ਅਪਰਾਧਸਿਆਸਤਖਬਰਾਂ

ਅਜਨਾਲਾ ਝੜਪ : ਡੀਪੀਪੀ ਬੋਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਉਣਾ ਬੁਜ਼ਦਿਲੀ

ਚੰਡੀਗੜ੍ਹ-ਅਜਨਾਲਾ ਦੇ ਥਾਣੇ ਵਿੱਚ ਵਾਪਰੀ ਝੜਪ ਦੀ ਘਟਨਾ ਨੂੰ ਲੈ ਕੇ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਇਸ ਮਾਮਲੇ ਵਿੱਚ ਸਖ਼ਤ ਐਕਸ਼ਨ ਲੈਣ ਦੀ ਗੱਲ ਕਹੀ ਹੈ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਡੀ.ਜੀ.ਪੀ. ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਸ਼ਾਂਤੀ ਪੂਰਵਰਕ ਪ੍ਰਦਰਸ਼ਨ ਕਰਨ ਦੀ ਗੱਲ ਕਹੀ ਗਈ ਸੀ, ਪਰ ਬਾਅਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿੱਚ ਹਿੰਸਕ ਕਾਰਵਾਈ ਕੀਤੀ ਗਈ ਸੀ। ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਪੁਲਿਸ ਨੇ ਪੂਰੀ ਸੂਝ ਬੂਝ ਤੋਂ ਕੰਮ ਲਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਮਰਿਆਦਾ ਕਾਇਮ ਰੱਖੀ। ਇਸ ਦੇ ਨਾਲ ਹੀ ਪੁਲਿਸ ਮੁਖੀ ਨੇ ਕਿਹਾ ਕਿ ਇਸ ਝੜਪ ਦੌਰਾਨ 6 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੇ ਬਿਆਨ ਦਰਜ ਕਰ ਕੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਡੀ.ਜੀ.ਪੀ. ਨੇ ਕਿਹਾ ਕਿ ਪੁਲਿਸ ਦੇ ਵੱਲੋਂ ਇਸ ਘਟਨਾ ਦੀ ਵੀਡੀਓਜ਼ ਵੀ ਦੇਖੀਆਂ ਜਾ ਰਹੀਆਂ ਹਨ ਜਿਨ੍ਹਾਂ ਤੋਂ ਮੁਲਜ਼ਮਾਂ ਦੀ ਸ਼ਨਾਖਤ ਕੀਤੀ ਜਾਵੇਗੀ।ਇਹ ਕਾਇਰਤਾ ਪੂਰਨ ਕਦਮ ਹੈ ਕਿ ਪਾਲਕੀ ਸਾਹਿਬ ਦੀ ਆੜ ਵਿੱਚ ਪੁਲਿਸ ’ਤੇ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਤਾਕਤਾਂ ਨੂੰ ਪੰਜਾਬ ਨੂੰ ਢਾਹ ਲਗਾਉਣਾ ਚਾਹੁੰਦੀਆਂ ਹਨ। ਪੰਜਾਬ ਪੁਲਿਸ ਨੇ ਸ਼ਾਂਤੀ ਬਣਾਈ ਰੱਖੀ ਹੈ ਅਤੇ ਅੱਗੇ ਵੀ ਬਣਾਈ ਰੱਖੀ ਜਾਵੇਗੀ। ਇਸ ਦੇ ਨਾਲ ਹੀ ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਨੇ ਅੱਤਵਾਦ ਦਾ ਬਹੁਤ ਮਾੜਾ ਦੌਰ ਦੇਖਿਆ ਹੈ। ਸਮੇਂ-ਸਮੇਂ ’ਤੇ ਪੰਜਾਬ ਨੂੰ ਅੱਗ ਵਿਚ ਧੱਕਣ ਦੀ ਕੋਸ਼ਿਸ਼ ਹੁੰਦੀ ਰਹੀ ਹੈ ਪਰ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਚਾਹੀਦੀ ਹੈ।

Comment here