ਅਪਰਾਧਸਿਆਸਤਖਬਰਾਂਦੁਨੀਆ

ਅਜ਼ਾਦੀ ਦਿਹਾੜੇ ਮੌਕੇ ਕਰਾਚੀ ਚ ਧਮਾਕਾ, ਚਾਰ ਬੱਚੇ ਤੇ ਛੇ ਔਰਤਾਂ ਦੀ ਮੌਤ

ਕਰਾਚੀ– 14 ਅਗਸਤ ਨੂੰ ਜਦ ਪਾਕਿਸਤਾਨ ਵਿੱਚ ਅਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਸੀ, ਉਸ ਵਕਤ ਇਥੇ ਦਹਿਸ਼ਤੀ ਕਾਰੇ ਨਹੀਂ ਰੁਕੇ। ਜਸ਼ਨਾਂ ਭਰੇ ਮਹੌਲ ਵਿੱਚ ਉਸ ਵੇਲੇ ਸੋਗ ਪੱਸਰ ਗਿਆ, ਜਦ ਕਰਾਚੀ ’ਚ ਗ੍ਰਨੇਡ ਹਮਲਾ ਹੋਇਆ। ਇਹ  ਹਮਲਾ ਕਰਾਚੀ ਦੇ ਬਲਦਿਆ ਟਾਊਨ ਦੇ ਮਾਵਾਚ ਗੋਥ ਇਲਾਕੇ ਦੇ ਨੇੜੇ ਇਕ ਟਰੱਕ ’ਤੇ ਕੀਤਾ ਗਿਆ। ਦਸ ਤੋੰ ਬਾਰਾਂ ਸਾਲ ਦੀ ਉਮਰ ਦੇ ਚਾਰ ਬੱਚਿਆਂ ਅਤੇ ਛੇ ਔਰਤਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਅੱਤਵਾਦ ਵਿਰੋਧੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਰਾਜਾ ਉਮਰ ਖੱਤਾਬ ਨੇ ਕਿਹਾ ਕਿ ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਇਹ ਗ੍ਰਨੇਡ ਹਮਲਾ ਸੀ। ਦਿ ਡਾਨ ਦੀ ਰਿਪੋਰਟ ਮੁਤਾਬਕ ਗ੍ਰਨੇਡ ਵਾਹਨ ਦੇ ਫਰਸ਼ ’ਤੇ ਡਿੱਗਣ ਤੋਂ ਪਹਿਲਾਂ ਹੀ ਫਟ ਗਿਆ। ਇਹ ਵੀ ਦੱਸਿਆ ਗਿਆ ਹੈ ਕਿ ਹਮਲਾਵਰ ਮੋਟਰਸਾਈਕਲ ’ਤੇ ਸਵਾਰ ਸਨ। ਪਿਛਲੇ ਦਿਨੀਂ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਜਰਾਂਵਾਲਾ ਜ਼ਿਲ੍ਹੇ ’ਚ ਇਕ ਸਿਲੰਡਰ ’ਚ ਧਮਾਕਾ ਹੋ ਗਿਆ ਸੀ। ਕੈਂਟ ਥਾਣੇ ਦੇ ਸ਼ਾਹ ਕੋਟ ਇਲਾਕੇ ਕੋਲ ਗੁਜਰਾਂਵਾਲਾ ’ਚ ਇਕ ਯਾਤਰੀ ਵੈਨ ’ਚ ਹੋਏ ਸਿਲੰਡਰ ਧਮਾਕੇ ’ਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ ਸਨ। ਨਾਲ ਹੀ ਪਾਕਿਸਤਾਨ ਦੇ ਅਸ਼ਾਂਤ ਦੱਖਣ-ਪੱਛਮੀ ਬਲੂਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ’ਚ ਵੀ ਇਕ ਲਗਜ਼ਰੀ ਹੋਟਲ ਨੇੜੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਸ਼ਕਤੀਸ਼ਾਲੀ ਧਮਾਕਾ ਕੀਤਾ ਗਿਆ ਸੀ। ਇਸ ਵਿਚ ਦੋ ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ ਸਨ।

Comment here