ਲੰਬੀ: ਚੋਣਾਂ ਦੌਰਾਨ ਹਰ ਇੱਕ ਨੇ ਸਿਆਸੀ ਪਾਰਟੀਆਂ ਨੂੰ ਇੱਕ ਦੂਜੇ ਤੇ ਇਲਜਾਮ ਲਗਾਉਦੇ ਦੇਖਿਆ ਹੋਵੇਗਾ। ਹਰ ਪਾਰਟੀ ਆਪਣੇ ਆਪ ਨੂੰ ਬੇੱਹਤਰ ਦੱਸ ਦੂਜੀ ਪਾਰਟੀ ਤੇ ਇਲਜਾਮ ਲਗਾਉਦੀ ਹੈ। ਬੀਤੇ ਦਿਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਵੱਲੋਂ ਹਲਕਾ ਲੰਬੀ ਤੋਂ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਅਤੇ ਮਲੋਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਡਾ. ਬਲਜੀਤ ਕੌਰ ਦੇ ਹੱਕ ’ਚ ਇਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਇਹ ਰੋਡ ਸ਼ੋਅ ਲੰਬੀ ਤੋਂ ਸ਼ੁਰੂ ਹੋ ਕੇ ਫੁੱਲੂਖੇੜਾ, ਬੁਰਜ ਸਿੱਧਵਾਂ, ਮਲੋਟ ਸ਼ਹਿਰ ਦੇ ਬਾਜ਼ਾਰਾਂ ਅਤੇ ਵਿਰਕ ਖੇੜਾ ਪਿੰਡਾਂ ਵਿਚੋਂ ਲੰਘਿਆ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਲੰਬੀ ਅੰਦਰ ਅੱਜ ਜਿਸ ਤਰ੍ਹਾਂ ਲੰਬੀ ਹਲਕੇ ਦੇ ਲੋਕ ਉਨ੍ਹਾਂ ਦੇ ਰੋਡ ਸ਼ੋਅ ਵਿਚ ਆਏ ਹਨ ਉਸਤੋਂ ਇਹੀ ਲੱਗਦਾ ਹੈ ਕਿ ਬਾਦਲਾਂ ਦਾ ਸਿਆਸੀ ਅੰਤ ਆ ਚੁੱਕਾ ਹੈ। ਉਨ੍ਹਾਂ ਕਿਹਾ ਕਿ 1920 ਵਿਚ ਬਣੇ ਅਕਾਲੀ ਦਲ ਦੀ ਆਖਰੀ ਚੋਣ ਹੈ। ਇਸ ਲਈ ਉਹ ਪ੍ਰਮਾਤਮਾ ਨੂੰ ਅਰਦਾਸ ਕਰਦੇ ਹਨ ਕਿ ਵੱਡੇ ਬਾਦਲ ਦੀ ਲੰਬੀ ਉਮਰ ਹੋਵੇ ਅਤੇ ਉਹ ਆਪਣੇ ਅਕਾਲੀ ਦਲ ਦਾ ਖਾਤਮਾ ਆਪਣੇ ਅੱਖੀਂ ਵੇਖਣਗੇ। ਉਨ੍ਹਾਂ ਕਿਹਾ ਦਾਵਿਆਂ ਉਪਰ ਜੋਰ ਦੇ ਕੇ ਕਿਹਾ ਕਿ ਸਰਕਾਰ ਬਣਨ ’ਤੇ ਸਕੂਲ ਅਤੇ ਹਸਪਤਾਲ ਬਣਾਉਣਗੇ ਅਤੇ ਨਸ਼ੇ ਦੇ ਖਾਤਮੇ ਲਈ ਹਸਪਤਾਲਾਂ ਵਿਚ ਰੀ ਹੈਬ ਕੇਂਦਰ ਬਣਾਏ ਜਾਣਗੇ ਅਤੇ ਨੌਜਵਾਨਾਂ ਨੂੰ ਨੌਕਰੀਆਂ ਦਾ ਪ੍ਰਬੰਧ ਕਰ ਕੇ ਬੇਰੁਜ਼ਗਾਰੀ ਖਤਮ ਕੀਤੀ ਜਾਵੇਗੀ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦਾ ਇਹ ਬਿਆਨ ਕਿ ਕੇਜਰੀਵਾਲ ਪੰਜਾਬ ਦਾ ਪਾਣੀ ਬਾਹਰਲੇ ਰਾਜਾਂ ਨੂੰ ਦੇਵੇਗਾ, ਦੇ ਉਤਰ ਵਿਚ ਭਗਵੰਤ ਮਾਨ ਨੇ ਕਿਹਾ ਕਿ ਉਹ ਖੁਦ ਕੇਜਰੀਵਾਲ ਨੂੰ ਮਿਲਦੇ ਰਹੇ ਹਨ ਉਨ੍ਹਾਂ ਦੀ ਗੱਲ ਨਹੀਂ ਬਣੀ ਤਾਂ ਦੋਸ਼ਾਂ ’ਤੇ ਉਤਰ ਆਏ ਹਨ। ਭਗਵੰਤ ਮਾਨ ਨੇ ਕਾਂਗਰਸ ’ਤੇ ਹਮਲਾ ਕਰਦਿਆਂ ਕਿਹਾ ਕਿ ਜੇ 111 ਦਿਨਾਂ ਦੇ ਰਾਜ ਵਿਚ ਮੁੱਖ ਮੰਤਰੀ ਚੰਨੀ ਨੇ ਇਨਾ ਭ੍ਰਿਸ਼ਟਾਚਾਰ ਕੀਤਾ ਹੈ ਜੇ ਪੰਜ ਸਾਲ ਮਿਲ ਜਾਣ ਤਾਂ ਫਿਰ ਵੇਖੋ ਕੀ ਕਰਦੇ ਹਨ। ਭਗਵੰਤ ਮਾਨ ਨੇ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟ ਪਾਉਣ ਗੱਲ ਕਰਦਿਆਂ ਕਿਹਾ ਕਿ 20 ਫਰਵਰੀ ਨੂੰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿਚ ਆਪਣਾ ਯੋਗਦਾਨ ਪਾਓ।
Comment here