ਚੰਡੀਗੜ੍ਹ-ਪੰਜਾਬ ’ਚ ਨਸ਼ਿਆਂ ਖ਼ਿਲਾਫ਼ ਕੱਢੀ ਜਾ ਰਹੀ ਯਾਤਰਾ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜਦੋਂ ਪੰਜਾਬ ’ਚ ਨਸ਼ਿਆਂ ਦੀ ਸਮੱਸਿਆ ਸ਼ੁਰੂ ਹੋਈ ਸੀ, ਉਦੋਂ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ, ਉਦੋਂ ਅਮਿਤ ਸ਼ਾਹ ਨੇ ਨਸ਼ਿਆਂ ਖ਼ਿਲਾਫ਼ ਯਾਤਰਾ ਕਿਉਂ ਨਹੀਂ ਕੱਢੀ। ਜਦੋਂ ਨਸ਼ਿਆਂ ਦੇ ਮਾਮਲਿਆਂ ‘ਚ ਵੱਡੇ-ਵੱਡੇ ਸਿਆਸਤਦਾਨਾਂ ਦੇ ਨਾਂ ਆਏ, ਵੱਡੇ-ਵੱਡੇ ਤਸਕਰਾਂ ਨੇ ਸਿਆਸੀ ਆਗੂਆਂ ਦੇ ਨਾਂ ਲਏ ਕਿ ਅਸੀਂ ਇਨ੍ਹਾਂ ਲਈ ਕੰਮ ਕਰਦੇ ਹਾਂ, ਉਦੋਂ ਯਾਤਰਾ ਕਿਉਂ ਨਹੀਂ ਕੱਢੀ ਗਈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਮਿਤ ਸ਼ਾਹ ਦੀ ਇਹ ਪੰਜਾਬ ਯਾਤਰਾ ਸਿਆਸੀ ਹੈ। ਅਕਾਲੀਆਂ ਵੇਲੇ ਇਹ ਕਿੱਥੇ ਸਨ? ਉਨ੍ਹਾਂ ਕਿਹਾ ਕਿ ਪੰਜਾਬ ‘ਚ ਸ਼ਾਂਤੀ ਲਈ ਕੋਈ ਯਾਤਰੀ ਕੱਢੇ, ਮੈਨੂੰ ਕੋਈ ਸਮੱਸਿਆ ਨਹੀਂ ਹੈ ਪਰ ਜੇਕਰ ਗ੍ਰਹਿ ਮੰਤਰੀ ਨੇ ਵੀ ਡਰੱਗਜ਼ ਖ਼ਿਲਾਫ਼ ਯਾਤਰਾ ਹੀ ਕੱਢਣੀ ਹੈ ਤਾਂ ਇਸ ਨਾਲ ਤਾਂ ਤਸਕਰਾਂ ਦੇ ਹੌਸਲੇ ਹੀ ਵਧਣੇ ਹਨ। ਗ੍ਰਹਿ ਮੰਤਰੀ ਦਾ ਕੰਮ ਆਰਡਰ ਦੇਣਾ ਹੈ ਕਿ ਸਰਹੱਦ ਪਾਰੋਂ ਨਸ਼ਾ ਨਾ ਆਵੇ। ਇਹ ਪੁੱਛਣ ’ਤੇ ਕੀ ਤੁਹਾਡੀ ਸਰਕਾਰ ਨੂੰ ਇਕ ਸਾਲ ਹੋ ਚੁੱਕਾ ਹੈ, ਤੁਸੀਂ ਨਸ਼ਿਆਂ ਨਾਲ ਨਜਿੱਠਣ ਲਈ ਕੀ ਯੋਜਨਾਵਾਂ ਬਣਾਈਆਂ ਹਨ ਤਾਂ ਇਸ ’ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਸਭ ਤੋਂ ਹੇਠਲੇ ਪੱਧਰ ’ਤੇ ਕੰਮ ਕਰ ਰਹੇ ਹਾਂ। ਪਹਿਲਾਂ ਪਿੰਡ, ਫਿਰ ਜ਼ਿਲ੍ਹਾ ਅਤੇ ਫਿਰ ਸੂਬਾ ਪੱਧਰ ’ਤੇ ਨਸ਼ਾ ਤਸਕਰਾਂ ਨੂੰ ਫੜਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਭਾਜਪਾ ਵੱਲੋਂ ਪੰਜਾਬ ਦੇ 13 ਸੰਸਦੀ ਹਲਕਿਆਂ ਵਿੱਚ ਨਸ਼ਾ ਮੁਕਤੀ ਯਾਤਰਾ ਕੱਢਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਹ ਯਾਤਰਾ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਹੋ ਕੇ ਲੰਘੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਅਗਲੇ ਮਹੀਨੇ ਅੰਮ੍ਰਿਤਸਰ ਦਾ ਦੌਰਾ ਕਰਨ ਵਾਲੇ ਹਨ, ਜਿੱਥੋਂ ਉਹ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ।
ਅਕਾਲੀ-ਭਾਜਪਾ ਸਰਕਾਰ ਸਮੇਂ ਅਮਿਤ ਸ਼ਾਹ ਨੇ ਨਸ਼ਿਆਂ ਖ਼ਿਲਾਫ਼ ਯਾਤਰਾ ਕਿਉਂ ਨਹੀਂ ਕੱਢੀ-ਮਾਨ

Comment here