ਸਿਆਸਤਖਬਰਾਂ

ਅਕਾਲੀ ਦਲ ਵਲੋਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਵਿਸ਼ਾਲ ਪੰਥਕ ਇਕੱਠ

ਕਿਹਾ-ਸਰਕਾਰੀ ਕਠਪੁਤਲੀਆਂ ਨੂੰ ਮਸੰਦਾਂ ਵਜੋਂ ਸਥਾਪਿਤ ਕਰਨ ਦੀ ਸਾਜ਼ਿਸ਼ : ਪ੍ਰਕਾਸ਼ ਸਿੰਘ ਬਾਦਲ
ਕਾਂਗਰਸ ਨੇ ਬੇਅਦਬੀ ’ਤੇ ਸਿਰਫ ਰਾਜਨੀਤੀ ਕੀਤੀ, ਦੋਸ਼ੀਆਂ ਨੂੰ ਫੜਨ ਲਈ ਕੁਝ ਵੀ ਨਹੀਂ ਕੀਤਾ—ਸੁਖਬੀਰ
ਸਿੱਖ ਕੌਮ ਧਾਰਮਿਕ ਮਾਮਲਿਆਂ ’ਚ ਦਖਲ ਬਰਦਾਸ਼ਤ ਨਹੀਂ ਕਰੇਗੀ—ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ-ਸ੍ਰੀ ਹਰਿਮੰਦਿਰ ਸਾਹਿਬ ਕੰਪਲੈਕਸ ’ਚ ਮੰਜੀ ਸਾਹਿਬ ਦੀਵਾਨ ਹਾਲ ਵਿਚ ਵਿਸ਼ਾਲ ਪੰਥਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਸਰਕਾਰੀ ਕਠਪੁਤਲੀਆਂ ਨੂੰ ਨਵੇਂ ਮਸੰਦਾਂ ਵਜੋਂ ਸਥਾਪਿਤ ਕਰਨ ਦੀਆਂ ਖਤਰਨਾਕ ਸਾਜ਼ਿਸ਼ਾਂ ਵਿਰੁੱਧ ਚਿਤਾਵਨੀ ਦਿੱਤੀ। ਇਹ ਇਕੱਠ ਸ੍ਰੀ ਹਰਿਮੰਦਿਰ ਸਾਹਿਬ ਦੇ ਅੰਦਰ ਬੇਅਦਬੀ ਕਰਨ ਦੇ ਕੀਤੇ ਗਏ ਯਤਨ ਸਮੇਤ ਬੇਅਦਬੀ ਦੀਆਂ ਪੀੜਾਦਾਇਕ ਘਟਨਾਵਾਂ ਖ਼ਿਲਾਫ ਰੋਸ ਪ੍ਰਗਟ ਕਰਨ ਲਈ ਕੀਤਾ ਗਿਆ ਸੀ। ਬਾਦਲ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਫਿਰਕੂ ਧਰੁਵੀਕਰਨ ਨਾਲ ਪੰਜਾਬ ਨੂੰ ਮੁੜ ਅੱਗ ਦੀ ਭੱਠੀ ’ਚ ਝੋਕਣ ਦੀ ਖਤਰਨਾਕ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤ ਮੁਸ਼ਕਿਲ ਨਾਲ ਬਣੀ ਅਮਨ ਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਮਾਹੌਲ ਨੂੰ ਤਾਕਤਾਂ ਲਾਂਬੂ ਲਾਉਣ ਦੇ ਚੱਕਰ ’ਚ ਹਨ। ਇਹ ਤਾਕਤਾਂ ਇਸ ਦਾ ਦੋਸ਼ ਵੀ ਪੰਜਾਬੀਆਂ ਸਿਰ ਮੜ੍ਹਨਗੀਆਂ ਤੇ 1980ਵਿਆਂ ਤੇ 1990ਵਿਆਂ ਨੂੰ ਦੁਹਰਾਅ ਕੇ ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਪੰਥਕ ਇਕੱਠ ਦੌਰਾਨ ਬੇਅਦਬੀ ਦੀਆਂ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਦੀ ਹਾਈਕੋਰਟ ਦੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਏ ਜਾਣ ਦੀ ਮੰਗ ਵੀ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜ ਸਾਲਾਂ ਦੌਰਾਨ ਬੇਅਦਬੀ ਦੇ ਮਾਮਲੇ ’ਤੇ ਸਿਰਫ ਰਾਜਨੀਤੀ ਕੀਤੀ ਤੇ ਇਸ ਘਿਨੌਣੀ ਕਾਰਵਾਈ ਦੇ ਦੋਸ਼ੀਆਂ ਨੂੰ ਫੜਨ ਲਈ ਕੁਝ ਵੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਫਿਰ ਤੋਂ ਪੰਜਾਬ ਦਾ ਸ਼ਾਂਤਮਈ ਮਾਹੌਲ ਖਰਾਬ ਕਰਨ ਤੇ ਕੇਵਲ ਸਿਆਸੀ ਉਦੇਸ਼ਾਂ ਵਾਸਤੇ ਸਮਾਜ ਵਿਚ ਵੰਡੀਆਂ ਪਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ 13 ਸਤੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਤੇ 15 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਫੜਨ ਦੇ ਬਾਵਜੂਦ ਸਰਕਾਰ ਨੇ ਦੋਹਾਂ ਘਟਨਾਵਾਂ ਪਿਛਲੀ ਸਾਜ਼ਿਸ਼ ਬੇਨਕਾਬ ਕਰਨ ਵਾਸਤੇ ਕੱਖ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਿਰ ਸਾਹਿਬ ਅੰਦਰ ਵਾਪਰੀ ਬੇਅਦਬੀ ਦੀ ਘਟਨਾ ਲਈ ਮੁਲਜ਼ਮ ਦੀ ਸ਼ਨਾਖ਼ਤ ਕਰਨ ਦਾ ਹਾਲੇ ਤੱਕ ਕੋਈ ਯਤਨ ਨਹੀਂ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਆਪਣੇ ਧਾਰਮਿਕ ਮਾਮਲਿਆਂ ਵਿਚ ਕੋਈ ਵੀ ਦਖਲ ਬਰਦਾਸ਼ਤ ਨਹੀਂ ਕਰੇਗੀ ਅਤੇ ਉਨ੍ਹਾਂ ਨੇ ਸਿੱਖ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜ਼ਬੂਤ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਅਕਾਲੀ ਦਲ ਆਪਣੇ ਆਪ ਮਜ਼ਬੂਤ ਹੋ ਜਾਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਕੌਮ ਕਦੇ ਵੀ ਸ੍ਰੀ ਸਿਰਸਾ ਤੇ ਉਨ੍ਹਾਂ ਵਰਗੇ ਲੋਕਾਂ ਨੂੰ ਮੁਆਫ ਨਹੀਂ ਕਰੇਗੀ, ਜਿਨ੍ਹਾਂ ਨੇ ਆਪਣੀ ਤਾਕਤ ਤਾਂ ਸਿੱਖ ਧਾਰਮਿਕ ਸੰਸਥਾਵਾਂ ਤੋਂ ਹਾਸਲ ਕੀਤੀ ਤੇ ਫਿਰ ਇਨ੍ਹਾਂ ਦੀ ਪਿੱਠ ਵਿਚ ਛੁਰਾ ਮਾਰਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਸ਼ਾਸਨ ’ਚ ਦਖਲ ਦੇ ਰਹੀ ਹੈ।

Comment here