ਇਸਲਾਮਾਬਾਦ- ਲੰਘੇ ਦਿਨੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਅਜਾ਼ਦੀ ਮਾਰਚ ਕਢਿਆ ਸੀ, ਇਸ ਦੌਰਾਨ ਗਿਲਗਿਤ-ਬਾਲਟੀਸਤਾਨ ਦੇ ਮੁੱਖ ਮੰਤਰੀ ਖ਼ਾਲਿਦ ਖੁਰਸ਼ੀਦ ‘ਤੇ ਪੀ ਟੀ ਆਈ ਆਜ਼ਾਦੀ ਮਾਰਚ ਦੇ ਦੌਰਾਨ ਰਾਜਧਾਨੀ ‘ਚ ਦੰਗੇ ਕਰਵਾਉਣ ਤੇ ਜਨਤਕ ਵਿਵਸਥਾ ਨੂੰ ਵਿਗਾੜਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਜੀਓ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਸ਼੍ਰੀ ਖੁਰਸ਼ੀਦ ਤੇ ਉਨ੍ਹਾਂ ਦੇ ਸੁਰੱਖਿਆ ਪ੍ਰਮੁੱਖ ਤੇ 50 ਪੁਲਸ ਕਰਮਚਾਰੀਆਂ ਦੇ ਨਾਲ ਮੋਟਰਵੇਅ ‘ਤੇ ਪੁਲਸ ‘ਤੇ ਗੋਲੀਬਾਰੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁੱਖਮੰਤਰੀ ‘ਤੇ ਸਦਰ ਹਸਨ ਅਬਦਾਲ ਪੁਲਸ ਥਾਣੇ ‘ਚ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਖੁਰਸ਼ੀਦ ਤੇ ਉਨ੍ਹਾਂ ਦੇ ਸੁਰੱਖਿਆ ਦਲ ‘ਤੇ ਸਰਕਾਰ ਤੇ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਨ ਤੇ ਪੁਲਸ ਕਰਮਚਾਰੀਆਂ ‘ਤੇ ਗੋਲੀਬਾਰੀ ਦਾ ਦੋਸ਼ ਲਾਇਆ ਗਿਆ ਹੈ। ਇਸਲਾਮਾਬਾਦ ਪੁਲਸ ਨੇ ਵੀਰਵਾਰ ਨੂੰ ਮਾਰਚ ਦੇ ਦੌਰਾਨ ਰਾਜਧਾਨੀ ‘ਚ ਹੋਏ ਦੰਗਿਆਂ ਨੂੰ ਲੈ ਕੇ ਪੀ ਟੀ ਆਈ ਦੇ ਪ੍ਰਧਾਨ ਇਮਰਾਨ ਖ਼ਾਨ ਤੇ ਹੋਰਨਾਂ ਸਮੇਤ 150 ਲੋਕਾਂ ਦੇ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਅਸਦ ਉਮਰ, ਇਮਰਾਨ ਇਸਮਾਈਲ, ਰਾਜਾ ਖੁਰੱਮ ਨਵਾਜ਼, ਅਲੀ ਅਮੀਨ ਗੰਡਾਪੁਰ ਤੇ ਅਲੀ ਨਵਾਜ਼ ਅਵਾਨ ਸਮੇਤ ਹੋਰਨਾਂ ਨੇਤਾਵਾਂ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਸਰਕਾਰ ਨੇ ਆਜ਼ਾਦੀ ਮਾਰਚ ‘ਚ ਹਿੱਸਾ ਲੈਣ ਵਾਲੇ ਖ਼ੈਬਰ ਪਖ਼ਤੂਨਖ਼ਵਾ ਦੇ ਮੁੱਖਮੰਤਰੀ ਮਹਿਮੂਦ ਖ਼ਾਨ ਦੇ ਖ਼ਿਲਾਫ਼ ਵੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ।
Comment here