ਸਿਆਸਤਖਬਰਾਂਚਲੰਤ ਮਾਮਲੇ

ਅਕਾਲ ਤਖ਼ਤ ’ਤੇ 47 ਵੰਡ ਵੇਲੇ ਮਰਨ ਵਾਲੇ 10 ਲੱਖ ਪੰਜਾਬੀਆਂ ਨੂੰ ਸ਼ਰਧਾਂਜਲੀ

 ਹਿੰਦ-ਪਾਕਿ ਮਿੱਤਰਤਾ ਦੀਆਂ ਹਾਮੀ ਜਥੇਬੰਦੀਆਂ ਨੇ ਕੀਤਾ ਸਵਾਗਤ
ਅੰਮ੍ਰਿਤਸਰ-ਦੇਸ਼ ਵੰਡ ਵੇਲੇ 1947 ਵਿੱਚ ਮਾਰੇ ਗਏ ਦਸ ਲੱਖ ਪੰਜਾਬੀਆਂ ਦੀ ਯਾਦ ਵਿੱਚ ਇਸ ਵਾਰ 16 ਅਗਸਤ ਨੂੰ ਅਕਾਲ ਤਖ਼ਤ ’ਤੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ।ਇਸ ਸਬੰਧ ਵਿਚ ਅਕਾਲ ਤਖ਼ਤ ਵਿਖੇ 14 ਅਗਸਤ ਨੂੰ ਅਖੰਡ ਪਾਠ ਰੱਖੇ ਜਾਣਗੇ। ਦੇਸ਼ ਵੰਡ ਤੋਂ ਬਾਅਦ 75 ਸਾਲਾਂ ਬਾਅਦ ਇਹ ਪਹਿਲੀ ਵਾਰ ਹੈ ਕਿ ਦੇਸ਼ ਵੰਡ ਵੇਲੇ ਮਾਰੇ ਗਏ ਦਸ ਲੱਖ ਪੰਜਾਬੀਆਂ ਨੂੰ ਅਕਾਲ ਤਖ਼ਤ ਵਿਖੇ ਯਾਦ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਵੀ ਜਾਰੀ ਕੀਤਾ ਗਿਆ ਹੈ। ਆਪਣੇ ਸੰਦੇਸ਼ ਵਿੱਚ ਉਨ੍ਹਾਂ ਨੇ ਵੰਡ ਵੇਲੇ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਇਸ ਮੌਕੇ ਅਕਾਲ ਤਖ਼ਤ ਵਿਖੇ ਪੁੱਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਵੰਡ ਵੇਲੇ ਦੇ ਪੀੜਤ ਹਿੰਦੂ ਪਰਿਵਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਸਬੰਧ ਵਿਚ ਆਪਣੇ ਧਰਮ ਅਸਥਾਨਾਂ ’ਤੇ ਵਿਛੜੀਆਂ ਰੂਹਾਂ ਨਮਿਤ ਪ੍ਰਾਰਥਨਾ ਕਰਨ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਇਸ ਅਪੀਲ  ਦਾ ਸਵਾਗਤ ਕਰਦੇ ਹੋਏ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਜਨ: ਸਕੱਤਰ ਸਤੀਸ਼ ਝੀਂਗਣ, ਵਿੱਤ ਸਕੱਤਰ ਹਰਜੀਤ ਸਰਕਾਰੀਆ, ਕਮਲ ਗਿੱਲ, ਹਰਜਿੰਦਰ ਕੌਰ ਕੰਗ, ਕਰਮਜੀਤ ਕੌਰ ਜੱਸਲ, ਹਿੰਦ-ਪਾਕਿ ਦੋਸਤੀ ਮੰਚ ਦੇ ਪ੍ਰਧਾਨ ਸਈਦਾ ਹਮੀਦ, ਜਨ: ਸਕੱਤਰ ਸਤਨਾਮ ਮਾਣਕ, ਪ੍ਰਗਤੀਸ਼ੀਲ ਲੇਖਕ ਸੰਘ ਕੁਲ ਹਿੰਦ ਦੇ ਜਨ: ਸਕੱਤਰ ਡਾ: ਸੁਖਦੇਵ ਸਿੰਘ ਸਿਰਸਾ, ਪੰਜਾਬ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਸੁਰਜੀਤ ਸਿੰਘ ਜੱਜ ਨੇ ਕਿਹਾ ਕਿ ਫੋਕਲੋਰ ਰਿਸਰਚ ਅਕਾਦਮੀ ਅਤੇ ਹੋਰ ਹਮ ਖ਼ਿਆਲੀ ਜਥੇਬੰਦੀਆਂ ਵਲੋਂ ਪਿਛਲੇ 26 ਸਾਲਾਂ ਤੋਂ ਲਗਾਤਾਰ ਵਾਹਗਾ ਸਰਹੱਦ ਨੇੜੇ ਉਸਾਰੀ 10 ਲੱਖ ਪੰਜਾਬੀਆਂ ਦੀ ਯਾਦਗਾਰ ਨੂੰ ਸਮਰਪਿਤ ਯਾਦਗਾਰ ‘ਤੇ ਸ਼ਰਧਾ ਦੇ ਫ਼ੁਲ ਭੇਟ ਕਰਕੇ ਅਤੇ ਮੋਮਬਤੀਆਂ ਜਗਾ ਕੇ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਜਥੇਦਾਰ ਅਕਾਲ ਤਖਤ ਸਾਹਿਬ ਦਾ ਇਹ ਵਿਚਾਰ ਮਹਾਨ ਤੇ ਮਨੁੱਖਤਾ ਪਖੀ ਹੈ। ਅਸੀਂ ਇਸ ਦਾ ਸਵਾਗਤ ਕਰਦੇ ਹਾਂ।

Comment here