ਸਿਆਸਤਖਬਰਾਂ

ਅਕਾਲੀ ਆਗੂਆਂ ’ਤੇ ਕਿਸਾਨਾਂ ਨੂੰ ਗੱਡੀ ਹੇਠ ਦਰੜਨ ਦੇ ਦੋਸ਼

ਫਾਇਰਿੰਗ ਹੋਣ ਦੀ ਵੀ ਆ ਰਹੀ ਹੈ ਖਬਰ

ਕਾਂਗਰਸੀਆਂ ਨੇ ਕੀਤਾ ਹਮਲਾ-ਸੁਖਬੀਰ

ਅਸੀਂ ਸ਼ਾਂਤੀ ਪਸੰਦ, ਦੋਸ਼ ਝੂਠੇ-ਕਾਂਗਰਸੀ

ਫਿਰੋਜ਼ਪੁਰ-ਚੱਲ ਰਹੇ ਚੋਣ ਵਰੇ ਚ ਪਾਰਟੀ ਦੀਆਂ ਸਰਗਰਮੀਆਂ ਤੇਜ਼ ਕਰਨ ਲਈ ਸਾਰੀਆਂ ਹੀ ਸਿਆਸੀ ਧਿਰਾਂ ਲੋਕਾਂ ਤੱਕ ਪਹੁੰਚ ਕਰਨ ਦੇ ਯਤਨ ਕਰ ਰਹੀਆਂ ਹਨ। ਇਸੇ ਮੁਹਿੰਮ ਤਹਿਤ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਫਿਰੋਜ਼ਪੁਰ ਫੇਰੀ ਦੌਰਾਨ ਕਿਸਾਨ ਜਥੇਬੰਦੀਆਂ ਤੇ ਕਾਂਗਰਸ ਆਗੂਆਂ ਨੇ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤਾ। ਹਰਸਿਮਰਤ ਦਾ ਕਾਫ਼ਲਾ ਜਦ ਸ਼ਹਿਰ ਦੇ ਦੇਵ ਸਮਾਜ ਕਾਲਜ ਨੇੜਿਓਂ ਲੰਘਿਆ ਤਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਵਿਚ ਇਕੱਤਰ ਹੋਏ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵਰਦੇਵ ਸਿੰਘ ਨੋਨੀ ਮਾਨ ਦੀ ਫਾਰਚੂਨਰ ਗੱਡੀ ਰੋਕ ਲਈ। ਕੁਝ ਕਿਸਾਨ ਆਗੂ ਨੋਨੀ ਮਾਨ ਦੀ ਗੱਡੀ ਦੇ ਬੋਨਟ ’ਤੇ ਚੜ੍ਹ ਗਏ ਪਰ ਗੱਡੀ ਚਾਲਕ ਨੇ ਗੱਡੀ ਭਜਾ ਲਈ। ਗੁੱਸੇ ’ਚ ਆਏ ਕਿਸਾਨ ਆਗੂਆਂ ਨੇ ਗੱਡੀ ’ਤੇ ਹਮਲਾ ਕਰ ਦਿੱਤਾ ਤੇ ਗੱਡੀ ਦੇ ਸਾਰੇ ਸ਼ੀਸ਼ੇ ਭੰਨ੍ਹ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਨੋਨੀ ਮਾਨ ਦੇ ਗੰਨਮੈਨਾਂ ਨੇ ਬਚਾਅ ਵਾਸਤੇ ਤਿੰਨ ਹਵਾਈ ਫਾਇਰ ਕੀਤੇ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਇਕ ਵੀਡੀਓ ਚ ਕਿਸਾਨ ਨੋਨੀ ਮਾਨ ਦੀ ਗਡੀ ਦੇ ਮਗਰ ਅਸ਼ਲੀਲ ਗਾਲਾਂ ਕਢਦੇ ਹੋਏ ਭਜਦੇ ਵੀ ਦਿਸੇ ਹਨ, ਨੋਨੀ ਮਾਨ ਦੇ ਗੰਨਮੈਨਾਂ ਦੀਆਂ ਵਰਦੀਆੰ ਵੀ ਪਾੜੀਆਂ ਗਈਆਂ।ਦੂਜੇ ਪਾਸੇ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਨੇ ਦੋਸ਼ ਲਾਇਆ ਕਿ ਉਹ ਤਾਂ ਸ਼ਾਂਤਮਈ ਢੰਗ ਨਾਲ ਅਕਾਲੀ ਆਗੂਆਂ ਦਾ ਵਿਰੋਧ ਕਰ ਰਹੇ ਸਨ ਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੁਝ ਸਵਾਲ ਪੁੱਛਣਾ ਚਾਹੁੰਦੇ ਸਨ, ਗਡੀ ਤੇ ਚੜਨ, ਸ਼ੀਸ਼ੇ ਭੰਨਣ, ਗਾਲਾਂ ਕਢਣ ਵਾਲੀ ਗਲ ਤੋਂ ਇਨਕਾਰ ਕੀਤਾ ਹੈ, ਤੇ ਕਿਹਾ ਕਿ ਸ਼ਾਂਤਮਈ ਵਿਰੋਧ ਕਰਨ ਵਾਲਿਆਂ ਤੇ ਅਕਾਲੀ ਆਗੂਆਂ ਨੇ ਕਿਸਾਨਾਂ ਤੇ ਗੱਡੀ ਚੜ੍ਹਾ ਕੇ ਉਨ੍ਹਾਂ ਨੂੰ ਦਰੜਨ ਦੀ ਕੋਸ਼ਿਸ਼ ਕੀਤੀ, ਅਤੇ ਕਿਸਾਨਾਂ ਉਤੇ ਗੋਲੀਆਂ ਚਲਾਈਆਂ ਤੇ ਗੱਡੀ ਭਜਾ ਕੇ ਫ਼ਰਾਰ ਹੋ ਗਏ।  ਇਕ ਹੋਰ ਖਬਰ ਚ ਦਾਅਵਾ ਕੀਤਾ ਗਿਆ ਹੈ ਕਿ ਅਕਾਲੀ ਆਗੂ ਵਲੋਂ ਗੋਲੀ ਚਲਾਉਣ ਦੀ ਵੀਡੀਓ ਵੀ ਸਾਹਮਣੇ ਆਈ ਹੈ, ਇਕ ਖਬਰ ਚ ਕਿਹਾ ਗਿਆ ਹੈ ਕਿ ਲ਼ੀਕਮਪੁਰ ਖੀਰੀ ਵਾਂਗ ਪੰਜ ਕਿਸਾਨਾਂ ਨੂੰ ਇਥੇ ਅਕਾਲੀਆਂ ਨੇ ਦਰੜ ਦਿਤਾ

ਓਧਰ ਦਿਲੀ ਤੋਂ ਸੰਯੁਕਤ ਕਿਸਾਨ ਮੋਰਚੇ ਨੇ ਵੀ ਫਿਰੋਜ਼ਪੁਰ ਵਿਚ ਵਾਪਰੀ ਘਟਨਾ ਦੀ ਨਿਖੇਧੀ ਕਰਦੇ ਹੋਏ ਇਸ ਦੀ ਤੁਲਣਾ ਲਖੀਮਪੁਰ ਖੀਰੀ ਘਟਨਾ ਨਾਲ ਕੀਤੀ ਹੈ, ਕਿਹਾ ਕਿ  ਫਿਰੋਜ਼ਪੁਰ ਵਿੱਚ ਅਕਾਲੀ ਆਗੂਆਂ ਨੇ ਕਿਸਾਨਾਂ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਵਾਹਨਾਂ ਨਾਲ ਪੰਜ ਕਿਸਾਨਾਂ ਨੂੰ ਕੁਚਲ ਦਿੱਤਾ। ਤੇ ਕਿਸਾਨ ਹਰਨੇਕ ਸਿੰਘ ਮਹਿਮਾ ਨੂੰ ਇੱਕ ਕਿਲੋਮੀਟਰ ਤੋਂ ਵੱਧ ਦੂਰ ਤੱਕ ਵਾਹਨ ਨੇ ਘਸੀਟਿਆ। ਅਕਾਲੀ ਆਗੂਆਂ ਖ਼ਿਲਾਫ਼ ਐਫਆਈਆਰ ਦੀ ਮੰਗ ਕੀਤੀ ਜਾ ਰਹੀ ਹੈ। ਅੱਜ ਵੀ ਰੋਸ ਪਰਦਰਸ਼ਨ ਹੋਣਗੇ।

ਇਸ ਘਟਨਾ ਬਾਰੇ ਟਿਪਣੀ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜੋਗਿੰਦਰ ਜਿੰਦੂ ਅਤੇ ਵਰਦੇਵ ਮਾਨ ’ਤੇ ਹਮਲਾ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਰਵਾਇਆ ਹੈ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਚੰਨੀ ਤੋਂ ਮੰਗ ਕੀਤੀ ਕਿ ਇਸ ਘਟਨਾ ’ਚ ਸ਼ਾਮਿਲ ਸਾਰੇ ਕਾਂਗਰਸੀ ਆਗੂਆਂ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕਰਨ ਦੇ ਹੁਕਮ ਜਾਰੀ ਕਰਨ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਿਊਂਸੀਪਲ ਕੌਂਸਲ ਕਮੇਟੀ ਦੇ ਚੇਅਰਮੈਨ ਰਿੰਕੂ ਗਰੋਵਰ ਸਮੇਤ ਕਾਂਗਰਸੀ ਆਗੂਆਂ ਖ਼ਿਲਾਫ਼ ਕੇਸ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇ। ਓਧਰ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਬਾਦਲ ਵੱਲੋਂ ਲਗਾਏ ਦੋਸ਼ਾਂ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਸ਼ਾਂਤੀ ਪਸੰਦ ਹਨ ਅਤੇ ਸ਼ਾਂਤੀ ਵਿਚ ਹੀ ਵਿਸ਼ਵਾਸ਼ ਰੱਖਦੇ ਹਨ। ਸੰਘਰਸ਼ ਕਰ ਰਹੇ ਕਿਸਾਨਆੰ ਦਾ ਅਧਿਕਾਰ ਹੈ ਕਿ ਉਹ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਸਵਾਲ ਪੁੱਛਣ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਨੂੰ ਜਵਾਬ ਦੇਣ। ਉਨ੍ਹਾਂ ਕਿਹਾ ਕਿ ਇਕ ਅਕਾਲੀ ਆਗੂ ਵੱਲੋਂ ਸਵਾਲ ਕਰਨ ਲਈ ਖੜੇ ਕਿਸਾਨ ’ਤੇ ਆਪਣੀ ਗੱਡੀ ਚੜਾਉਣ ਦੀ ਕੋਸ਼ਿਸ਼ ਕਰਨਾ ਅਤੇ 1 ਕਿਲੋਮੀਟਰ ਤੱਕ ਉਸਨੂੰ ਗੱਡੀ ਦੇ ਨਾਲ ਖਿੱਚਦੇ ਹੋਏ ਲੈ ਜਾਣਾ ਲਖੀਮਪੁਰ ਖੀਰੀ ਘਟਨਾ ਦਾ ਦੂਸਰਾ ਰੂਪ ਹੈ।ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਵੱਲੋਂ ਉਨ੍ਹਾਂ ਦੀ ਲੋਕਪ੍ਰਿਯਤਾ ਨੂੰ ਦੇਖ ਕੇ ਬਾਦਲ ਪਰਿਵਾਰ ਘਬਰਾ ਗਿਆ ਹੈ ਤੇ ਉਨ੍ਹਾਂ ਨੂੰ ਅਤੇ ਕਾਂਗਰਸ ਪਾਰਟੀ ਨੂੰ ਬਦਨਾਮ ਕਰਨ ਲਈ ਝੂਠੇ ਦੋਸ਼ ਲਗਾ ਰਿਹਾ ਹੈ। ਵਰਦੇਵ ਸਿੰਘ ਨੋਨੀ ਮਾਨ ’ਤੇ ਕਿਸੇ ਵੀ ਕਾਂਗਰਸੀ ਨੇ ਗੋਲੀ ਨਹੀ ਚਲਾਈ।

Comment here