ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਜਤਾਇਆ ਖਦਸ਼ਾ
ਕਾਬੁਲ- ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕੰਟਰੋਲ ਮਗਰੋਂ ਵਿਗੜੇ ਹਾਲਾਤਾਂ ਕਾਰਨ ਲੋਕ ਜਾਨ ਬਚਾਉਣ ਲਈ ਜਿਥੇ ਵੀ ਕਿਤੇ ਠਾਹਰ ਮਿਲੇ, ਓਥੇ ਜਾਣ ਲਈ ਹਫੜਾ ਦਫੜੀ ਦਾ ਸ਼ਿਕਾਰ ਹੋ ਰਹੇ ਹਨ। ਦੇਸ਼ ਦੇ ਮਾੜੇ ਹਾਲਾਤ ਦੇ ਕਾਰਨ ਅਫ਼ਗਾਨ ਦੇ ਆਮ ਨਾਗਰਿਕ ਆਪਣਾ ਦੇਸ਼ ਛੱਡਣ ਲਈ ਸੰਘਰਸ਼ ਕਰ ਰਹੇ ਹਨ। ਇਸ ਦਰਮਿਆਨ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਕਿਹਾ ਹੈ ਕਿ ਮੌਜੂਦਾ ਸਥਿਤੀ ਦੇ ਕਾਰਨ ਅਗਲੇ ਚਾਰ ਮਹੀਨਿਆਂ ਵਿਚ ਪੰਜ ਲੱਖ ਤੋਂ ਜ਼ਿਆਦਾ ਅਫ਼ਗਾਨ ਨਾਗਰਿਕ ਅਫ਼ਗਾਨਿਸਤਾਨ ਛੱਡ ਦੇਣਗੇ। ਯੂਐਨਐਚਸੀਆਰ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਤਾਲਿਬਾਨ ਨੇ 15 ਅਗਸਤ ਨੂੰ ਦੇਸ਼ ਉੱਤੇ ਕਬਜ਼ਾ ਕਰਨ ਤੋਂ ਬਾਅਦ ਅਜੇ ਤਕ ਵੱਡੇ ਪੱਧਰ ‘ਤੇ ਹਿਜਰਤ ਨਹੀਂ ਕੀਤਾ ਹੈ, ਪਰ ਇਥੇ ਰਾਜਨੀਤਿਕ ਅਨਿਸ਼ਚਿਤਤਾ ਦੀ ਸਥਿਤੀ ਦੇ ਕਾਰਨ ਹੁਣ ਇਕ ਵੱਡੇ ਪੱਧਰ ‘ਤੇ ਅਫ਼ਗਾਨ ਨਾਗਰਿਕ ਹਿਜਰਤ ਕਰਨਗੇ। ਯੂਐਨਐਚਸੀਆਰ ਦੀ ਡਿਪਟੀ ਹਾਈ ਕਮਿਸ਼ਨਰ ਕੈਲੀ ਟੀ. ਕਲੇਮੈਂਟਸ ਨੇ ਕਿਹਾ ਕਿ ਜਿੰਨਾ ਸਮਝਿਆ ਜਾ ਰਿਹਾ ਹੈ ਉਸ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਹਿਜਰਤ ਹੋਵੇਗਾ। ਉਨ੍ਹਾਂ ਨੇ ਗੁਆਂਢੀ ਦੇਸ਼ਾਂ ਨੂੰ ਇਨ੍ਹਾਂ ਦੁਖੀ ਨਾਗਰਿਕਾਂ ਦੀ ਸਹਾਇਤਾ ਲਈ ਆਪਣੀਆਂ ਸਰਹੱਦਾਂ ਖੁੱਲ੍ਹੀਆਂ ਰੱਖਣ ਲਈ ਕਿਹਾ ਹੈ। ਅਫ਼ਗਾਨਿਸਤਾਨ ਵਿਚ ਭੁੱਖਮਰੀ ਦੀ ਸਥਿਤੀ ਵੀ ਬਣ ਰਹੀ ਹੈ। ਸਥਿਤੀ ਇੰਨੀ ਖ਼ਰਾਬ ਹੈ ਕਿ ਡਬਲਯੂਐਫਪੀ ਨੇ ਸੰਯੁਕਤ ਰਾਸ਼ਟਰ ਤੋਂ 1.2 ਮਿਲੀਅਨ ਡਾਲਰ (ਲਗਪਗ 90 ਕਰੋੜ ਰੁਪਏ) ਦੀ ਤੁਰੰਤ ਸਹਾਇਤਾ ਮੰਗੀ ਹੈ, ਜਿਸ ਨਾਲ ਭੁੱਖਿਆਂ ਨੂੰ ਭੋਜਨ ਖਵਾਇਆ ਜਾ ਸਕੇ। ਬਹੁਤ ਸਾਰੇ ਅਫ਼ਗਾਨ ਨਾਗਰਿਕਾਂ ਦਾ ਕਹਿਣਾ ਹੈ ਕਿ ਉਹ ਰਾਜਨੀਤਿਕ ਅਨਿਸ਼ਚਿਤਤਾ, ਬੇਰੁਜ਼ਗਾਰੀ ਅਤੇ ਅਸੁਰੱਖਿਆ ਦੇ ਕਾਰਨ ਆਪਣਾ ਦੇਸ਼ ਛੱਡਣ ਲਈ ਮਜਬੂਰ ਹਨ।
Comment here