਰਹੇ ਹਨ। ਇਸ ਦੌਰਾਨ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਨੇ ਗੱਠਜੋੜ ਕਰਕੇ ਚੋਣ ਮੈਦਾਨ ਵਿਚ ਉਤਰਨ ਦਾ ਮਨ ਬਣਾ ਲਿਆ ਹੈ। ਬੈਂਸ ਭਰਾ ਕਿਸ ਪਾਰਟੀ ਨਾਲ ਗੱਠਜੋੜ ਕਰਨਗੇ, ਇਸ ਬਾਰੇ ਹਾਲੇ ਸਾਫ ਨਹੀਂ ਦੱਸਿਆ ਗਿਆ ਪਰ ਇਹ ਜ਼ਰੂਰ ਕਿਹਾ ਗਿਆ ਹੈ ਕਿ ‘ਸਾਡਾ ਹਰ ਫੈਸਲਾ ਪੰਜਾਬ ਦੇ ਭਲੇ ਲਈ ਹੋਵੇਗਾ।’ ਆਪਣੇ ਟਵਿੱਟਰ ਖਾਤੇ ਉਤੇ ਸਿਮਰਜੀਤ ਸਿੰਘ ਬੈਂਸ ਨੇ ਆਖਿਆ ਹੈ- ‘ਸਾਡਾ ਹਰ ਕਦਮ ਪੰਜਾਬ ਦੀ ਬਿਹਤਰੀ ਲਈ ਉੱਠੇਗਾ, ਸਾਡਾ ਪਹਿਲਾ ਮਕਸਦ ਪੰਜਾਬ ਦੀ ਖ਼ੁਸ਼ਹਾਲੀ ਹੈ, ਅਸੀਂ ਉਸ ਪਾਰਟੀ ਨਾਲ ਗਠਜੋੜ ਬਾਰੇ ਸੋਚਾਂਗੇ, ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਭਲੇ ਬਾਰੇ ਸੋਚੇਗੀ। ਬੈਂਸ ਭਰਾਵਾਂ ਦੇ ਭਾਜਪਾ ਦੇ ਨਾਲ ਗਠਜੋੜ ਨੂੰ ਲੈ ਕੇ ਚਰਚੇ ਹਨ। ਜ਼ਿਕਰਯੋਗ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ ਨੇ ਲੁਧਿਆਣਾ ਸਾਊਥ ਤੇ ਆਤਮਨਗਰ ਹਲਕਿਆਂ ਤੋਂ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਚੋਣ ਜਿੱਤੀ ਸੀ। 2016 ਵਿਚ ਉਨ੍ਹਾਂ ਨੇ ਪਾਰਟੀ ਦਾ ਗਠਨ ਕੀਤਾ ਤੇ 2017 ਦੀਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਕਰ ਕੇ ਪੰਜ ਸੀਟਾਂ ’ਤੇ ਚੋਣਾਂ ਲੜੀਆਂ ਸਨ। ਹੁਣ ਹਾਲੇ ਤੱਕ ਪਾਰਟੀ ਸਪੱਸ਼ਟ ਨਹੀ ਕਰ ਰਹੀ ਕਿ ਕਿਸ ਧਿਰ ਨਾਲ ਗਠਜੋੜ ਕਰਨਾ ਹੈ, ਜਿਸ ਕਰਕੇ ਪਾਰਟੀ ਵਰਕਰਾਂ ਵਿੱਚ ਵੀ ਕੁਝ ਨਿਰਾਸ਼ਾ ਦਾ ਮਹੌਲ ਬਣ ਰਿਹਾ ਹੈ।

Comment here