ਸਿਆਸਤਖਬਰਾਂ

ਅਈਅਰ ਨੇ ਹਿੰਦੂਤਵੀ ਏਜੰਡੇ ਨੂੰ ਨਕਾਰ ਕੇ ਮੁਗਲ-ਰਾਜ ਦੀ ਕੀਤੀ ਤਾਰੀਫ਼

ਨਵੀਂ ਦਿੱਲੀ-ਹੁਣੇ ਜਿਹੇ ਸੀਨੀਅਰ ਕਾਂਗਰਸੀ ਆਗੂ ਮਨੀਸ਼ੰਕਰ ਅਈਅਰ ਨੇ ਮੁਗਲਾਂ ਅਤੇ ਮੁਸਲਮਾਨਾਂ ਨੂੰ ਲੈ ਕੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ ਮੁਗਲਾਂ ਨੇ ਧਰਮ ਦੇ ਨਾਂਅ ’ਤੇ ਕਦੇ ਜ਼ੁਲਮ ਨਹੀਂ ਕੀਤਾ। ਉਨ੍ਹਾਂ ਇਸ ਦੌਰਾਨ ਭਾਜਪਾ ’ਤੇ ਵੀ ਜੰਮ ਕੇ ਨਿਸ਼ਾਨਾ ਵਿੰਨਿ੍ਹਆ ਅਤੇ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਜਿਨਾਹ ਦੀ ਤਾਰੀਫ਼ ਵੀ ਕੀਤੀ। ਮਨੀਸ਼ੰਕਰ ਅਈਅਰ ਨੇ ਆਪਣੇ ਬਿਆਨ ’ਚ ਕਿਹਾ, ‘‘ਅਸੀਂ (ਕਾਂਗਰਸ) ਅਕਬਰ ਨੂੰ ਆਪਣਾ ਮੰਨਦੇ ਹਾਂ। ਅਸੀਂ ਅਕਬਰ ਨੂੰ ਆਪਣਾ ਮੰਨਦੇ ਹਾਂ, ਇਸ ਲਈ ਅਸੀਂ ਕਦੇ ਉਸ ਦੇ ਨਾਂਅ ਵਾਲੀ ਸੜਕ ਨੂੰ ਮਹਾਰਾਣਾ ਪ੍ਰਤਾਪ ਦੇ ਨਾਂਅ ’ਤੇ ਬਦਲਣ ਦੀ ਗੱਲ ਨਹੀਂ ਕੀਤੀ। ਭਾਰਤ ਉਹ ਦੇਸ਼ ਹੈ ਜਿਥੇ ਮੁਸਲਮਾਨ ਆਏ, ਪਰ ਭਾਰਤ ਮੁਸਲਿਮ ਦੇਸ਼ ਨਹੀਂ ਬਣ ਸਕਿਆ, ਜਦੋਂਕਿ ਦੂਜੇ ਪਾਸੇ ਦੇਖੀਏ ਤਾਂ ਸਾਰੇ ਮੁਸਲਮਾਨ ਦੇਸ਼ ਹਨ। ਮਨੀਸ਼ੰਕਰ ਅਈਅਰ ਨੇ ਕਿਹਾ ਕਿ ਮੁਗਲਾਂ ਨੇ ਕਦੇ ਵੀ ਦੇਸ਼ ਵਿੱਚ ਧਰਮ ਦੇ ਨਾਂਅ ’ਤੇ ਅੱਤਿਆਚਾਰ ਨਹੀਂ ਕੀਤੇ।’’
ਕਾਂਗਰਸ ਆਗੂ ਨੇ ਪੁਰਾਣੀ ਜਨਗਨਣਾ ਦਾ ਹਵਾਲਾ ਦਿੰਦਿਆਂ ਕਿਹਾ ਕਿ 1872 ਵਿੱਚ ਦੇਸ਼ ਅੰਦਰ 72 ਫ਼ੀਸਦੀ ਹਿੰਦੂ ਸਨ ਅਤੇ 24 ਫ਼ੀਸਦੀ ਮੁਸਲਮਾਨ। ਹੁਣ ਵੀ ਇਹ ਗਿਣਤੀ ਉਸ ਤਰ੍ਹਾਂ ਹੀ ਹੈ, ਇਸ ਲਈ ਮੁਸਲਮਾਨਾਂ ’ਤੇ ਜਨਸੰਖਿਆ ਵਧਾਉਣ ਦਾ ਦੋਸ਼ ਪੂਰੀ ਤਰ੍ਹਾਂ ਗਲਤ ਹੈ।
ਮੁਗਲ ਸਾਮਰਾਜ ਦੀ ਜੰਮ ਕੇ ਕੀਤੀ ਤਾਰੀਫ਼
ਮਨੀਸ਼ੰਕਰ ਨੇ ਨਹਿਰੂ ਜੈਯੰਤੀ ’ਤੇ ਇੱਕ ਪ੍ਰੋਗਰਾਮ ਦੌਰਾਨ ਮੁਗਲ ਸਾਮਰਾਜ ਵਿੱਚ ਹੋਏ ਜ਼ੁਲਮਾਂ ਦੀਆਂ ਗੱਲਾਂ ਨੂੰ ਖਾਰਜ ਕੀਤਾ। ਉਨ੍ਹਾਂ ਕਿਹਾ ਕਿ ਮੁਗਲ ਬਾਦਸ਼ਾਹ ਅਕਬਰ ਦੇ ਸਾਮਰਾਜ ਤੋਂ ਲੈ ਕੇ ਦੂਜੇ ਮੁਗਲ ਸ਼ਾਸਕਾਂ ਦੀਆਂ ਉਦਾਹਰਨਾਂ ਦੇ ਕੇ ਦਾਅਵਾ ਕੀਤਾ ਕਿ ਮੁਗਲ ਸਾਮਰਾਜ ਦੌਰਾਨ ਕਦੇ ਜ਼ਬਰਦਸਤੀ ਧਰਮ ਪਰਿਵਤਰਨ ਨਹੀਂ ਹੋਇਆ।
ਭਾਰਤ ਨੂੰ ਆਪਣਾ ਮੰਨਦੇ ਸੀ ਮੁਗਲ’
ਭਾਜਪਾ ਆਗੂ ਨੇ ਕਿਹਾ ਕਿ ਮੁਗਲ ਭਾਰਤ ਨੂੰ ਆਪਣਾ ਮੰਨਦੇ ਸਨ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਅਤੇ ਮੁਗਲਾਂ ਵਿੱਚ ਬਹੁਤ ਵੱਡਾ ਫਰਕ ਸੀ, ਜੋ ਕਿ ਮੁਗਲ ਦੇਸ਼ ਨੂੰ ਆਪਣਾ ਸਮਝਦੇ ਸਨ। ਉਨ੍ਹਾਂ ਬਾਬਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਬਾਬਰ ਨੇ ਆਪਣੇ ਮੁੰਡੇ ਹਮਾਊ ਨੂੰ ਚਿੱਠੀ ਲਿਖੀ ਸੀ, ਜਿਸ ਵਿੱਚ ਹਿੰਦੁਸਤਾਨ ਦੇ ਲੋਕਾਂ ਦੇ ਧਰਮ ਵਿੱਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਾ ਕਰਨ ਦੀ ਗੱਲ ਕਹੀ ਗਈ ਸੀ। ਇਹੀ ਕਾਰਨ ਹੈ ਕਿ ਅਕਬਰ ਦੇ ਸ਼ਾਸਨ ਵਿੱਚ ਧਰਮ ਦੇ ਨਾਂਅ ’ਤੇ ਕੋਈ ਭੇਦਭਾਵ ਨਹੀਂ ਹੁੰਦਾ ਸੀ।
‘ਭਾਜਪਾ ਅਨੁਸਾਰ 80 ਫ਼ੀਸਦੀ ਹਿੰਦੂ ਹੀ ਅਸਲ ਭਾਰਤੀ ਹਨ
ਮਨੀਸ਼ੰਕਰ ਅਈਅਰ ਨੇ ਕਿਹਾ ਕਿ ਭਾਰਤ ਵਿੱਚ ਰਹਿਣ ਵਾਲੇ ਜਿਹੜੇ ਲੋਕ ਹਿੰਦੂ ਧਰਮ ਨੂੰ ਮੰਨਦੇ ਹਨ, ਉਹ ਸਾਰੇ ਦੇਸ਼ ਵਾਸੀਆਂ ਨੂੰ ਭਾਰਤੀ ਮੰਨਦੇ ਹਨ। ਪਰ ਕੁਝ ਲੋਕ ਅਜਿਹੇ ਹਨ ਜੋ ਹੁਣ ਸੱਤਾ ਵਿੱਚ ਹਨ, ਉਹ ਕਹਿੰਦੇ ਹਨ ਕਿ ਇਸ ਦੇਸ਼ ਵਿੱਚ ਸਿਰਫ 80 ਪ੍ਰਤੀਸ਼ਤ ਲੋਕ ਹੀ ਹਿੰਦੂ ਹਨ ਅਤੇ ਉਹੀ ਅਸਲ ਭਾਰਤੀ ਹਨ। ਬਾਕੀ ਸਾਰੇ ਗੈਰ-ਭਾਰਤੀ ਹਨ ਅਤੇ ਸਾਡੇ ਦੇਸ਼ ਵਿੱਚ ਮਹਿਮਾਨ ਬਣ ਕੇ ਰਹਿ ਰਹੇ ਹਨ।
ਜਿਨਾਹ ਦੀ ਕੀਤੀ ਤਾਰੀਫ਼
ਕਾਂਗਰਸੀ ਆਗੂ ਅਈਅਰ ਨੇ ਭਾਜਪਾ ’ਤੇ ਵੀ ਹਮਲਾ ਬੋਲਿਆ, ਉਨ੍ਹਾਂ ਕਿਹਾ, ‘ਇਹ ਕਹਿੰਦੇ ਹਨ ਦੰਗੇ ਹੋਏ, ਕੁੜੀਆਂ ਨਾਲ ਬਲਾਤਕਾਰ ਹੋਇਆ ਅਤੇ ਉਨ੍ਹਾਂ ਨੇ ਸਾਰਿਆਂ ਨੂੰ ਮੁਸਲਮਾਨ ਬਣਾ  ਲਿਆ। ਜੇਕਰ ਮੁਸਲਮਾਨ ਬਣਦੇ ਤਾਂ ਅੰਕੜੇ ਹੋਰ ਹੋਣੇ ਚਾਹੀਦੇ ਸਨ। 72 ਫ਼ੀਸਦੀ ਮੁਸਲਮਾਨ ਅਤੇ 24 ਫ਼ੀਸਦੀ ਹਿੰਦੂ ਹੋਣੇ ਚਾਹੀਦੇ ਸਨ। ਪਰ ਅਸਲੀਅਤ ਕੀ ਸੀ ਕਿ ਇੰਨੇ ਹੀ ਸਨ ਅਤੇ ਇਸ ਲਈ ਵੰਡ ਮੰਗ ਤੋਂ ਪਹਿਲਾਂ ਜਿਨਾਹ ਦੀ ਸਿਰਫ਼ ਇੱਕ ਹੀ ਮੰਗ ਸੀ ਕਿ 30 ਫੀਸਦੀ ਰਾਖਵਾਂਕਰਨ ਕੇਂਦਰੀ ਅਸੈਂਬਲੀ ਵਿੱਚ ਦਿੱਤਾ ਜਾਵੇ। ਉਨ੍ਹਾਂ ਨੇ ਕੋਈ 80 ਜਾਂ 90 ਫ਼ੀਸਦੀ ਨਹੀਂ ਮੰਗਿਆ ਸੀ, ਸਿਰਫ਼ 30 ਫ਼ੀਸਦੀ ਮੰਗਿਆ ਅਤੇ ਇਨ੍ਹਾਂ ਨੇ ਇਨਕਾਰ ਕਰ ਦਿੱਤਾ ਕਿਉਂਕਿ ਇਨ੍ਹਾਂ ਦੀ ਗਿਣਤੀ ਉਸ ਦਿਨ ਸਿਰਫ਼ 26 ਫ਼ੀਸਦੀ ਸੀ।’’

Comment here