ਅਪਰਾਧਸਿਆਸਤਖਬਰਾਂ

ਅਕਾਲ ਤਖਤ ਦੇ ਜਥੇਦਾਰ ਨੇ ਸਿੱਖਾਂ ਨੂੰ ਲਸੰਸੀ ਹਥਿਆਰ ਰੱਖਣ ਲਈ ਕਿਹਾ

ਸਿਆਸੀ ਮਘੀ, ਜਥੇਦਾਰ ਦੇ ਸੱਦੇ ਦੀ ਅਲੋਚਨਾ

ਅੰਮ੍ਰਿਤਸਰ-ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਨੂੰ ਸਮਰਪਤ ਸੁੰਦਰ ਜਲੋਅ ਸਜਾਏ ਗਏ। ਦੇਸ਼ ਵਿਦੇਸ਼ ਦੀਆਂ ਸੰਗਤਾਂ ਪਰਿਵਾਰਾਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ। ਰਹਿਰਾਸ ਸਾਹਿਬ ਦੇ ਪਾਠ ਉਪਰੰਤ ਆਤਿਸ਼ਬਾਜ਼ੀ ਚਲਾਈ ਜਾਵੇਗੀ। ਗੁਰਦੁਆਰਾ ਸ੍ਰੀ ਕੌਲਸਰ ਸਾਹਿਬ ਵਿਖੇ ਦੇਰ ਸ਼ਾਮ ਤੋਂ ਦੇਰ ਰਾਤ ਤਕ ਧਾਰਮਿਕ ਦੀਵਾਨ ਸਜਾਏ ਜਾਣਗੇ।

ਅੱਜ ਦੇ ਇਸ ਮੌਕੇ  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੀਰੀ ਪੀਰੀ ਦੇ ਮਾਲਕ ਨੇ ਸਿੱਖਾਂ ਨੂੰ ਹਮੇਸ਼ਾਂ ਹੀ ਜੁਲਮ ਦੀ ਰੱਖਿਆ ਲਈ ਸਮੇਂ ਦੇ ਹਾਣੀ ਬਣਨ ਲਈ ਤਿਆਰ ਬਰ ਤਿਆਰ ਰਹਿਣ ਦੀ ਸਿੱਖਿਆ ਦਿੱਤੀ ਸੀ। ਜਥੇਦਾਰ ਨੇ ਕਿਹਾ ਕਿ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲ ਸ਼ਾਸ਼ਕਾਂ ਵੱਲੋਂ ਕੀਤੇ ਜਾਂਦੇ ਜ਼ੁਲਮਾਂ ਦੇ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਮੀਰੀ ਪੀਰੀ ਦੇ ਮਾਲਕ ਨੇ ਸਿੱਖਾਂ ਨੂੰ ਘੋੜ ਸਵਾਰੀ, ਸ਼ਸਤਰ ਵਿੱਦਿਆ ਆਦਿ ਦੀ ਵੀ ਸਿਖਲਾਈ ਲੈ ਕੇ ਤਿਆਰ ਬਰ ਤਿਆਰ ਰਹਿਣ ਲਈ ਕਿਹਾ। ਜਥੇਦਾਰ ਨੇ ਕਿਹਾ ਕਿ ਹੁਣ ਹਰ ਸਿੱਖ ਨੂੰ ਸਮੇਂ ਦੇ ਹਾਣੀ ਬਣਨਾ ਚਾਹੀਦਾ ਹੈ ਅਤੇ ਜਿੱਥੇ ਤਲਵਾਰਬਾਜ਼ੀ, ਸ਼ਸਤਰ ਵਿੱਦਿਆ ਦੇ ਗੁਰ ਸਿੱਖਣ ਦੀ ਲੋੜ ਹੈ, ਉੱਥੇ ਹੀ ਅੱਜ ਸਮੇਂ ਦੇ ਹਾਣੀ ਹੁੰਦੇ ਹੋਏ ਹਰ ਸਿੱਖ ਲਾਇਸੰਸ ਵਾਲਾ ਹਥਿਆਰ ਕਾਨੂੰਨੀ ਤੌਰ ਤੇ ਆਪਣੇ ਨਾਲ ਰੱਖੇ। ਜਥੇਦਾਰ ਨੇ ਕਿਹਾ ਕਿ ਆਉਣ ਵਾਲਾ ਸਮਾਂ ਬਹੁਤ ਹੀ ਮਾੜਾ ਹੈ, ਉਨ੍ਹਾਂ ਕਿਹਾ ਕਿ ਹਰ ਸਿੱਖ ਤੰਦਰੁਸਤ ਰਹੇ ਅਤੇ ਨਸ਼ਿਆਂ ਤੋਂ ਰਹਿਤ ਰਹੇ ਕਿਉਂਕਿ ਨਸ਼ਿਆਂ ਦੀ ਅਲਾਮਤ ਨਾਲ ਨੌਜਵਾਨੀ ਦਾ ਬਹੁਤ ਘਾਣ ਹੋ ਚੁੱਕਿਆ ਹੈ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੇ ਦਿੱਤੇ ਬਿਆਨ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਮਾਣਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਤੁਹਾਡਾ ਹਥਿਆਰਾਂ ਵਾਲਾ ਬਿਆਨ ਸੁਣਿਆ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਜੀ ਤੁਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਨੂੰ ਘਰ-ਘਰ ਪਹੁੰਚਾਉਣ ਦਾ ਸੰਦੇਸ਼ ਦਿਓ ਨਾ ਕਿ ਹਥਿਆਰ ਰੱਖਣ ਦਾ। ਮਾਨ ਨੇ ਕਿਹਾ ਕਿ ਜਥੇਦਾਰ ਸਾਹਿਬ ਆਪਾਂ ਪੰਜਾਬ ’ਚ ਸ਼ਾਂਤੀ, ਭਾਈਚਾਰੇ ਅਤੇ ਮਾਡਰਨ ਤਰੱਕੀ ਦੇ ਸੁਨੇਹੇ ਦੇਣੇ ਹਨ, ਨਾ ਕਿ ਮਾਡਰਨ ਹਥਿਆਰਾਂ ਦੇ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਵਾਲ ਉਠਾਇਆ ਹੈ। ਉਹਨਾਂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਸਤਿਕਾਰ ਸਹਿਤ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਿੱਖ ਨੌਜਵਾਨਾਂ ਨੂੰ ਲਾਇਸੈਂਸੀ ਆਧੁਨਿਕ ਹਥਿਆਰ ਲੈਣ ਦੀ ਲੋੜ ਕਿਉਂ ਹੈ? ਸਿੱਖ ਭਾਈਚਾਰੇ ਵਿੱਚ ਉਨ੍ਹਾਂ ਦੀ ਸਭ ਤੋਂ ਉੱਚੀ ਅਸਥਾਈ ਪੱਦਵੀ ਦੇ ਮੱਦੇਨਜ਼ਰ, ਉਨ੍ਹਾਂ ਵੱਲੋਂ ਆਧੁਨਿਕ ਹਥਿਆਰ ਰੱਖਣ ਲਈ ਸੱਦਾ ਦੇਣਾ ਸਿੱਖ ਭਾਈਚਾਰੇ ਲਈ ਕਿਸੇ ਖਾਸ ਖਤਰੇ ਬਾਰੇ ਚਿੰਤਾ ਪੈਦਾ ਕਰਦਾ ਹੈ।
ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਹੈ ਕਿ ਜਥੇਦਾਰ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਗਰੇਵਾਲ ਨੇ ਆਖਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਉਨ੍ਹਾਂ ਨੂੰ ਆਪਣੇ ਬਿਆਨਾਂ ਉਤੇ ਗੌਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਬਾਦਲ ਪਰਿਵਾਰ ਬਾਰੇ ਸੋਚਦੇ ਹਨ ਕਿਉਂਕਿ ਉਹ ਸਿਆਸਤ ਵਿਚੋਂ ਬਾਹਰ ਹੋ ਰਹੇ ਹਨ।
ਰਾਸ਼ਟਰੀ ਹਿੰਦੂ ਪਰਿਸ਼ਦ ਦੇ ਪ੍ਰਧਾਨ ਵਿਜੈ ਭਾਰਦਵਾਜ ਨੇ ਜਥੇਦਾਰ ਦੇ ਬਿਆਨ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਵਾਲੀ ਸਰਵਉੱਚ ਸੰਸਥਾ ਦੇ ਮੁਖੀ ਹਨ। ਉਹ ਸਿੱਖ ਕੌਮ ਲਈ ਬਿਆਨ ਦੇ ਸਕਦੇ ਹਨ। ਪਰ ਇਸਦੇ ਨਾਲ ਵਿਜੈ ਭਾਰਤਵਾਜ ਨੇ ਵੀ ਹਿੰਦੂ ਭਾਈਚਾਰੇ ਨੂੰ ਵੀ ਆਪਣੇ ਘਰ ਲਾਇੰਸਸੀ ਹਥਿਆਰ ਰੱਖਣ ਦੀ ਅਪੀਲ ਕੀਤੀ ਹੈ।

Comment here